7 ਮਾਰਚ ਸ਼ਾਮ 6 ਵਜੇ ਤੋਂ ਸਾਰੇ ਖੇਤਰੀ ਤੇ ਨੈਸ਼ਨਲ ਚੈਨਲਾਂ ਨੇ ਐਗਜ਼ਿਟ ਪੋਲਾਂ ਦੀ ਆਰੰਭੀ ਤਿਆਰੀ
7 ਮਾਰਚ ਸ਼ਾਮ 6 ਵਜੇ ਤੋਂ ਸਾਰੇ ਖੇਤਰੀ ਤੇ ਨੈਸ਼ਨਲ ਚੈਨਲਾਂ ਨੇ ਐਗਜ਼ਿਟ ਪੋਲਾਂ ਦੀ ਆਰੰਭੀ ਤਿਆਰੀ
ਤਿਕੋਨੇ ਅਤੇ ਬਹੁਕੋਨੇ ਮੁਕਾਬਲਿਆਂ ਨੇ ਵਿਗਾੜ ਕੇ ਰੱਖ ਦਿਤੇ ਚੋਣ ਸਮੀਕਰਨ
ਕੋਟਕਪੂਰਾ, 4 ਮਾਰਚ (ਗੁਰਿੰਦਰ ਸਿੰਘ) : ਚੋਣ ਕਮਿਸ਼ਨ ਦੀ 7 ਮਾਰਚ ਸ਼ਾਮ 6:00 ਵਜੇ ਤਕ ਐਗਜ਼ਿਟ ਪੋਲਾਂ 'ਤੇ ਲਾਈ ਪਾਬੰਦੀ ਕਾਰਨ ਭਾਵੇਂ 20 ਫਰਵਰੀ ਦੀ ਪੋਲਿੰਗ ਤੋਂ ਬਾਅਦ ਇਕਦਮ ਮਾਹੌਲ ਸ਼ਾਂਤ ਹੋ ਗਿਆ ਹੈ ਪਰ ਹੁਣ ਸਾਰੇ ਖੇਤਰੀ ਅਤੇ ਨੈਸ਼ਨਲ ਚੈਨਲਾਂ ਨੇ ਕਮਰਕੱਸੇ ਕਸਦਿਆਂ ਅਰਥਾਤ ਹਰ ਤਰ੍ਹਾਂ ਦੀ ਤਿਆਰੀ ਦਾ ਬਿਗਲ ਵਜਾਉਂਦਿਆਂ ਐਲਾਨ ਕਰ ਦਿਤਾ ਹੈ ਕਿ 7 ਮਾਰਚ ਸ਼ਾਮ ਨੂੰ 6:00 ਵਜੇ ਸਾਡੇ ਚੈਨਲ 'ਤੇ ਨਿਰਪੱਖ ਅਤੇ ਸਟੀਕ ਐਗਜ਼ਿਟ ਪੋਲ ਦੇਖਣ ਨੂੰ ਮਿਲਣਗੇ ਤਾਂ ਚੋਣਾਂ ਲੜਨ ਵਾਲੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧਣੀਆਂ ਸੁਭਾਵਕ ਹਨ, ਕਿਉਂਕਿ ਸਹੀ ਨਤੀਜਾ ਤਾਂ ਭਾਵੇਂ 10 ਮਾਰਚ ਨੂੰ ਹੀ ਆਵੇਗਾ, ਕਿਤੇ ਢੋਲ ਤੇ ਡੱਗਾ, ਕਿਤੇ ਉਦਾਸੀਆਂ ਦਾ ਆਲਮ ਅਰਥਾਤ 10 ਮਾਰਚ ਨੂੰ ਪੰਜਾਬ ਨਵਾਂ ਇਤਿਹਾਸ ਸਿਰਜੇਗਾ ਪਰ 7 ਮਾਰਚ ਸ਼ਾਮ ਨੂੰ ਐਗਜ਼ਿਟ ਪੋਲਾਂ ਤੋਂ ਬਾਅਦ ਕਿਸ ਪਾਰਟੀ ਦੀ ਸਰਕਾਰ ਬਣੇਗੀ, ਬਾਰੇ ਚਰਚਾ ਛਿੜਨੀ ਸੁਭਾਵਕ ਹੈ |
ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦਾ 18 ਫ਼ਰਵਰੀ ਦੀ ਸ਼ਾਮ 6:00 ਵਜੇ ਨੂੰ ਚੋਣ ਪ੍ਰਚਾਰ ਵਾਲਾ ਸ਼ੋਰ ਸ਼ਰਾਬਾ ਬੰਦ, 20 ਫ਼ਰਵਰੀ ਨੂੰ ਪੋਲਿੰਗ ਪਰ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਰਾਜਨੀਤੀ ਵਿਚ ਮਾੜੀ ਮੋਟੀ ਜਾਂ ਡੂੰਘੀ ਦਿਲਚਸਪੀ ਰੱਖਣ ਵਾਲੇ ਵਿਅਕਤੀ ਤੋਂ ਲੈ ਕੇ ਪੱਤਰਕਾਰ, ਲੀਡਰ, ਉਮੀਦਵਾਰ ਅਤੇ ਰਾਜਨੀਤਿਕ ਵਿਸ਼ਲੇਸ਼ਕ ਸਾਰੇ ਹੀ ਸੰਭਾਵਿਤ ਨਤੀਜਿਆਂ ਨੂੰ ਪੂਰੀ ਤਰਾਂ ਸਮਝਣ ਤੋਂ ਅਸਮਰੱਥ ਰਹੇ, ਸੱਟੇਬਾਜ਼ੀ ਦਾ ਜ਼ੋਰ
ਰਿਹਾ, ਅਟਕਲਪੱਚੂ ਆਪੋ ਅਪਣੇ ਦਾਅਵੇ ਕਰਦੇ ਰਹੇ, ਅਸਲ ਵਿਚ ਇਸ ਵਾਰ ਚੋਣ ਪ੍ਰਕਿਰਿਆ ਜਿੰਨੀ ਗੁੰਝਲਦਾਰ ਨਜ਼ਰ ਆਈ, ਪਹਿਲਾਂ ਕਦੇ ਵੀ ਅਜਿਹਾ ਦੇਖਣ ਨੂੰ ਨਹੀਂ ਮਿਲਿਆ, ਕਿਉਂਕਿ ਇਸ ਵਾਰ ਚੋਣ ਮੁਕਾਬਲੇ ਤਿਕੋਨੇ, ਚਹੁਕੋਨੇ ਅਤੇ ਬਹੁਕੋਨੇ ਸਨ |
ਅਕਾਲੀ ਦਲ ਤੋਂ ਟੁੱਟ ਕੇ ਭਾਜਪਾ ਨੇ ਇਸ ਵਾਰ ਅਚਾਨਕ ਬਣੇ ਨਵੇਂ ਸਾਥੀਆਂ ਨਾਲ ਪਹਿਲੀ ਵਾਰ ਗਠਜੋੜ ਵਲੋਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਉਮੀਦਾਵਰ ਖੜੇ ਕੀਤੇ, ਭਾਜਪਾ ਨੇ ਵੋਟਾਂ ਨੂੰ ਧਾਰਮਕ ਤੌਰ 'ਤੇ ਸੰਗਠਤ ਕਰਨ ਦੀ ਵੀ ਕੌਸ਼ਿਸ਼ ਕੀਤੀ, ਜਿਸ ਨਾਲ ਸਮੀਕਰਨ ਵਿਗੜ ਗਏ, ਨਰਿੰਦਰ ਮੋਦੀ, ਅਮਿਤ ਸ਼ਾਹ, ਜੇ.ਪੀ. ਨੱਢਾ, ਰਾਜਨਾਥ ਸਿੰਘ ਅਤੇ ਗਜੇਂਦਰ ਸਿੰਘ ਸ਼ੇਖਾਵਤ ਵਰਗੇ ਸੀਨੀਅਰ ਭਾਜਪਾ ਆਗੂਆਂ ਨੇ ਵੱਖ ਵੱਖ ਡੇਰੇਦਾਰਾਂ ਨਾਲ ਮੁਲਾਕਾਤਾਂ ਕੀਤੀਆਂ, ਸੋਦਾ ਸਾਧ ਦੀ ਫਰਲੋ ਤੋਂ ਬਾਅਦ ਡੇਰਾ ਸਿਰਸਾ ਦੇ ਰਾਜਸੀ ਵਿੰਗ ਵਲੋਂ ਭਾਜਪਾ ਅਤੇ ਅਕਾਲੀ ਦਲ ਦੀ ਵੱਖੋ ਵਖਰੀਆਂ ਸੀਟਾਂ 'ਤੇ ਮਦਦ ਕੀਤੀ |
