ਪੰਜਾਬ ਦੇ ਕਿਸਾਨ ਆਗੂਆਂ ਨੇ ਰਾਜ ਭਵਨ ਅੱਗੇ ਦਿਤਾ ਰੋਸ ਧਰਨਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਕਿਸਾਨ ਆਗੂਆਂ ਨੇ ਰਾਜ ਭਵਨ ਅੱਗੇ ਦਿਤਾ ਰੋਸ ਧਰਨਾ

image


ਰਾਜਪਾਲ ਨੂੰ  ਬਿਨਾਂ ਮੰਗ ਪੱਤਰ ਦਿਤੇ ਵਾਪਸ ਪਰਤੇ ਆਗੂ

ਚੰਡੀਗੜ੍ਹ, 4 ਮਾਰਚ (ਗੁਰਉਪਦੇਸ਼ ਭੁੱਲਰ) : ਸੰਯੁਕਤ ਸਮਾਜ ਮੋਰਚੇ ਨਾਲ ਸਬੰਧਤ 22 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀ ਬੀ.ਕੇ.ਯੂ. (ਏਕਤਾ) ਡਕੌਂਦਾ ਵਲੋਂ ਅੱਜ ਭਾਖੜਾ ਬੋਰਡ ਵਿਚ ਪੰਜਾਬ ਦੀ ਨੁਮਾਇੰਦਗੀ ਕੇਂਦਰ ਵਲੋਂ ਖ਼ਤਮ ਕਰਨ ਦੇਣ ਦੇ ਵਿਰੋਧ ਵਿਚ ਅਤੇ ਹੋਰ ਕਈ ਅਹਿਮ ਮੰਗਾਂ ਨੂੰ  ਲੈ ਕੇ ਇਥੇ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਤੇ ਪੁਲਿਸ ਦੀ ਸਥਿਤੀ ਟਕਰਾਅ ਵਾਲੀ ਬਣੀ ਰਹੀ |
ਪੁਲਿਸ ਨੇ ਕਿਸਾਨ ਭਵਨ ਨੇੜੇ ਬਲਬੀਰ ਸਿੰਘ ਰਾਜੇਵਾਲ ਤੇ ਹੋਰ ਆਗੂਆਂ ਨੂੰ  ਪੰਜਾਬ ਰਾਜ ਭਵਨ ਵਲ ਜਾਣ ਤੋਂ ਘੇਰਾਬੰਦੀ ਕਰ ਕੇ ਰੋਕ ਲਿਆ ਗਿਆ | ਪੁਲਿਸ ਨੇ ਕਿਹਾ ਕਿ ਰਾਜਪਾਲ ਨੂੰ  ਸਿਰਫ਼ 4 ਆਗੂ ਹੀ ਮਿਲਣ ਜਾ ਸਕਦੇ ਹਨ ਅਤੇ ਬਾਕੀਆਂ ਨੂੰ  ਇਥੋਂ ਅੱਗੇ ਨਹੀਂ ਜਾਣ ਦਿਤਾ ਜਾਵੇਗਾ | ਇਸ 'ਤੇ ਕਿਸਾਨ ਆਗੂਆਂ ਵਿਚ ਰੋਸ ਵੱਧ ਗਿਆ ਅਤੇ ਉਨ੍ਹਾਂ ਕਿਸਾਨ ਭਵਨ ਅੱਗੇ ਜਾਂਦੀ ਸੜਕ ਉਪਰ ਹੀ ਧਰਨਾ ਦੇ ਕੇ ਜਾਮ ਲਾ ਦਿਤਾ | ਇਸ ਕਾਰਨ ਪੁਲਿਸ ਨੂੰ  ਆਵਾਜਾਈ ਦੇ ਰੂਟ ਬਦਲਣੇ ਪਏ | ਕਿਸਾਨ ਆਗੂਆਂ ਅਤੇ ਪੁਲਿਸ ਦਰਮਿਆਨ ਗਰਮਾ ਗਰਮੀ ਦੇ ਮਾਹੌਲ ਵਿਚ ਅੱਧਾ ਘੰਟਾ ਚਲੇ ਧਰਨੇ ਬਾਅਦ ਰਾਜ ਭਵਨ ਤੋਂ ਸਾਰੇ ਕਿਸਾਨ ਆਗੂਆਂ ਨੂੰ  ਮੈਮੋਰੰਡਮ ਦੇਣ ਲਈ ਸੱਦਾ ਆ ਗਿਆ |

