ਮਾਰਸ਼ਲ ਨੇ ਮਜੀਠੀਆ ਸਮੇਤ ਸਸਪੈਂਡ ਵਿਧਾਇਕਾਂ ਨੂੰ ਸਦਨ 'ਚੋਂ ਕੱਢਿਆ ਬਾਹਰ
ਮਜੀਠੀਆ ਸਮੇਤ 8 ਅਕਾਲੀ ਵਿਧਾਇਕ 3 ਦਿਨ ਲਈ ਕੀਤੇ ਸਸਪੈਂਡ
ਚੰਡੀਗੜ੍ਹ- ਅੱਜ ਪੰਜਾਬ ਬਜਟ ਇਜਲਾਸ ਦੇ 5ਵੇਂ ਦਿਨ ਵੀ ਸਦਨ ਵਿੱਚ ਭਾਰੀ ਹੰਗਾਮਾ ਹੋਇਆ। ਹੰਗਾਮੇ ਤੋਂ ਬਾਅਦ ਸਪੀਕਰ ਨੇ ਹੰਗਾਮਾ ਕਰਨ ਵਾਲੇ ਅਕਾਲੀ ਦਲ ਦੇ ਵਿਧਾਇਕਾਂ ਨੂੰ 3 ਦਿਨ ਲਈ ਸਸਪੈਂਡ ਕਰ ਦਿੱਤਾ। ਸਸਪੈਂਡ ਕੀਤੇ ਗਏ ਵਿਧਾਇਕਾਂ ਵਿਚ ਵਿਧਾਇਕ ਦਲ ਦੇ ਮੁਖੀ ਸ਼ਰਨਜੀਤ ਸਿੰਘ ਢਿੱਲੋ, ਬਿਕਰਮ ਸਿੰਘ ਮਜੀਠੀਆ, ਹਰਿੰਦਰ ਚੰਦੂਮਾਜਰਾ, ਡਾ. ਸੁਖਵਿੰਦਰ ਸਿੰਘ, ਐਨ ਕੇ ਸ਼ਰਮਾ, ਮਨਪ੍ਰੀਤ ਇਆਲੀ, ਪਵਨ ਟੀਨੂੰ ਅਤੇ ਬਲਦੇਵ ਖਹਿਰਾ ਦੇ ਨਾਮ ਸ਼ਾਮਿਲ ਹਨ।
ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਦੌਰਾਨ ਅਕਾਲੀ ਦਲ ਦੇ ਵਿਧਾਇਕ ਸਪੀਕਰ ਦੀ ਕੁਰਸੀ ਅੱਗੇ ਪਹੁੰਚੇ ਅਤੇ ਮਹਿੰਗੀ ਬਿਜਲੀ ਦੇ ਮੁੱਦੇ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਇਸ ਵਿਚਕਾਰ ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਸਸਪੈਂਡ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਤੁਸੀਂ ਗੱਲ ਨਹੀਂ ਸੁਣਨੀ ਤਾਂ ਆਉਂਦੇ ਤਿੰਨ ਦਿਨਾਂ ਲਈ ਤੁਹਾਨੂੰ ਸਦਨ ਤੋਂ ਬਾਹਰ ਕਰ ਦਿੱਤਾ ਜਾਵੇਗਾ।
ਵਿਰੋਧੀਆਂ ਦੇ ਹੰਗਾਮੇ ਕਾਰਨ ਕੈਪਟਨ ਆਪਣਾ ਭਾਸ਼ਣ ਰੋਕ ਕੇ ਮੁੜ ਆਪਣੀ ਸੀਟ 'ਤੇ ਬੈਠ ਗਏ। ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਅਪੀਲ ਕੀਤੀ ਸੀ ਕਿ ਸਦਨ ਦੀ ਕਾਰਵਾਈ ਚਲਾਉਣ 'ਚ ਸਹਿਯੋਗ ਦਿਓ ਪਰ ਵਿਧਾਇਕ ਹੰਗਾਮਾ ਕਰਦੇ ਰਹੇ। ਇਸ ਤੋਂ ਬਾਅਦ ਸਪੀਕਰ ਨੇ ਹੰਗਾਮਾ ਕਰਨ ਵਾਲੇ ਵਿਧਾਇਕਾਂ ਨੂੰ ਸਸਪੈਂਡ ਕਰ ਦਿੱਤਾ। ਮਾਰਸ਼ਲ ਵੱਲੋਂ ਅਕਾਲੀ ਵਿਧਾਇਕਾਂ ਨੂੰ ਬਾਹਰ ਜਾਣ ਦੀ ਅਪੀਲ ਕੀਤੀ ਗਈ ਪਰ ਬਿਕਰਮ ਸਿੰਘ ਮਜੀਠੀਆ ਸਮੇਤ ਬਾਕੀ ਸਾਰੇ ਸਸਪੈਂਡ ਅਕਾਲੀ ਵਿਧਾਇਕ ਸਦਨ 'ਚ ਹੀ ਜ਼ਮੀਨ ਤੇ ਬੈਠ ਗਏ। ਇਸ ਤੋਂ ਬਾਅਦ ਮਾਰਸ਼ਲ ਅਕਾਲੀ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਲੈ ਕੇ ਗਏ।