ਕਾਂਗਰਸੀ ਨੇਤਾਵਾਂ ਦੀ ਚੁੱਪ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਦਾ ਪ੍ਰਤੀਕ- ਤਰੁਣ ਚੁੱਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਪਾਰਟੀ ਨੂੰ ਆਪਣੇ ਵਿਧਾਇਕਾਂ 'ਤੇ ਭਰੋਸਾ ਨਹੀਂ ਹੈ

Tarun Chugh

 

ਅੰਮ੍ਰਿਤਸਰ: ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਸੂਬੇ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਅਹਿਸਾਸ ਹੋਣ ਲੱਗ ਪਿਆ ਹੈ। ਕਾਂਗਰਸ ਹਾਈਕਮਾਂਡ ਨੇ ਜਿਸ ਤਰ੍ਹਾਂ ਆਪਣੇ ਜੇਤੂ ਉਮੀਦਵਾਰਾਂ ਨੂੰ ਰਾਜਸਥਾਨ ਦੇ ਰਿਜ਼ੋਰਟ ’ਚ ਪਰਿਵਾਰ ਸਮੇਤ ਠਹਿਰਨ ਦੀ ਵਿਵਸਥਾ ਕਰਨੀ ਸ਼ੁਰੂ ਕਰ ਦਿੱਤੀ ਹੈ, ਇਸ ਤੋਂ ਇਕ ਸੰਕੇਤ ਤਾਂ ਇਹ ਹੈ ਕਿ ਪਾਰਟੀ ਨੂੰ ਆਪਣੇ ਵਿਧਾਇਕਾਂ ’ਤੇ ਭਰੋਸਾ ਨਹੀਂ ਹੈ ਕਿ ਉਨ੍ਹਾਂ ਦੀ ਵਫ਼ਾਦਾਰੀ ਪਾਰਟੀ ਨਾਲ ਰਹੇਗੀ ਜਾਂ ਨਹੀਂ। ਦੂਜੇ ਰਾਜਾਂ ਦੇ ਨੇਤਾ ਵੀ ਚਿੰਤਾ ਕਰਨ ਲੱਗ ਪਏ ਹਨ ਕਿ ਕਾਂਗਰਸ ਪਾਰਟੀ ਦੇ ਸੱਤਾ ਤੋਂ ਖੁੱਸਣ ਤੋਂ ਬਾਅਦ ਇਹ ਵਿਧਾਇਕ ਆਪਣਾ ਪੱਖ ਬਦਲ ਕੇ ਹੋਰ ਸਿਆਸੀ ਪਾਰਟੀਆਂ ਨੂੰ ਸਮਰਥਨ ਦੇਣ ਦਾ ਐਲਾਨ ਨਾ ਕਰ ਦੇਣ।

 

ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਚੋਣ ਤੋਂ ਬਾਅਦ ਚੁੱਪੀ ਕਈ ਸਿਆਸੀ ਸੰਕੇਤ ਦੇ ਰਹੀ ਹੈ। ਚੁੱਘ ਨੇ ਕਿਹਾ ਕਿ ਸੂਬੇ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਹੁਣ ਤੋਂ ਈਵੀਐਮ 'ਤੇ ਤੰਜ਼ ਕੱਸਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਪਾਰਟੀ ਨੂੰ ਜਦੋਂ ਵੀ ਹਾਰ ਦਾ ਡਰ ਸਤਾਉਣ ਲੱਗਦਾ ਹੈ ਤਾਂ ਉਹਨਾਂ ਦੇ ਆਗੂ ਈਵੀਐਮ 'ਤੇ ਤੰਜ਼ ਕੱਸਣ ਲੱਗ ਜਾਂਦੇ ਹਨ।

 

ਬੀਬੀ ਭੱਠਲ ਨੂੰ ਯਾਦ ਹੋਵੇਗਾ ਕਿ 2017 ਵਿੱਚ ਕਾਂਗਰਸ ਪਾਰਟੀ ਨੇ ਇਹਨਾਂ ਈਵੀਐਮਜ਼ ਵਿੱਚ ਪਈਆਂ ਵੋਟਾਂ ਨਾਲ ਜਿੱਤ ਹਾਸਲ ਕਰਕੇ ਸੱਤਾ ਹਾਸਲ ਕੀਤੀ ਸੀ। ਬੇਸ਼ੱਕ ਕਾਂਗਰਸ ਪਾਰਟੀ ਦੀ ਸਰਕਾਰ ਦੀ ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਜ਼ੀਰੋ ਰਹੀ ਹੈ ਜਾਂ ਨਹੀਂ, ਇਸ 'ਤੇ ਟਿੱਪਣੀ ਕਰਨ ਦੀ ਬਜਾਏ ਸੂਬੇ ਦੇ ਕਾਂਗਰਸੀ ਆਗੂ ਈ.ਵੀ.ਐੱਮ. ਤੋਂ ਡਰਨ ਲੱਗ ਪਏ ਹਨ ਕਿ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਅੰਦਰਲਾ ਅੰਦਰੂਨੀ ਕਲੇਸ਼ ਸਾਹਮਣੇ ਆ ਜਾਵੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਚਾਰ ਕਾਰਜਕਾਰੀ ਪ੍ਰਧਾਨਾਂ ਸਮੇਤ ਵੱਡੇ ਆਗੂਆਂ ਦੀ ਚੁੱਪ ਤੂਫ਼ਾਨ ਤੋਂ ਪਹਿਲਾਂ ਸ਼ਾਂਤੀ ਤਾਂ ਨਹੀਂ ਹੈ ?

ਚੁੱਘ ਨੇ ਕਿਹਾ ਕਿ ਇਸ ਵਾਰ ਪੰਜਾਬੀਆਂ ਨੇ ਬਦਲਾਅ ਲਈ ਵੋਟਾਂ ਪਾਈਆਂ ਹਨ। ਇਹ ਬਦਲਾਅ ਭਾਜਪਾ ਦੀ ਹਮਾਇਤ ਵਾਲੇ ਗਠਜੋੜ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਯੂਕਰੇਨ ਵਿੱਚ ਫਸੇ ਪੰਜਾਬੀਆਂ ਲਈ ਹਮਦਰਦੀ ਨਹੀਂ ਸਗੋਂ ਹੰਝੂ ਵਹਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਰ ਕੇਂਦਰੀ ਮੰਤਰੀਆਂ ਸਮੇਤ ਏਅਰਫੋਰਸ ਅਤੇ ਏਅਰ ਲਾਈਨਜ਼ ਕੰਪਨੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਹੈ। ਵਾਪਸੀ ਵਾਲੇ ਵਿਦਿਆਰਥੀ ਦੱਸ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਾਖ ਕਾਰਨ ਦੂਜੇ ਦੇਸ਼ਾਂ ਦੇ ਲੋਕ ਭਾਰਤੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਣ ਲਈ ਸਹਿਯੋਗ ਕਰ ਰਹੇ ਹਨ।