2 ਸਾਲਾ ਬੱਚੀ ਦੀ ਮਾਤਾ ਨੇ ਦੱਸੀ ਦਿੱਲੀ ਪੁਲਿਸ ਦੀ ਕਰਤੂਤ, ਪਰੇਸ਼ਾਨ ਕਰਨ ਦੇ ਲਾਏ ਇਲਜ਼ਾਮ
ਦਿੱਲੀ ਪੁਲਿਸ ਨੇ ਸਾਨੂੰ ਤੰਗ ਪਰੇਸ਼ਾਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਦਕਿ ਸਾਡੇ ਨਾਲ 2 ਸਾਲ ਦੀ ਛੋਟੀ ਵੀ ਮੌਜੂਦ ਸੀ।
ਫਤਿਹਗੜ੍ਹ ਸਾਹਿਬ(ਧਰਮਿੰਦਰ ਸਿੰਘ): ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਗਏ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਉਥੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋਂ ਵੀ ਦਿੱਲੀ ਵਿਖੇ ਗ੍ਰਿਫ਼ਤਾਰੀਆਂ ਦੇਣ ਲਈ ਜਥੇ ਭੇਜੇ ਜਾ ਰਹੇ ਹਨ ਪਰ ਬੀਤੇ ਦਿਨੀਂ ਦਿੱਲੀ ਪੁਲਿਸ ਨੇ 2 ਸਾਲ ਦੀ ਬੱਚੀ ਯਸਮੀ ਸਮੇਤ 25 ਔਰਤਾਂ ਦੇ ਇਕ ਜਥੇ ਨੂੰ ਦਿੱਲੀ ਵਿਚ ਚਾਣਕਿਆਪੁਰੀ ਨੇੜੇ ਹਿਰਾਸਤ ਵਿਚ ਲੈ ਲਿਆ ਅਤੇ ਕਿਸੇ ਅਣਪਛਾਤੀ ਥਾਂ ’ਤੇ ਲਿਜਾ ਕੇ ਛੱਡ ਦਿੱਤਾ।
ਇਥੇ ਹੀ ਬਸ ਨਹੀਂ, ਪੁਲਿਸ ਨੇ ਇਨ੍ਹਾਂ ਔਰਤਾਂ ਨੂੰ ਟੈਂਪੂ ਟਰੈਵਲਰ 'ਤੇ ਲੱਗੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡੇ ਹਟਾਉਣ ਲਈ ਵੀ ਆਖਿਆ ਪਰ ਜਦੋਂ ਇਨ੍ਹਾਂ ਔਰਤਾਂ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਸਬੰਧੀ ਜਦੋਂ 2 ਸਾਲ ਦੀ ਬੱਚੀ ਯਸਮੀ ਕੌਰ ਦੀ ਮਾਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਦਿੱਲੀ ਪੁਲਿਸ ਨੇ ਸਾਨੂੰ ਤੰਗ ਪਰੇਸ਼ਾਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਦਕਿ ਸਾਡੇ ਨਾਲ 2 ਸਾਲ ਦੀ ਛੋਟੀ ਵੀ ਮੌਜੂਦ ਸੀ।
ਜਥੇ ਦੀ ਰਿਹਾਈ ਮਗਰੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੱਲੋਂ ਪੂਰੇ ਜਥੇ ਦਾ ਸਨਮਾਨ ਕੀਤਾ ਗਿਆ, ਉਥੇ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਕੇ ਬੱਚੀ ਦੀ ਤਾਰੀਫ਼ ਕੀਤੀ ਅਤੇ ਦਿੱਲੀ ਪੁਲਿਸ ਨੂੰ ਲਾਹਣਤਾਂ ਪਾਈਆਂ।