BBMB ਮੁੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ
ਮੋਦੀ ਸਰਕਾਰ ਦਾ ਪੁਤਲਾ ਫੂਕਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ
ਟਾਂਡਾ- ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਹਰਿਆਣਾ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਵਿਰੋਧ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਟਾਂਡਾ ਇਲਾਕੇ ਵਿੱਚ ਤਿੰਨ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦੇ ਪੁਤਲੇ ਫੂਕੇ। ਕਿਸਾਨਾਂ ਨੇ ਇਹ ਪ੍ਰਦਰਸ਼ਨ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਟਾਂਡਾ ਦੇ ਸਰਕਾਰੀ ਹਸਪਤਾਲ ਚੋਂਕ ਵਿਖੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਹੇਠ ਕੀਤਾ।
ਮੋਦੀ ਸਰਕਾਰ ਦਾ ਪੁਤਲਾ ਫੂਕਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ ਅਤੇ ਕੇਂਦਰ ਸਰਕਾਰ ਵੱਲੋਂ ਬੀ. ਬੀ. ਐੱਮ. ਬੀ. ਵਿੱਚ ਪੰਜਾਬ ਅਤੇ ਹਰਿਆਣਾ ਦੀ ਪ੍ਰਤੀਨਿਧਤਾ ਖਤਮ ਕਰਨ ਦਾ ਸਖ਼ਤ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਨਿੱਜੀਕਰਨ ਦੀਆਂ ਨੀਤੀਆਂ ਵੱਲ ਕਦਮ ਵਧਾ ਰਹੀ ਹੈ, ਜਿਸ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਅਤੇ ਹਰਿਆਣਾ ਦੀ ਮੈਂਬਰਸ਼ਿਪ ਖ਼ਤਮ ਕਰਕੇ ਕਿਸੇ ਹੋਰ ਸੂਬੇ ਤੋਂ ਚੇਅਰਮੈਨ ਨਿਯੁਕਤ ਕਰਕੇ ਡੈਮ ਤੇ ਕਬਜੇ ਕੀਤੇ ਜਾ ਰਹੇ ਹਨ।
ਇਹ ਪੰਜਾਬ ਦੇ ਪਾਣੀ ਨੂੰ ਲੁੱਟਣ ਦਾ ਨਵਾਂ ਤਰੀਕਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਨਿੱਜੀਕਰਨ ਨੂੰ ਅੱਗੇ ਵਧਾ ਰਹੀ ਹੈ। ਇਸ ਮੌਕੇ ਲੱਖੀ ਰਾੜਾ, ਬੂਟਾ ਸਿੰਘ, ਭਜਨ ਸਿੰਘ, ਸਤਨਾਮ ਸਿੰਘ ਔਲਖ, ਗੁਰਦੇਵ ਸਿੰਘ , ਗੋਰਾ ਬੱਸੀ, ਮਨਦੀਪ ਸਿੰਘ, ਜਸਵੀਰ ਸਿੰਘ, ਕੁਲਵੀਰ ਸਿੰਘ, ਬਰਕਤ ਅਲੀ, ਹਮੀਦ ਮੁਹੰਮਦ, ਵਿੱਕੀ, ਸਤਨਾਮ ਸਿੰਘ, ਜਗਜੀਵਨ ਸਿੰਘ, ਰਜ਼ਾ ਬਾਜਵਾ ਸਮੇਤ ਹੋਰ ਵੀ ਲੋਕ ਮੌਜੂਦ ਸਨ।