ਬਿਹਾਰ ’ਚ ਨਾਜਾਇਜ਼ ਪਟਾਕਾ ਫ਼ੈਕਟਰੀ ’ਚ ਹੋਇਆ ਧਮਾਕਾ, 10 ਮੌਤਾਂ

ਏਜੰਸੀ

ਖ਼ਬਰਾਂ, ਪੰਜਾਬ

ਬਿਹਾਰ ’ਚ ਨਾਜਾਇਜ਼ ਪਟਾਕਾ ਫ਼ੈਕਟਰੀ ’ਚ ਹੋਇਆ ਧਮਾਕਾ, 10 ਮੌਤਾਂ

image

ਭਾਗਲਪੁਰ (ਬਿਹਾਰ), 4 ਮਾਰਚ : ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਵਿਚ ਇਕ ਘਰ ਵਿਚ ਹੋਏ ਧਮਾਕੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਗੰਭੀਰ ਜ਼ਖ਼ਮੀ ਹੋ ਗਏ। ਦਸਿਆ ਜਾਂਦਾ ਹੈ ਕਿ ਇਸ ਘਰ ’ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਦਾ ਧੰਦਾ ਚੱਲ ਰਿਹਾ ਸੀ। ਇਕ ਪੁਲਿਸ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਭਾਗਲਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀ.ਐਮ.) ਸੁਬਰਤ ਕੁਮਾਰ ਸੇਨ ਨੇ ਦਸਿਆ ਕਿ ਇਹ ਧਮਾਕਾ ਸ਼ੁਕਰਵਾਰ ਸਵੇਰੇ ਕਸਬੇ ਦੇ ਕਾਜਬਲੀਚਕ ਇਲਾਕੇ ਵਿਚ ਮਹਿੰਦਰ ਮੰਡਲ ਨਾਮ ਦੇ ਵਿਅਕਤੀ ਦੇ ਘਰ ਦੇ ਅੰਦਰ ਹੋਇਆ। ਡੀ.ਐਮ. ਅਨੁਸਾਰ ਧਮਾਕੇ ਕਾਰਨ ਮਹਿੰਦਰ ਮੰਡਲ ਦੇ ਘਰ ਤੋਂ ਇਲਾਵਾ ਨੇੜੇ ਦੀਆਂ 2 ਇਮਾਰਤਾਂ ਵੀ ਮਲਬੇ ਵਿਚ ਤਬਦੀਲ ਹੋ ਗਈਆਂ। ਧਮਾਕੇ ਦੀ ਆਵਾਜ਼ ਦੂਰ-ਦੂਰ ਤਕ ਸੁਣਾਈ ਦਿਤੀ।
ਮਲਬੇ ਨੂੰ ਹਟਾਉਣ ਲਈ ਅਤਿ-ਆਧੁਨਿਕ ਮਸ਼ੀਨਾਂ ਮੰਗਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੰਬ ਨਿਰੋਧਕ ਦਸਤਾ ਅਤੇ ਫੋਰੈਂਸਿਕ ਮਾਹਰਾਂ ਦੀ ਟੀਮ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੌਕੇ ਤੋਂ ਨਮੂਨੇ ਇਕੱਠੇ ਕਰ ਰਹੀ ਹੈ। ਸੁਬਰਤ ਕੁਮਾਰ ਸੇਨ ਅਨੁਸਾਰ ਘਟਨਾ ਸਥਾਨ ਤੋਂ ਹੁਣ ਤਕ ਕੁਲ 10 ਲਾਸਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਦੀ ਸ਼ਨਾਖ਼ਤ ਹੋਣੀ ਬਾਕੀ ਹੈ। ਧਮਾਕੇ ’ਚ ਜ਼ਖ਼ਮੀ 9 ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਡੀ.ਐਮ. ਨੇ ਦਸਿਆ ਕਿ ਮੰਡਲ ਪਿਛਲੇ ਸਮੇਂ ਵਿਚ ਵੀ ਪਟਾਕਿਆਂ ਦੇ ਗ਼ੈਰ-ਕਾਨੂੰਨੀ ਨਿਰਮਾਣ ਵਿਚ ਸ਼ਾਮਲ ਰਿਹਾ ਹੈ ਅਤੇ 2008 ਵਿਚ ਉਸ ਦੇ ਘਰ ਵਿਚ ਇਸੇ ਤਰ੍ਹਾਂ ਦੇ ਧਮਾਕੇ ਵਿਚ ਉਸ ਦੀ ਪਤਨੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਸੀ।        
        (ਏਜੰਸੀ)