ਸੰਯੁਕਤ ਸਮਾਜ ਮੋਰਚੇ ਦੀ ਮੌਜੂਦਗੀ, ਨਵਜੋਤ ਸਿੰਘ ਸਿੱਧੂ ਦਾ ਐਨ ਚੋਣਾਂ ਦੇ ਸਿਖਰ ਦੌਰਾਨ ਵਾਲਾ ਵਤੀਰਾ, ਚਰਨਜੀਤ ਸਿੰਘ ਚੰਨੀ ਦੇ ਭਾਣਜੇ ਤੋਂ ਮਿਲੀ 10 ਕਰੋੜ ਰੁਪਏ ਦੀ ਵੱਡੀ ਰਕਮ ਵਰਗੀਆਂ ਕਈ ਘਟਨਾਵਾਂ ਕਰ ਕੇ ਚੋਣ ਸਮੀਕਰਨਾ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੋਇਆ ਪਿਆ ਹੈ ਪਰ ਫਿਰ ਵੀ ਪੰਡਤਾਂ, ਜੋਤਸ਼ੀਆਂ ਅਤੇ ਪੁਜਾਰੀਆਂ ਕੋਲ ਵੀ ਵਹਿਮ-ਭਰਮ ਤੇ ਕਰਮਕਾਂਡਾਂ 'ਚ ਵਿਸ਼ਵਾਸ਼ ਕਰਨ ਵਾਲੇ ਉਮੀਦਵਾਰਾਂ ਦਾ ਤਾਂਤਾਂ ਲੱਗਾ ਹੋਇਆ ਹੈ |
ਅਪਣੀ ਵਿਰੋਧੀ ਪਾਰਟੀ ਉਪਰ ਧੂੰਆਂ-ਧਾਰ ਦੂਸ਼ਣਬਾਜੀ ਕਰਦਿਆਂ ਚੋਣ ਸਰਗਰਮੀਆਂ ਦੌਰਾਨ ਹਰ ਉਮੀਦਵਾਰ ਨੇ ਵੋਟਰਾਂ ਨੂੰ ਸਾਵਧਾਨ ਕਰਨ ਮੌਕੇ ਆਖਿਆ ਕਿ ਤੁਹਾਨੂੰ ਪੈਸੇ ਜਾਂ ਸ਼ਰਾਬ ਦੇ ਲਾਲਚ ਵਿਚ ਖ਼ਰੀਦਿਆ ਜਾ ਸਕਦਾ ਹੈ | ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਵੱਲੋਂ ਆਪਣੀ ਚੰਗੀ ਕਾਰਗੁਜਾਰੀ ਦੇ ਦਾਅਵੇ ਤਾਂ ਜਰੂਰ ਕੀਤੇ ਜਾ ਰਹੇ ਹਨ ਪਰ ਜੇਕਰ ਮੁੱਖ ਧਿਰਾਂ ਨੂੰ ਸਰਕਾਰ ਬਣਾਉਣ ਲਈ ਲੋੜੀਂਦੀ ਗਿਣਤੀ ਨਾ ਮਿਲ ਸਕੀ ਤਾਂ ਨਵੇਂ ਚੁਣੇ ਵਿਧਾਇਕਾਂ ਦੀ ਭੰਨਤੋੜ ਹੋਣ ਦੀ ਚਿੰਤਾ ਸਾਰੀਆਂ ਪਾਰਟੀਆਂ ਨੂੰ ਸਤਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਨੇ ਅਪਣੇ ਪੰਜਾਬ ਸਮੇਤ ਉਤਰਾਖੰਡ ਅਤੇ ਗੋਆ ਤੋਂ ਚੁਣੇ ਜਾਣ ਵਾਲੇ ਪਾਰਟੀ ਵਿਧਾਇਕਾਂ ਨੂੰ ਜੈਪੁਰ ਵਿਖੇ ਰੱਖਣ ਦਾ ਫ਼ੈਸਲਾ ਕੀਤਾ ਹੈ ਜਦਕਿ ਆਮ ਆਦਮੀ ਪਾਰਟੀ ਨੇ ਅਪਣੇ ਸਾਰੇ 117 ਉਮੀਦਵਾਰਾਂ ਨੂੰ 10 ਮਾਰਚ ਨੂੰ ਸਵੇਰ ਸਮੇਂ ਹੀ ਦਿੱਲੀ ਲਈ ਚਾਲੇ ਪਾਉਣ ਦੀ ਹਦਾਇਤ ਕਰ ਦਿਤੀ ਹੈ |