ਰੂਸ ਦੀ ਯੋਜਨਾ ਯੂਕਰੇਨ ਨੂੰ ਵੰਡਣ ਦੀ ਹੈ

ਏਜੰਸੀ

ਖ਼ਬਰਾਂ, ਪੰਜਾਬ

ਰੂਸ ਦੀ ਯੋਜਨਾ ਯੂਕਰੇਨ ਨੂੰ ਵੰਡਣ ਦੀ ਹੈ

image

 

ਦੁਨੀਆਂ ਅਤੇ ਯੂਕਰੇਨ ਨੂੰ  ਅਪਣੇ ਅਨੁਸਾਰ ਬਣਾਉਣਾ ਚਾਹੁੰਦੇ ਹਨ ਪੁਤਿਨ

ਮਾਸਕੋ, 4 ਮਾਰਚ : ਰੂਸ ਦੇ ਅਖ਼ਬਾਰ ਨੋਵੇ ਗਜ਼ਟ ਨੇ ਕਿਹਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਯੋਜਨਾ ਯੂਕਰੇਨ ਨੂੰ  ਕੁੱਝ ਇਸ ਤਰੀਕੇ ਨਾਲ ਵੰਡਣ ਦੀ ਹੈ ਕਿ ਰਾਜਧਾਨੀ ਕੀਵ ਸਮੇਤ ਦੇਸ਼ ਦਾ ਮੱਧ ਅਤੇ ਪੂਰਬੀ ਹਿੱਸਾ ਰੂਸ ਪੱਖੀ ਰਹੇ, ਜਦੋਂ ਕਿ ਯੂਰਪ ਨਾਲ ਲਗਦੇ ਪਛਮੀ ਹਿੱਸਿਆਂ ਨੂੰ  ਛੱਡ ਦਿਤਾ ਜਾਵੇ ਤਾਂ ਜੋ ਉਹ ਜਿਵੇਂ ਕਰਨਾ ਚਾਹੁੰਦੇ ਹਨ ਉਂਝ ਕਰ ਸਕਣ | ਨੋਵੇ ਗਜ਼ਟ ਦੇ ਮੁੱਖ ਸੰਪਾਦਕ ਅਤੇ ਪਿਛਲੇ ਸਾਲ ਫਿਲੀਪੀਨ ਦੀ ਪੱਤਰਕਾਰ ਮਾਰੀਆ ਰੇਸਾ ਨਾਲ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੇ ਦਮਿੱਤਰੀ ਮੁਰਾਤੋਵ ਨੇ ਵੀ 'ਦਿ ਨਿਊ ਯਾਰਕਰ' ਨੂੰ  ਦਿਤੇ ਇਕ ਇੰਟਰਵਿਊ ਵਿਚ ਕਿਹਾ ਕਿ ਆਮ ਰੂਸੀ ਯੂਕਰੇਨ ਵਿਰੁਧ ਜੰਗ ਦਾ ਸਮਰਥਕ ਨਹੀਂ ਹੈ ਅਤੇ ਇਕ ਤਿਹਾਈ ਤੋਂ ਵਧ ਆਬਾਦੀ ਫ਼ੌਜੀ ਕਾਰਵਾਈ ਦੇ ਵਿਰੁਧ ਹੈ |
ਮੁਰਾਤੋਵ ਨੇ ਕਿਹਾ ਕਿ ਰੂਸੀ ਸਰਕਾਰ ਯੂਕਰੇਨ ਨੂੰ  ਕੁੱਝ ਇਸ ਤਰ੍ਹਾਂ ਵੰਡਣ ਦੀ ਯੋਜਨਾ ਬਣਾ ਰਹੀ ਹੈ ਕਿ ਯੂਕਰੇਨ ਦਾ ਪਛਮੀ ਹਿੱਸਾ, ਜਿਸਦਾ ਕੇਂਦਰ ਲਵੀਵ ਹੈ, ਉਸ ਖੇਤਰ ਨੂੰ  ਉਸ ਦੇ ਹਾਲ 'ਤੇ ਛੱਡ ਦਿਤਾ ਜਾਵੇ ਅਤੇ ਮੱਧ ਯੂਕਰੇਨ, ਜਿਸ ਦਾ ਕੇਂਦਰ ਕੀਵ ਹੈ, ਇਸ ਖੇਤਰ 'ਤੇ ਪੁਤਿਨ ਸਮਰਥਕ ਸਰਕਾਰ ਦਾ ਸ਼ਾਸਨ ਹੋਵੇ | ਅਜਿਹੀ ਸਰਕਾਰ ਜਿਸ ਦਾ ਝੁਕਾਅ ਰੂਸ ਵਲ ਹੋਵੇ ਨਾ ਕਿ ਪਛਮੀ ਦੇਸ਼ਾਂ ਵਲ | ਉਨ੍ਹਾਂ ਕਿਹਾ ਕਿ ਜਿਥੋਂ ਤਕ ਪੂਰਬੀ ਹਿੱਸੇ ਦਾ ਸਬੰਧ ਹੈ, ਪੂਰੇ ਡੋਨਬਾਸ ਖੇਤਰ ਨੂੰ  ਰੂਸ ਨਾਲ ਰਲੇਵੇਂ ਨੂੰ  ਸਵੀਕਾਰ ਕਰਨਾ ਚਾਹੀਦਾ ਹੈ | ਅਸਲ ਵਿਚ, ਜ਼ਿਆਦਾਤਰ ਰੂਸੀ ਲੋਕ ਫ਼ੌਜੀ ਕਾਰਵਾਈ ਦੇ ਹੱਕ ਵਿਚ ਨਹੀਂ ਹਨ | ਲੋਕ ਕਿਸੇ ਵੀ ਤਰ੍ਹਾਂ ਜੰਗ ਖ਼ਾਸ ਕਰ ਕੇ ਯੂਕਰੇਨ ਖ਼ਿਲਾਫ਼ ਜੰਗ ਦੇ ਸਮਰਥਨ ਵਿਚ ਨਹੀਂ ਹਨ | ਇਸ ਲੜਾਈ ਨੂੰ  ਲੈ ਕੇ ਰੂਸ ਵਿਚ ਕਿਸੇ ਤਰ੍ਹਾਂ ਦਾ ਸਮਰਥਨ ਨਹੀਂ ਮਿਲ ਰਿਹਾ | ਸਗੋਂ ਇਕ ਮਿਲੀਅਨ ਲੋਕਾਂ ਨੇ ਆਨਲਾਈਨ ਪਲੇਟਫਾਰਮ 'ਤੇ Tਨੋ ਟੂ ਵਾਰ'' ਮੁਹਿੰਮ 'ਤੇ ਦਸਤਖ਼ਤ ਕੀਤੇ ਹਨ |
ਇਸੇ ਦੌਰਾਨ ਰੂਸੀ ਫ਼ੌਜ ਨੇ ਜਪੋਰਿਜੀਆ ਪਰਮਾਣੂ ਪਾਵਰ ਪਲਾਂਟ 'ਤੇ ਕਬਜ਼ਾ ਕਰ ਲਿਆ ਹੈ | ਇਸ ਤੋਂ ਪਹਿਲਾਂ ਵੀ ਇਥੇ ਗੋਲੀਬਾਰੀ ਹੋਈ ਸੀ, ਜਿਸ ਕਾਰਨ ਪਲਾਂਟ ਨੂੰ  ਅੱਗ ਲੱਗ ਗਈ ਸੀ | ਰੂਸੀ ਸੈਨਿਕਾਂ ਨੇ ਪਲਾਂਟ ਦੇ ਪ੍ਰਸ਼ਾਸਨ ਅਤੇ ਨਿਯੰਤਰਣ ਇਮਾਰਤਾਂ 'ਤੇ ਕਬਜ਼ਾ ਕਰ ਲਿਆ | ਰੂਸ ਚੇਰਨੀਹਿਵ ਵਿਚ ਹਵਾਈ ਹਮਲੇ ਕਰ ਰਿਹਾ ਹੈ | ਇਨ੍ਹਾਂ ਹਮਲਿਆਂ 'ਚ 47 ਲੋਕਾਂ ਦੀ ਮੌਤ ਹੋ ਚੁੱਕੀ ਹੈ |
ਮੁਰਾਤੋਵ ਨੇ ਮੰਨਿਆ ਕਿ ਕੋਈ ਨਹੀਂ ਜਾਣਦਾ ਕਿ ਪੁਤਿਨ ਯੂਕਰੇਨ ਵਿਚ ਕਿਸ ਹੱਦ ਤਕ ਜਾਣਗੇ | ਬਿਨਾਂ ਸ਼ੱਕ ਉਹ ਵਿਸ਼ਵ ਅਤੇ ਯੂਕਰੇਨ ਨੂੰ  ਅਪਣੇ ਦਿ੍ਸ਼ਟੀਕੋਣ ਅਨੁਸਾਰ ਬਣਾਉਣਾ ਚਾਹੁੰਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਰੂਸ ਅਤੇ ਯੂਕਰੇਨ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦਾ ਕੋਈ ਸਕਾਰਾਤਮਕ ਨਤੀਜਾ ਨਿਕਲਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਕੀਤਾ | ਬਹੁਤ ਸਾਰੇ ਰੂਸੀ ਪੁਤਿਨ ਦੇ ਇਸ ਵਿਚਾਰ ਨਾਲ ਅਸਹਿਮਤ ਹਨ ਕਿ ਨਾਟੋ ਰੂਸ ਲਈ ਖਤਰਾ ਹੈ | ਨਾਟੋ ਨੇ ਕਦੇ ਵੀ ਰੂਸ 'ਤੇ ਹਮਲਾ ਨਹੀਂ ਕੀਤਾ | ਇਹ ਦਲੀਲ ਕਿ ਯੂਕਰੇਨ 'ਤੇ ਫ਼ਾਸ਼ੀਵਾਦੀਆਂ ਦਾ ਕਬਜ਼ਾ ਵਧਦਾ ਜਾ ਰਿਹਾ ਹੈ, ਇਸ 'ਤੇ ਕੁੱਝ ਵੀ ਸਪੱਸ਼ਟ ਨਹੀਂ ਕਿਹਾ ਜਾ ਸਕਦਾ | ਪੁਤਿਨ ਨੇ ਇਕ ਅਜਿਹੇ ਦੇਸ਼ ਦੇ ਖ਼ਿਲਾਫ਼ ਮੋਰਚਾ ਖੋਲਿ੍ਹਆ ਹੈ ਜਿਸ ਨੇ ਦੂਜੇ ਵਿਸ਼ਵ ਯੁੱਧ ਵਿਚ ਲਗਭਗ 80 ਲੱਖ ਲੋਕ ਗੁਆ ਦਿਤੇ ਸਨ |
