ਦਿੱਲੀ ਯੂਨੀਵਰਸਟੀ ਦੀ ਪਹਿਲੀ ਮੁਸਲਮਾਨ ਵਿਦਿਆਰਥਣ ਉਮੇ ਐਮਨ ਨੇ ਪੰਜਾਬੀ ਵਿਚ ਕੀਤੀ ਪੀ.ਐਚ.ਡੀ.

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਯੂਨੀਵਰਸਟੀ ਦੀ ਪਹਿਲੀ ਮੁਸਲਮਾਨ ਵਿਦਿਆਰਥਣ ਉਮੇ ਐਮਨ ਨੇ ਪੰਜਾਬੀ ਵਿਚ ਕੀਤੀ ਪੀ.ਐਚ.ਡੀ.

image

ਪੰਜਾਬੀ ਤੇ ਅਰਬੀ ਨਾਵਲਾਂ ਵਿਚ ਨਾਰੀ ਮਸਲਿਆਂ ਬਾਰੇ ਕੀਤੀ ਵਿਲੱਖਣ ਖੋਜ

ਨਵੀਂ ਦਿੱਲੀ, 4 ਮਾਰਚ (ਅਮਨਦੀਪ ਸਿੰਘ) ਦਿੱਲੀ ਯੂਨੀਵਰਸਟੀ ਦੀ ਪਹਿਲੀ ਮੁਸਲਮਾਨ ਵਿਦਿਆਰਥਣ ਉਮੇ ਐਮਨ ਨੇ ਪੰਜਾਬੀ ਵਿਚ ਪੀਐਚਡੀ ਦੀ ਡਿਗਰੀ ਹਾਸਲ ਕਰ ਕੇ,  ਪੰਜਾਬੀ ਬੋਲੀ ’ਤੇ ਮਾਣ ਪ੍ਰਗਟਾਇਆ ਹੈ।
ਇਸ ਵਿਦਿਆਰਥਣ ਨੇ ‘ਪੰਜਾਬੀ ਅਤੇ ਅਰਬੀ ਨਾਵਲਾਂ ਵਿਚ ਨਾਰੀ ਮਸਲਿਆਂ ਦੀ ਪ੍ਰਤੀਨਿਧਤਾ: ਇਕ ਤੁਲਨਾਤਮਕ ਅਧਿਐਨ’ ਵਿਸ਼ੇ ’ਤੇ ਆਪਣੀ ਪੀ.ਐਚ.ਡੀ. ਨੂੰ ਪੰਜ ਅਧਿਆਇਆਂ ਵਿਚ ਮੁਕੰਮਲ ਕੀਤਾ ਹੈ ਜਿਸ ਵਿਚ ਪੰਜਾਬੀ ਅਤੇ ਅਰਬੀ ਸਮਾਜ ਦੇ ਆਰਥਕ, ਸਮਾਜਕ, ਰਾਜਨੀਤਕ, ਧਾਰਮਕ ਅਤੇ ਸਭਿਆਚਾਰਕ ਪਹਿਲੂਆਂ ਅਤੇ ਔਰਤ ’ਤੇ ਬੰਦਸ਼ਾਂ ਨੂੰ ਵੀ ਬਿਆਨ ਕੀਤਾ ਹੈ। ਇਥੇ ਬੀਤੇ ਦਿਨੀਂ ਹੋਈ ਦਿੱਲੀ ਯੂਨੀਵਰਸਟੀ ਦੀ 97ਵੀਂ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ, ਯੂ ਪੀ ਐਸ ਸੀ ਦੇ ਚੇਅਰਮੈਨ ਪੀ ਕੇ ਜੋਸ਼ੀ ਅਤੇ ਦਿੱਲੀ ਯੂਨੀਵਰਸਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ.ਪੀ.ਸੀ.ਜੋਸ਼ੀ ਨੇ ਉਮੇ ਐਮਨ ਨੂੰ ਪੀ.ਐਚ.ਡੀ. ਦੀ ਡਿਗਰੀ ਭੇਟ ਕੀਤੀ।
ਉਮੇ ਐਮਨ ਨੇ 2010 ਵਿਚ ਦਿੱਲੀ ਦੇ ਦਿਆਲ ਸਿੰਘ ਕਾਲਜ ਤੋਂ ਪੰਜਾਬੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਸੀ। ਪਿਛੋਂ 2012 ਵਿਚ  ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਨਾਰਥ ਕੈਂਪਸ ਤੋਂ ਐਮ.ਏ. ਪੰਜਾਬੀ ਅਤੇ 2015 ਵਿਚ ਦਿੱਲੀ ਯੂਨੀਵਰਸਟੀ ਦੇ ਪੰਜਾਬੀ ਮਹਿਕਮੇ ਤੋਂ ਐਮ.ਫ਼ਿਲ. (ਪੰਜਾਬੀ) ਕੀਤੀ ਸੀ। ਇਨ੍ਹਾਂ ਦੋਹਾਂ ਵਿਚ ਉਸ ਨੇ ਗੁਰਮਤਿ ਕਾਵਿ, ਆਧੁਨਿਕ ਕਾਵਿ, ਸੂਫ਼ੀ ਕਾਵਿ ਅਤੇ ਪ੍ਰਵਾਸੀ ਸਾਹਿਤ ਆਦਿ ਵਿਸ਼ੇ ਪੜ੍ਹੇ ਸਨ।   
