ਰਜਵਾਹੇ ’ਚ ਪਾੜ ਪੈਣ ਨਾਲ ਆਲੂਆਂ ਦੀ ਪੰਜ ਏਕੜ ਫ਼ਸਲ ਬਰਬਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭੜਕੇ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਮੁਲਾਜ਼ਮ ਬਣਾਏ ਬੰਦੀ

Five acres of potato crop ruined due to crack in Rajwaha

ਬਰਨਾਲਾ:(ਧਰਮਿੰਦਰ ਸਿੰਘ ਧਾਲੀਵਾਲ) ਤਪਾ ਮੰਡੀ ਨੇੜੇ ਪੈਂਦੇ ਪਿੰਡ ਘੁੜੈਲੀ ਵਿਖੇ ਰਜਵਾਹੇ ਵਿਚ ਪਾੜ ਪੈਣ ਨਾਲ  ਕਿਸਾਨਾਂ ਦੀ 5 ਏਕੜ ਆਲੂਆਂ ਦੀ ਫ਼ਸਲ ਬਰਬਾਦ ਹੋ ਗਈ ਅਤੇ ਕਿਸਾਨਾਂ ਦਾ ਲਗਭਗ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

ਇਸ ਮਗਰੋਂ ਗੁੱਸੇ ਵਿਚ ਆਏ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੂੰ ਬੰਦੀ ਬਣਾ ਲਿਆ। ਰਜਵਾਹੇ ਵਿਚ 20 ਫੁੱਟ ਚੌੜਾ ਪਾੜ ਪੈਣ ਨਾਲ ਆਲੂਆਂ ਦੇ ਖੇਤਾਂ ਵਿਚ ਪਾਣੀ ਭਰ ਗਿਆ। ਭਾਵੇਂ ਕਿ ਕਿਸਾਨਾਂ ਨੇ ਜੇਸੀਬੀ ਮਸ਼ੀਨ ਮੰਗਵਾ ਕੇ ਪਾੜ ਨੂੰ ਬੰਦ ਕਰਵਾ ਦਿੱਤਾ ਪਰ ਉਦੋਂ ਤਕ 5 ਏਕੜ ਆਲੂਆਂ ਦੀ ਫ਼ਸਲ ਬਰਬਾਦ ਹੋ ਚੁੱਕੀ ਸੀ।

ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਕਿਸਾਨਾਂ ਬਲਵਿੰਦਰ ਸਿੰਘ ਅਤੇ ਬੂਟਾ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਉਨ੍ਹਾਂ ਆਖਿਆ ਕਿ ਨਹਿਰੀ ਵਿਭਾਗ ਦੇ ਮੁਲਾਜ਼ਮ ਨੂੰ ਕਈ ਵਾਰ ਇਸ ਬਾਰੇ ਜਾਣੂ ਕਰਵਾਇਆ ਗਿਆ ਪਰ ਉਹਨਾਂ ਨੇ ਇਸ ਵੱਲ ਦਿਆਨ ਨਹੀਂ ਦਿੱਤਾ।

ਇਸ ਮੌਕੇ ਹਾਜ਼ਰ ਹੋਰ ਕਿਸਾਨਾਂ ਨੇ ਆਖਿਆ ਕਿ ਨਹਿਰੀ ਵਿਭਾਗ ਵੱਲੋਂ ਰਜਵਾਹਿਆਂ ਦੀ ਸਫ਼ਾਈ ਨਹੀਂ ਕਰਵਾਈ ਜਾਂਦੀ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਹਰ ਸਾਲ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

ਉਧਰ ਜਦੋਂ ਕਿਸਾਨਾਂ ਵੱਲੋਂ ਬੰਦੀ ਬਣਾਏ ਗਏ ਜੇਈ ਜਸਕਰਨ ਸਿੰਘ ਨੂੰ ਇਸ ਨੁਕਸਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਉਹ ਨੁਕਸਾਨ ਦੀ ਰਿਪੋਰਟ ਕਰਕੇ ਉਚ ਅਧਿਕਾਰੀਆਂ ਨੂੰ ਭੇਜਣਗੇ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਕਈ ਵਾਰ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਚੁੱਕਿਆ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਨ੍ਹਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਦਿੰਦੀ ਹੈ ਜਾਂ ਨਹੀਂ।