ਇੰਨਾ ਹੀ ਨਹੀਂ ਰੂਸੀ ਬੁੱਧੀਜੀਵੀ, ਜਿਨ੍ਹਾਂ ਵਿਚ ਲੇਖਕ, ਪੱਤਰਕਾਰ ਅਤੇ ਵਿਗਿਆਨੀ ਆਦਿ ਸ਼ਾਮਲ ਹਨ, ਉਨ੍ਹਾਂ ਦਾ ਵੀ ਕੁੱਝ ਇਸ ਤਰ੍ਹਾਂ ਦਾ ਹੀ ਮੰਨਣਾ ਹੈ |
ਯੂਕਰੇਨ ਖ਼ਿਲਾਫ਼ ਜੰਗ ਦੇ ਕੱਟੜ ਵਿਰੋਧੀ ਮੁਰਾਤੋਵ ਨੇ ਪੁਤਿਨ 'ਤੇ ਰੂਸੀ ਨੌਜਵਾਨਾਂ ਦੇ ਭਵਿੱਖ ਨੂੰ  ਬਰਬਾਦ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਇਸ ਯੁੱਧ ਦਾ ਸਮਰਥਨ ਨਹੀਂ ਕਰਦੇ |
ਇਸ ਦੌਰਾਨ ਰੂਸੀ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਨਸਕੀ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਇਕ ਬੰਕਰ ਤੋਂ ਭੱਜ ਕੇ ਪੋਲੈਂਡ ਚਲੇ ਗਏ ਹਨ ਜਿਸ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਇਸ ਖ਼ਬਰ ਦਾ ਖੰਡਨ ਕਰਦੇ ਹੋਏ ਬਿਆਨ ਦਿਤਾ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਨਸਕ ਕੀਵ ਵਿਚ ਹੀ ਹਨ |
ਯੂਕਰੇਨ ਦੇ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ  ਕਿਹਾ ਕਿ ਦੇਸ਼ ਵਿਚ ਯੂਰਪ ਦੇ ਸੱਭ ਤੋਂ ਵੱਡੇ ਪਰਮਾਣੂ ਪਲਾਂਟ ਵਿਚ ਰੂਸੀ ਗੋਲਾਬਾਰੀ ਕਾਰਨ ਲੱਗੀ ਅੱਗ ਨੂੰ  ਕਾਬੂ ਕਰ ਲਿਆ ਗਿਆ ਹੈ ਅਤੇ ਇਸ ਪਲਾਂਟ 'ਤੇ ਰੂਸੀ ਫ਼ੌਜ ਨੇ ਕਬਜ਼ਾ ਕਰ ਲਿਆ ਹੈ | ਇਸ ਦੌਰਾਨ ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਰੂਸ ਦੇ ਪਰਮਾਣੂ ਊਰਜਾ ਪਲਾਂਟ 'ਤੇ ਹਮਲੇ ਨੂੰ  ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਉਣ ਦੀ ਬੇਨਤੀ ਕੀਤੀ ਹੈ | ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿਤੀ | ਯੂਕਰੇਨ ਦੇ ਰਾਜ ਪਰਮਾਣੂ ਰੈਗੂਲੇਟਰ ਨੇ ਕਿਹਾ ਕਿ ਐਨਰਹੋਦਰ ਸ਼ਹਿਰ ਦੇ ਜਪੋਰਿਜੀਆ ਪਲਾਂਟ ਵਿਚ ਰੇਡੀਏਸ਼ਨ ਦੇ ਪੱਧਰ ਵਿਚ ਕੋਈ ਬਦਲਾਅ ਨਹੀਂ ਆਇਆ ਹੈ | ਪਲਾਂਟ ਦੇ ਕਰਮਚਾਰੀ ਇਸ ਦਾ ਮੁਆਇਨਾ ਕਰ ਰਹੇ ਹਨ ਅਤੇ ਰਿਐਕਟਰ ਨੰਬਰ-1 ਦੇ ਕੰਪਾਰਟਮੈਂਟ ਨੂੰ  ਹੋਏ ਨੁਕਸਾਨ ਦਾ ਪਤਾ ਲਗਾ ਰਹੇ ਹਨ |