ਪੰਜਾਬ ਬਜਟ ਸੈਸ਼ਨ ਦਾ ਅੱਜ 5ਵਾਂ ਦਿਨ, ਕੈਪਟਨ ਅਮਰਿੰਦਰ ਸਿੰਘ ਰਾਜਪਾਲ ਦੇ ਭਾਸ਼ਣ 'ਤੇ ਦੇਣਗੇ ਜਵਾਬ
ਪੰਜਾਬ ਵਿਧਾਨ ਸਭਾ ਵਿਚ ਇਕ ਗ਼ੈਰ ਸਰਕਾਰੀ ਮਤੇ ਉਪਰ ਪਹਿਲੀ ਵਾਰ ਸੱਤਾਧਿਰ ਸਮੇਤ ਸੂਬੇ ਦੀਆਂ ਸਮੂਹ ਪਾਰਟੀਆਂ ਦੇ ਮੈਂਬਰ ਇਕਜੁਟ ਹੋਏ ਹਨ।
ਚੰਡੀਗੜ੍ਹ- ਅੱਜ ਪੰਜਾਬ ਬਜਟ ਇਜਲਾਸ ਦਾ 5ਵਾਂ ਦਿਨ ਹੈ। ਇਸ ਦੇ ਚਲਦੇ ਅੱਜ ਸਦਨ ਵਿੱਚ ਹੰਗਾਮੇ ਦੇ ਆਸਾਰ ਹਨ। ਵਿੱਤੀ ਵਰ੍ਹੇ 2021-22 ਦਾ ਬਜਟ 8 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਰਾਜਪਾਲ ਦੇ ਭਾਸ਼ਣ ’ਤੇ ਬਹਿਸ ’ਚ ਉੱਠੇ ਸੁਆਲਾਂ ਦੇ ਜੁਆਬ ਦੇਣਗੇ। ਦੱਸਣਯੋਗ ਹੈ ਕਿ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਵਿਚ ਇਕ ਗ਼ੈਰ ਸਰਕਾਰੀ ਮਤੇ ਉਪਰ ਪਹਿਲੀ ਵਾਰ ਸੱਤਾਧਿਰ ਸਮੇਤ ਸੂਬੇ ਦੀਆਂ ਸਮੂਹ ਪਾਰਟੀਆਂ ਦੇ ਮੈਂਬਰ ਇਕਜੁਟ ਹੋਏ ਹਨ।
ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦੇ ਦਿਨੋਂ ਦਿਨ ਹੋਰ ਡੂੰਘਾ ਚਲੇ ਜਾਣ ਦੇ ਵਿਸ਼ੇ ’ਤੇ ਬਹਿਸ ਲਈ ਕਾਂਗਰਸ ਦੇ ਵਿਧਾਇਕ ਹਰਮੰਦਰ ਸਿੰਘ ਗਿੱਲ ਤੇ 7 ਹੋਰ ਮੈਂਬਰਾਂ ਨੇ ਗ਼ੈਰ ਸਰਕਾਰੀ ਮਤਾ ਲਿਆਂਦਾ ਸੀ। ਇਸ ’ਤੇ ਬਹੁਤ ਹੀ ਸੰਜੀਦਾ ਤੇ ਭਰਵੀਂ ਬਹਿਸ ਬਾਅਦ ਸੱਭ ਪਾਰਟੀਆਂ ਨੇ ਮਾਮਲੇ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸਰਬ ਸੰਮਤੀ ਨਾਲ ਮਤਾ ਪਾਸ ਕਰ ਦਿਤਾ ਹੈ।
ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਾਣੀ ਦੇ ਪੱਧਰ ਵਿਚ ਸੁਧਾਰ ਕਰਨ ਸਬੰਧੀ ਢੰਗ-ਤਰੀਕਿਆਂ ਦੀ ਪੜਚੋਲ ਕਰਨ ਲਈ ਇਕ ਉੱਚ ਪਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ। ਸੂਬੇ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਆ ਰਹੀ ਗਿਰਾਵਟ ਸਬੰਧੀ ਵਿਚਾਰ ਵਟਾਂਦਰੇ ਵਿਚ ਭਾਗ ਲੈਂਦਿਆਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਇਸ ਮਸਲੇ ਦੀ ਜਾਂਚ ਲਈ ਇਕ ਕਮੇਟੀ ਬਣਾਉਣ ਦਾ ਸੁਝਾਅ ਦਿਤਾ ਜਿਸ ਉਪਰੰਤ ਇਹ ਫ਼ੈਸਲਾ ਲਿਆ ਗਿਆ। ਵਿਧਾਨ ਸਭਾ ਦੇ ਸਪੀਕਰ ਨੇ ਤੁਰਤ ਕਾਰਵਾਈ ਕਰਦਿਆਂ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਜੋ ਤਿੰਨ ਮਹੀਨਿਆਂ ਵਿਚ ਰਿਪੋਰਟ ਪੇਸ਼ ਕਰੇਗੀ।
ਸੁਖਜਿੰਦਰ ਰੰਧਾਵਾ, ਮਨਪ੍ਰੀਤ ਬਾਦਲ ਤੇ ਤ੍ਰਿਪਤ ਬਾਜਵਾ ਨੇ ਵੀ ਬਹਿਸ ਵਿਚ ਹਿੱਸਾ ਪਾਇਆ
ਭਾਵੇਂ ਗ਼ੈਰ ਸਰਕਾਰ ਅਤੇ ਉਪਰ ਬਹਿਸ ਵਿਚ ਵਿਧਾਇਕ ਹੀ ਅਕਸਰ ਸ਼ਾਮਲ ਹੁੰਦੇ ਹਨ ਪਰ ਵਿਸ਼ੇ ਦੀ ਗੰਭੀਰਤਾ ਨੂੰ ਸਮਝਦਿਆਂ ਤਿੰਨ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਮਨਪ੍ਰੀਤ ਬਾਦਲ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਬਹਿਸ ਵਿਚ ਅਪਣਾ ਹਿੱਸਾ ਪਾਇਆ।