SGPC ਨੇ ਸਿੱਖਾਂ ਦੇ ਕਕਾਰਾਂ ਦੀ ਰੱਖਿਆ ਲਈ ਸਰਕਾਰੀ ਹੁਕਮ ਜਾਰੀ ਕਰਨ ਦੀ ਕੀਤੀ ਮੰਗ
ਸਿੱਖਾਂ ਦੇ ਕਕਾਰਾਂ ਦੀ ਰੱਖਿਆ ਅਤੇ ਕਰਨਾਟਕ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਸਰਕਾਰੀ ਹੁਕਮ ਜਾਰੀ ਕਰਨ ਦੀ ਕੀਤੀ ਮੰਗ
ਅੰਮ੍ਰਿਤਸਰ - ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਨਾਟਕ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ ਜਿਸ ਵਿਚ ਕੁੱਝ ਮੈਂਬਰਾਂ ਨੇ ਸਿੱਖਾਂ ਦੇ ਕਕਾਰਾਂ ਦੀ ਰੱਖਿਆ ਅਤੇ ਕਰਨਾਟਕ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਸਰਕਾਰੀ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ। ਸ਼ੋਮਣੀ ਕਮੇਟੀ ਵੱਲੋਂ ਲਿਖਿਆ ਪੱਤਰ ਕੁੱਝ ਇਸ ਤਰ੍ਹਾਂ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਸ੍ਰੀ ਅੰਮ੍ਰਿਤਸਰ ਦੇ ਪੱਤਰ ਨੰ. 23577 ਮਿਤੀ 24/02/2022 ਅਤੇ 23592 ਮਿਤੀ 25/02/2022 ਦੇ ਸੰਦਰਭ ਵਿਚ ਹੈ, ਅਸੀਂ ਸਿੱਖਾਂ ਦੀ ਵਿਧਾਨਕ ਸਿਖਰ ਸੰਸਥਾ, SGPC ਵੱਲੋਂ, ਧੰਨਵਾਦ ਕਰਦੇ ਹਾਂ ਕਿ ਕਰਨਾਟਕ ਰਾਜ ਵਿੱਚ ਸਿੱਖ ਕੇਸਕੀ/ਪਟਕਾ/ਦਸਤਾਰ/ਦੁਮਾਲਾ/ਦਸਤਾਰ ਦੇ ਮੁੱਦੇ ਨੂੰ ਸੁਲਝਾਉਣ ਲਈ ਤੁਹਾਡਾ ਸਾਨੂੰ ਭਰਪੂਰ ਸਮਰਥਨ ਮਿਲਿਆ। ਅਸੀਂ ਤੁਹਾਡਾ ਧਿਆਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ 'ਸਿੱਖ ਦਸਤਾਰ' ਨਾਲ ਸਬੰਧਤ ਸਿੱਖ ਇਤਿਹਾਸ ਵੱਲ ਦਿਵਾਉਣਾ ਚਾਹੁੰਦੇ ਹਾਂ। ਵਿਸਾਖੀ ਦੇ ਦਿਨ, 13 ਅਪ੍ਰੈਲ, 1699 ਨੂੰ ਸਿੱਖਾਂ ਦੇ 10ਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੰਜ ਪਿਆਰਿਆਂ ਨੂੰ 'ਖਾਲਸਾ' ਵਜੋਂ ਪਵਿੱਤਰ ਖੰਡੇ ਕੀ ਪਾਹੁਲ/ਅੰਮ੍ਰਿਤ ਛਕਾਉਂਦਿਆਂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਅੰਮ੍ਰਿਤ ਛਕਾਉਂਦਿਆਂ ਗੁਰੂ ਜੀ ਆਪਣੇ ਖਾਲਸੇ ਨੂੰ ਹੁਕਮ ਦਿੱਤਾ ਸੀ ਕਿ (ਪੁਰਸ਼ ਅਤੇ ਔਰਤਾਂ ਦੋਵੇਂ) ਪਵਿੱਤਰ ਪੰਜ ਬੁਨਿਆਦੀ ਅਤੇ ਜ਼ਰੂਰੀ ਕਕਾਰ (ਕੰਘਾ, ਕੜਾ, ਕੇਸ, ਕਿਰਪਾਨ, ਕਛਹਿਰਾ) ਪਹਿਨਣ ਤੇ ਉਦੋਂ ਤੋਂ ਹੀ ਸਿੱਖ ਧਰਮ ਦੇ ਇਹ ਪਵਿੱਤਰ ਕਕਾਰ ਸਿੱਖਾਂ ਵੱਲੋਂ ਪਹਿਨੇ ਜਾ ਰਹੇ ਹਨ ਤੇ ਭਾਰਤ ਦੇ ਸੰਵਿਧਾਨ ਦੁਆਰਾ ਵੀ ਸਿੱਖਾਂ ਨੂੰ ਇਹ ਕਕਾਰ ਪਾਉਣ ਦੀ ਮਾਨਤਾ ਪ੍ਰਾਪਤ ਹੈ।
ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਸ ਦੇ ਬਾਵਜੂਦ, ਕੁਝ ਦਿਨ ਪਹਿਲਾਂ ਬੰਗਲੁਰੂ ਵਿਖੇ ਕਾਲਜ ਪ੍ਰਬੰਧਕਾਂ ਦੁਆਰਾ ਇੱਕ ਅੰਮ੍ਰਿਤਧਾਰੀ ਸਿੱਖ ਲੜਕੀ ਅਮਿਤੇਸ਼ਵਰ ਕੌਰ ਨੂੰ ਦਸਤਾਰ ਸਜਾ ਕੇ ਕਾਲਜ ਆਉਣ ਤੋਂ ਰੋਕਿਆ ਗਿਆ। ਜਿਸ ਤੋਂ ਬਾਅਦ ਤੁਹਾਡੇ ਸਮੇਂ ਸਿਰ ਦਖਲ ਅਤੇ ਸਹਿਯੋਗ ਸਦਕਾ ਉਕਤ ਮਸਲਾ ਹੱਲ ਹੋ ਗਿਆ ਹੈ ਅਤੇ ਅਮਿਤੇਸ਼ਵਰ ਕੌਰ ਆਮ ਵਾਂਗ ਕੇਸਕੀ/ਦਸਤਾਰ ਪਾ ਕੇ ਆਪਣੀਆਂ ਕਲਾਸਾਂ ਲਗਾ ਰਹੀ ਹੈ।
ਸ਼੍ਰੋਮਣੀ ਕਮੇਟੀ ਨੇ ਕਰਨਾਟਕ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਭਵਿੱਖ ਵਿੱਚ ਅਜਿਹੇ ਬੇਲੋੜੇ ਵਿਵਾਦਾਂ ਤੋਂ ਬਚਣ ਲਈ ਬੇਨਤੀ ਕਰਦੇ ਹਾਂ ਕਿ ਸਿੱਖ ਧਰਮ ਦੀਆਂ ਧਾਰਾਵਾਂ ਅਤੇ ਕਰਨਾਟਕ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਵਿਸ਼ੇਸ਼ ਸਰਕਾਰੀ ਆਦੇਸ਼ ਜਾਰੀ ਕੀਤੇ ਜਾਣ।