 ਇਸ ਤੋਂ ਬਾਅਦ ਪੁਲਿਸ ਪਿਛੇ ਹੱਟ ਗਈ ਅਤੇ ਕਿਸਾਨ ਆਗੂ ਰਾਜ ਭਵਨ ਪਹੁੰਚੇ ਤਾਂ ਉਥੇ ਮੁੜ ਉਹੀ ਸਥਿਤੀ ਪੈਦਾ ਹੋ ਗਈ | ਉਥੇ ਵੀ ਗੇਟ ਉਪਰ ਰਾਜ ਭਵਨ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਆਗੂ ਅੰਦਰ ਨਹੀਂ ਜਾ ਸਕਦੇ | ਇਸ 'ਤੇ ਕਿਸਾਨ ਆਗੂਆਂ ਨੇ ਫਿਰ ਰਾਜ ਭਵਨ ਅੱਗੇ ਧਰਨਾ ਲਾ ਕੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ ਗਈ | ਸਾਰੇ ਆਗੂਆਂ ਨੂੰ  ਅੰਦਰ ਜਾਣ ਦੀ ਆਗਿਆ ਨਾ ਮਿਲਣ ਬਾਅਦ ਆਖ਼ਰ ਰਾਜ ਭਵਨ ਦੇ ਗੇਟ ਦੇ ਕਾਊਾਟਰ ਉਪਰ ਹੀ ਮੈਮੋਰੰਡਮ ਰੱਖ ਕੇ ਕਿਸਾਨਾਂ ਨੇ ਅਪਣਾ ਧਰਨਾ ਸਮਾਪਤ ਕਰ ਦਿਤਾ |
ਇਸ ਮੌਕੇ ਰਾਜੇਵਾਲ ਨੇ ਦੋਸ਼ ਲਾਇਆ ਕਿ ਰਾਜਪਾਲ ਪੰਜਾਬ ਵਿਰੋਧੀ ਹੈ ਅਤੇ ਇਕ ਹਫ਼ਤੇ ਤੋਂ ਮਿਲਣ ਦਾ ਸਮਾਂ ਮੰਗ ਰਹੇ ਸਾਂ ਪਰ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਸੀ ਅਤੇ ਅੱਜ ਚੰਡੀਗੜ੍ਹ ਪਹੁੰਚਣ 'ਤੇ ਕਿਸਾਨ ਆਗੂਆਂ ਨੂੰ  ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਇਸ ਮੌਕੇ ਰਾਜੇਵਾਲ ਨਾਲ ਮੌਜੂਦ ਹੋਰ ਪ੍ਰਮੁੱਖ ਕਿਸਾਨ ਆਗੂਆਂ ਵਿਚ ਬੂਟਾ ਸਿੰਘ, ਬੁਰਜਗਿੱਲ, ਰੁਲਦੂ ਸਿੰਘ ਮਾਨਸਾ, ਹਰਮੀਤ ਕਾਦੀਆਂ, ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਪੰਨੂ, ਬੋਘ ਸਿੰਘ,ਬਲਦੇਵ ਸਿੰਘ ਨਿਹਾਲਗੜ੍ਹ ਆਦਿ ਦੇ ਨਾਂ ਜ਼ਿਕਰਯੋਗ ਹਨ |
ਰਾਜਪਾਲ ਨੂੰ  ਦਿਤੇ ਜਾਣ ਵਾਲੇ ਮੰਗ ਪੱਤਰ ਵਿਚ ਜੋ ਮੰਗਾਂ ਸ਼ਾਮਲ ਸਨ, ਉਨ੍ਹਾਂ ਵਿਚ ਭਾਖੜਾ ਬੋਰਡ ਬਾਰੇ ਫ਼ੈਸਲਾ ਲੈਣਾ, ਸਕੂਲਾਂ ਵਿਚ ਪੜ੍ਹਾਈਆਂ ਜਾ ਰਹੀਆਂ ਇਤਿਹਾਸ ਦੀਆਂ ਇਤਰਾਜ਼ਯੋਗ ਪੁਸਤਕਾਂ ਲਿਖਣ ਵਾਲਿਆਂ ਵਿਰੁਧ ਕਾਰਵਾਈ, ਯੂਕਰੇਨ ਵਿਚੋਂ ਪੰਜਾਬ ਦੇ ਵਿਦਿਆਰਥੀ ਦੀ ਸੁਰੱਖਿਅਤ ਵਾਪਸੀ ਤੋਂ ਇਲਾਵਾ ਕੇਂਦਰ ਵਲੋਂ ਦਿੱਲੀ ਮੋਰਚੇ ਦੌਰਾਨ ਪ੍ਰਵਾਨ ਬਾਕੀ ਰਹਿੰਦੀਆਂ ਸਾਰੀਆਂ ਮੰਗਾਂ ਲਾਗੂ ਕਰਨ ਅਤੇ ਚੰਡੀਗੜ੍ਹ ਵਿਚ ਬਿਜਲੀ ਵਿਭਾਗ ਦੇ ਨਿਜੀਕਰਨ ਦਾ ਫ਼ੈਸਲਾ ਵਾਪਸ ਲੈਣ ਦੇ ਮਾਮਲੇ ਸਾਮਲ ਹਨ |

