ਬਾਦਲਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਦੋਗਲਾਪਣ ਦਿਖਾ ਕੇ ਪੰਜਾਬੀਆਂ ਨਾਲ ਦਗ਼ਾ ਕਮਾਇਆ: ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸਦਨ ਵਿਚ ਅਕਾਲੀਆਂ ਦਾ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈਰਾਨੀਜਨਕ ਤੇ ਸ਼ਰਮਸਾਰ

Capt Amrinder Singh

ਚੰਡੀਗੜ੍ਹ : ਸਦਨ ਵਿੱਚ ਅਕਾਲੀ ਵਿਧਾਇਕਾਂ ਦੇ ਹੰਗਾਮੇ ਅਤੇ ਗੈਰ-ਜ਼ਿੰਮੇਵਾਰ ਰਵੱਈਏ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਸ ਹੈਰਾਨਕੁੰਨ ਵਤੀਰੇ ਦੇ ਨਾਲ-ਨਾਲ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਢੀਠਤਾ ਨਾਲ ਯੂ.ਟਰਨ ਲੈਣ ਲਈ ਅਕਾਲੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਵਿਧਾਨ ਸਭਾ ਦੇ ਸਪੀਕਰ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਕਰਕੇ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਬਜਟ ਇਜਲਾਸ ਦੇ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰਦਿਆਂ ਸਪੀਕਰ ਨੇ ਮਾਰਸ਼ਲਾਂ ਨੂੰ ਅਕਾਲੀ ਵਿਧਾਇਕਾਂ ਦੇ ਇਸ ਸਲੂਕ ਲਈ ਉਨ੍ਹਾਂ ਨੂੰ ਸਦਨ ਤੋਂ ਹਟਾਉਣ ਲਈ ਆਖਿਆ।

ਸੱਤਾਧਾਰੀ ਬੈਂਚਾਂ ਵੱਲੋਂ 'ਸ਼ਰਮ ਕਰੋ' 'ਸ਼ਰਮ ਕਰੋ' ਦੀਆਂ ਅਵਾਜ਼ਾਂ ਦੌਰਾਨ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਦੇ ਧੰਨਵਾਦ ਮਤੇ 'ਤੇ ਆਪਣੀ ਤਕਰੀਰ ਵਿੱਚ ਕਿਸਾਨ ਅੰਦੋਲਨ 'ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ, ਦੋਵਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਦੋਗਲਾਪਣ ਦਿਖਾ ਕੇ ਪੰਜਾਬ ਦੇ ਲੋਕਾਂ ਨਾਲ ਦਗ਼ਾ ਕਮਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤਾਂ ਸ਼ੁਰੂਆਤ ਵਿੱਚ ਉਨ੍ਹਾਂ ਦੀ ਸਰਕਾਰ 'ਤੇ ਹੀ ਦੋਸ਼ ਲਾਏ ਸਨ ਕਿ ਉਸ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਅਕਾਲੀ ਪ੍ਰਧਾਨ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸੁਖਬੀਰ ਬੇਸ਼ਰਮੀ ਨਾਲ ਆਪਣੇ ਪਹਿਲੇ ਸਟੈਂਡ 'ਤੇ ਪਿਛਾਂਹ ਹਟ ਗਿਆ ਅਤੇ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਉਤਰ ਆਇਆ।

ਉਨ੍ਹਾਂ ਨੇ 25 ਜੂਨ, 2020 ਦੇ ਇਕ ਪੱਤਰ ਦਾ ਕੁਝ ਹਿੱਸਾ ਵੀ ਪੜ੍ਹਿਆ ਜਿਸ ਵਿੱਚ ਸੁਖਬੀਰ ਬਾਦਲ ਪੂਰੀ ਤਰ੍ਹਾਂ ਖੇਤੀ ਕਾਨੂੰਨਾਂ ਦੀ ਪਿੱਠ 'ਤੇ ਖੜ੍ਹਾ ਹੋਇਆ ਇਸ ਗੱਲ 'ਤੇ ਜ਼ੋਰ ਦਿੰਦਾ,''ਇਨ੍ਹਾਂ ਆਰਡੀਨੈਂਸਾਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਸੰਘੀ ਢਾਂਚੇ ਜਾਂ ਕਿਸਾਨਾਂ ਦੇ ਖਿਲਾਫ਼ ਜਾਂਦਾ ਹੋਵੇ।'' ਸੁਖਬੀਰ ਨੇ ਇਸ ਪੱਤਰ ਵਿੱਚ ਇਹ ਵੀ ਕਿਹਾ ਕਿ ਜੇਕਰ ਸਰਕਾਰ ਇਸ ਬਾਰੇ ਸਪੱਸ਼ਟ ਨਾ ਹੋਈ ਤਾਂ ਜਿਸ ਵੇਲੇ ਸਰਕਾਰ ਸੰਸਦ ਵਿੱਚ ਬਿੱਲ ਪੇਸ਼ ਕਰਦੀ ਹੈ ਤਾਂ ਉਸ ਵੇਲੇ ਅਸੀਂ ਮੁਲਕ ਦੇ ਕਿਸਾਨਾਂ ਨੂੰ ਸੰਸਦ ਦੇ ਅੰਦਰੋਂ ਵੀ ਘੱਟੋ-ਘੱਟ ਸਮਰਥਨ ਮੁੱਲ ਅਤੇ ਖਰੀਦ ਬਾਰੇ ਭਰੋਸਾ ਦੇਵਾਂਗੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਇਸ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਰਾਏ ਦਾ ਸਪੱਸ਼ਟ ਕਥਨ ਕਰਾਰ ਦਿੱਤਾ, ਨੇ ਇਹ ਵੀ ਦਾਅਵਾ ਕੀਤਾ ਸੀ ਕਿ ਖੇਤੀ ਕਾਨੂੰਨਾਂ ਦੇ ਜੋ ਅਰਥ ਕੱਢੇ ਜਾ ਰਹੇ ਹਨ ਕਿ ਇਹ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ ਅਤੇ ਖਰੀਦ ਲਈ ਤਬਾਹਕੁੰਨ ਸਾਬਤ ਹੋਣਗੇ, ਪੂਰੀ ਤਰ੍ਹਾਂ ਗਲਤ ਹਨ। ਉਨ੍ਹਾਂ ਕਿਹਾ ਕਿ ਬਹੁਤ ਬਾਅਦ ਵਿੱਚ ਜਦੋਂ ਅਕਾਲੀਆਂ ਨੂੰ ਕਿਸਾਨਾਂ ਦੇ ਰੋਹ ਦਾ ਸੇਕ ਲੱਗਣਾ ਸ਼ੁਰੂ ਹੋਇਆ ਅਤੇ ਇਸ ਮੁੱਦੇ 'ਤੇ ਸਿਆਸੀ ਹੋਂਦ ਦਾ ਖ਼ਤਰਾ ਪੈਦਾ ਹੋਇਆ ਤਾਂ ਉਸ ਵੇਲੇ ਉਨ੍ਹਾਂ ਨੂੰ ਆਪਣੇ ਪਹਿਲੇ ਸਟੈਂਡ ਤੋਂ ਪੈਰ ਪਿਛਾਂਹ ਖਿੱਚਣੇ ਪਏ ਸਨ।