ਦਿਆਲ ਸਿੰਘ ਕਾਲਜ ਦੇ ਪੰਜਾਬੀ ਮਹਿਕਮੇ ਦੇ ਐਸੋਸੀਏਟ ਪ੍ਰੋਫ਼ੈਸਰ ਡਾ.ਰਵਿੰਦਰ ਸਿੰਘ ਵਿਦਿਆਰਥਣ ਦੇ ਪੀ.ਐਚ.ਡੀ. ਨਿਗਰਾਨ ਰਹੇ ਤੇ  ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦੇ ਅਰਬੀ ਮਹਿਕਮੇ ਦੇ ਪ੍ਰੋਫ਼ੈਸਰ ਐ.ਏ.ਇਸਲਾਹੀ ਸਹਿ ਨਿਗਰਾਨ ਸਨ। 
ਡਾ.ਰਵਿੰਦਰ ਸਿੰਘ ਨੇ ਦਸਿਆ ਕਿ ਖੋਜਾਰਥਣ ਉਮੇ ਐਮਨ ਨੇ ਬੜੀ ਮਿਹਨਤ ਨਾਲ ਅਪਣੇ ਖੋਜ ਕਾਰਜ ਨੂੰ ਪੂਰਾ ਕੀਤਾ ਹੈ ਜੋ ਹੋਰਨਾਂ ਲਈ ਮਿਸਾਲ ਹੈ। ਜਦੋਂ ਕਿ ਡਾ.ਕਮਲਜੀਤ ਸਿੰਘ ਨੇ ਕਿਹਾ ਜਦੋਂ ਇਸ ਵਿਦਿਆਰਥਣ ਨੇ ਦਿਆਲ ਸਿੰਘ ਕਾਲਜ ਤੋਂ ਬੀ ਏ ਕੀਤੀ ਸੀ, ਉਦੋਂ ਇਹ ਯੂਨੀਵਰਸਟੀ ਵਿਚੋਂ ਅਵੱਲ ਰਹੀ ਸੀ।
‘ਸਪੋਕਸਮੈਨ’ ਨਾਲ ਅਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਉਮੇ ਐਮਨ ਨੇ ਕਿਹਾ, “ਦੋਹਾਂ ਸਭਿਆਚਾਰਾਂ (ਪੰਜਾਬੀ ਤੇ ਅਰਬੀ) ਬਾਰੇ ਖੋਜ ਕਰ ਕੇ ਮੈਨੂੰ ਬੜਾ ਚੰਗਾ ਲੱਗਾ ਤੇ ਕਈ ਕੁੱਝ ਸਿੱਖਣ ਨੂੰ ਮਿਲਿਆ ਕਿ ਦੋਹਾਂ ਸਭਿਆਚਾਰਾਂ ਵਿਚ ਔਰਤ ਨੂੰ ਕੀ ਖੁਲ੍ਹਾਂ ਹਨ ਤੇ ਕੀ ਧਾਰਮਕ ਬੰਦਸ਼ਾਂ ਲਾਈਆਂ ਗਈਆਂ ਹਨ।’’
ਪੰਜਾਬੀ ਬੋਲੀ ਨਾਲ ਮੋਹ ਬਾਰੇ ਉਸ ਨੇ ਦਸਿਆ, “ਛੋਟੇ ਹੁੰਦੇ ਜਦੋਂ ਮੇਰੇ ਦਾਦਾ ਜੀ ਮੌਲਾਨਾ ਅਖ਼ਤਰ ਖ਼ਾਨ ਪੰਜਾਬੀ ਦੇ ਗੀਤ ਗੁਣਗੁਣਾਉਂਦੇ ਸਨ, ਉਦੋਂ ਮੈਨੂੰ ਬੜਾ ਚੰਗਾ ਲਗਦਾ ਸੀ। ਪਿਛੋਂ ਮੇਰੇ ਮਾਤਾ ਜੀ ਨੇ ਮੈਨੂੰ ਸੀਸ ਗੰਜ ਦੇ ਸ਼੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਸਕੂਲ ਵਿਚ ਦਾਖ਼ਲ ਕਰਵਾ ਦਿਤਾ ਸੀ, ਜਿਥੇ ਦੂਜੀ ਜਮਾਤ ਤੋਂ ਹੀ ਮੈਨੂੰ ਪੰਜਾਬੀ ਲੱਗੀ ਹੋਈ ਸੀ ਜੋ ਮੈਂ ਅੱਗੇ ਵੀ ਪੜ੍ਹਦੀ ਰਹੀ। ਡਾ.ਰਵਿੰਦਰ ਸਿੰਘ ਦੀ ਸੇਧ ਨੇ ਪੀਐਚਡੀ ਲਈ ਮੈਨੂੰ ਬੜਾ ਹੌਂਸਲਾ ਦਿਤਾ। ਮੇਰੇ ਜੀਵਨ ਸਾਥੀ ਅਮੀਰ ਜਮਾਲ ਸ਼ੇਖ ਨੇ ਵੀ ਅਰਬੀ ਨਾਵਲਾਂ ਨੂੰ ਸਮਝਣ ਵਿਚ ਮੇਰਾ ਬੜਾ ਸਾਥ  ਦਿਤਾ।’’