ਡੱਬੀ

ਪੰਜਾਬ ਭਰ 'ਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ

ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਦੇ ਦਿਤੇ ਸੱਦੇ ਅਨੁਸਾਰ ਕਿਸਾਨਾਂ ਨੇ ਭਾਖੜਾ ਬਿਆਸ ਮੈਨੇਜਮੈੰਟ ਬੋਰਡ ਦੇ ਮਸਲੇ ਤੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਨੂੰ  ਮੰਗ ਪੱਤਰ ਭੇਜੇ ਅਤੇ ਨਾਲ ਹੀ ਪੰਜਾਬ ਭਰ ਵਿਚ ਪਿੰਡਾਂ ਵਿਚ ਕੇੰਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ ਅਤੇ ਕੇਂਦਰ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ  |
   ਇਨ੍ਹਾਂ ਪ੍ਰਦਰਸਨਾਂ ਦੀ ਵੱਖ-ਵੱਖ ਥਾਵਾਂ 'ਤੇ ਅਗਵਾਈ ਡਾ. ਦਰਸ਼ਨਪਾਲ, ਸੁਰਜੀਤ ਸਿੰਘ ਫੂਲ, ਜਗਜੀਤ ਸਿੰਘ ਡੱਲੇਵਾਲ, ਸੁਖਪਾਲ ਸਿੰਘ ਡਫਰ, ਹਰਪਾਲ ਸਿੰਘ ਸੰਘਾ, ਹਰਦੇਵ ਸਿੰਘ ਸੰਧੂ, ਇੰਦਰਜੀਤ ਸਿੰਘ ਕੋਟਾਬੁੱਢਾ,ਗੁਰਬਖਸ਼ ਸਿੰਘ ਬਰਨਾਲਾ, ਮੇਜਰ ਸਿੰਘ ਪੁੰਨਾਵਾਲ, ਅਵਤਾਰ ਸਿੰਘ ਮੇਹਲੋਂ, ਬਲਵੰਤ ਸਿੰਘ ਬਹਿਰਾਮ ਕੇ, ਜਸਵਿੰਦਰ ਸਿੰਘ ਸਾਈਆਂ ਵਾਲਾ, ਸੁਖਜਿੰਦਰ ਸਿੰਘ ਖੋਸਾ,ਹਰਸ਼ਲਿੰਦਰ ਸਿੰਘ ਢਿੱਲੋਂ  ਕਿਸ਼ਨਗੜ੍ਹ ਆਦਿ ਨੇ ਕੀਤੀ | ਉਨ੍ਹਾਂ ਕਿਹਾ ਕਿ ਜਦੋਂ ਤੋਂ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ ਲਗਾਤਾਰ ਸੂਬਿਆਂ ਦੇ ਹੱਕਾਂ ਉਤੇ ਡਾਕੇ ਮਾਰੇ ਜਾ ਰਹੇ ਹਨ ਜੋ ਕਿ ਸੰਵਿਧਾਨ ਵਿਰੋਧੀ ਕਾਰਵਾਈਆਂ ਹਨ  | ਅੱਜ ਦੇ ਪ੍ਰਦਰਸ਼ਨਾਂ ਵਿਚ ਉਨ੍ਹਾਂ ਮੰਗ ਕੀਤੀ ਕਿ ਧਾਰਮਕ ਪਹਿਰਾਵੇ ਹਿਜਾਬ ਜਾਂ ਦਸਤਾਰ 'ਤੇ ਪਾਬੰਦੀ ਲਾਉਣ ਵਾਲੇ ਲੋਕ ਵਿਰੋਧੀ ਫ਼ੈਸਲੇ ਵਾਪਸ ਲਏ ਜਾਣ | ਇਸ ਨਾਲ ਹੀ ਪੰਜਾਬ ਸਰਕਾਰ ਨੂੰ  ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਿਲੇਬਸ ਵਿਚ ਕੀਤੀ ਗਈ ਛੇੜਛਾੜ ਤੁਰਤ ਵਾਪਸ ਲਈ ਜਾਵੇ | ਆਗੂਆਂ ਨੇ ਦਸਿਆ ਕਿ 7  ਮਾਰਚ ਨੂੰ  ਲੁਧਿਆਣਾ ਵਿਖੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕਣ ਲਈ ਜਥੇਬੰਦੀਆਂ ਦੀ ਮੀਟਿੰਗ ਸੱਦ ਲਈ ਗਈ ਹੈ ਜਿਸ ਵਿਚ ਸੰਘਰਸ਼ ਦਾ ਅਗਲਾ ਐਲਾਨ ਕੀਤਾ ਜਾਵੇਗਾ  |