ਦੇਸ਼ 'ਚ ਪੂਰੀ ਕਰਵਾਈ ਜਾਵੇ ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਦੀ ਅਧੂਰੀ ਪੜ੍ਹਾਈ : ਭਗਵੰਤ ਮਾਨ
ਦੇਸ਼ 'ਚ ਪੂਰੀ ਕਰਵਾਈ ਜਾਵੇ ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਦੀ ਅਧੂਰੀ ਪੜ੍ਹਾਈ : ਭਗਵੰਤ ਮਾਨ
ਚੰਡੀਗੜ੍ਹ, 4 ਮਾਰਚ (ਨਰਿੰਦਰ ਸਿੰਘ ਝਾਮਪੁਰ): ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਅਤੇ ਯੂਕਰੇਨ ਦੇ ਸਰਹੱਦੀ ਖੇਤਰਾਂ ਵਿਚ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਇਕਮੁਸ਼ਤ ਦੇਸ਼ ਵਾਪਸੀ ਕਰਵਾ ਕੇ ਉਨ੍ਹਾਂ ਦੀ ਅਧੂਰੀ ਪੜ੍ਹਾਈ ਦੇਸ਼ (ਭਾਰਤ) ਅੰਦਰ ਹੀ ਕਰਵਾਏ ਜਾਣ ਦਾ ਫੌਰੀ ਪ੍ਰਬੰਧ ਕਰਨ ਤਾਕਿ ਵਿਦਿਆਰਥੀ ਨੂੰ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਅਤੇ ਅਕਾਦਮਿਕ ਪੱਧਰ 'ਤੇ ਕੋਈ ਨੁਕਸਾਨ ਨਾ ਹੋਵੇ |
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ,Tਅਜੇ ਵੀ ਹਜ਼ਾਰਾਂ ਭਾਰਤੀ ਵਿਦਿਆਰਥੀ ਜਿਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀ ਅਤੇ ਹਰਿਆਣਵੀ ਵਿਦਿਆਰਥੀਆਂ ਦੀ ਹੈ, ਯੂਕਰੇਨ ਵਿਚ ਫਸੇ ਹੋਏ ਹਨ | ਸਾਡੇ ਕੋਲ ਵੱਡੀ ਗਿਣਤੀ ਵਿਚ ਮਾਪੇ ਅਤੇ ਵਿਦਿਆਰਥੀ ਸੰਪਰਕ ਕਰ ਰਹੇ ਹਨ, ਜੋ ਕੀਵ, ਖਰਕੀਵ ਆਦਿ ਯੂਕਰੇਨੀ ਸ਼ਹਿਰਾਂ ਅਤੇ ਹੰਗਰੀ, ਪੋਲੈਂਡ, ਰੋਮਾਨੀਆ ਆਦਿ ਮੁਲਕਾਂ ਦੀਆਂ ਅੰਤਰਰਾਸ਼ਟਰੀ ਸਰਹੱਦਾਂ 'ਤੇ ਫਸੇ ਹੋਏ ਹਨ | ਮਿਲ ਰਹੀਆਂ ਸੂਚਨਾਵਾਂ ਅਤੇ ਸ਼ਿਕਾਇਤਾਂ ਤੋਂ ਸਾਫ਼ ਹੈ ਕਿ ਭਾਰਤੀ ਸਰਕਾਰ ਖ਼ਾਸ ਕਰ ਕੇ ਭਾਰਤੀ ਦੂਤਾਵਾਸ ਅਪਣੇ ਨਾਗਰਿਕਾਂ-ਵਿਦਿਆਰਥੀਆਂ ਨਾਲ ਲੋੜੀਂਦਾ ਸੰਪਰਕ ਰੱਖਣ ਵਿਚ ਵੀ ਬੁਰੀ ਤਰ੍ਹਾਂ ਫ਼ੇਲ੍ਹ ਰਹੀ ਹੈ | ਜਦਕਿ ਅਜਿਹੀ ਸੰਵੇਦਨਸ਼ੀਲ ਸਥਿਤੀ ਵਿਚ ਪੋਲੈਂਡ, ਹੰਗਰੀ, ਬੇਲਾਰੂਸ, ਰੂਸ ਅਤੇ ਯੂਕਰੇਨ ਨਾਲ ਲਗਦੇ ਬਾਕੀ ਸਾਰੇ ਮੁਲਕਾਂ 'ਚ ਤਾਇਨਾਤ ਭਾਰਤੀ ਮੂਲ ਦੇ ਦੂਤਾਵਾਸਾਂ ਨੂੰ ਆਪਸੀ ਤਾਲਮੇਲ ਨਾਲ ਦਿਨ-ਰਾਤ ਇਸ ਮਿਸ਼ਨ ਵਿਚ ਜੁਟੇ ਹੋਣਾ ਚਾਹੀਦਾ ਸੀ, ਪ੍ਰੰਤੂ ਬਦਕਿਸਮਤੀ ਨਾਲ ਭਾਰਤੀ ਵਿਦੇਸ਼ ਮੰਤਰਾਲੇ ਅਤੇ ਸਾਡੇ ਦੂਤਾਵਾਸਾਂ ਦਾ ਸਬੰਧਤ ਮੁਲਕਾਂ ਨਾਲ ਤਾਲਮੇਲ ਬੇਹੱਦ ਢਿੱਲਾ ਰਿਹਾ ਹੈ ਜਿਸ ਦੀ ਕੀਮਤ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਚੁਕਾਉਣੀ ਪੈ ਰਹੀ ਹੈ |''
ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਕ ਕਮੇਟੀ ਗਠਤ ਕਰੇ ਜੋ ਇਹ ਯਕੀਨੀ ਬਣਾਏ ਕਿ ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇਥੇ ਹੀ ਅਪਣੀ ਪੜ੍ਹਾਈ ਜਾਰੀ ਰੱਖ ਸਕਣ ਅਤੇ ਡਿਗਰੀਆਂ ਪੂਰੀਆਂ ਕਰ ਸਕਣ |