ਵਰ੍ਹਦੇ ਬੰਬਾਂ ਨੂੰ ਦੇਖ ਰੂਹ ਕੰਬ ਜਾਂਦੀ ਸੀ : ਸਮਾਇਲੀ ਸ਼ਰਮਾ
ਵਰ੍ਹਦੇ ਬੰਬਾਂ ਨੂੰ ਦੇਖ ਰੂਹ ਕੰਬ ਜਾਂਦੀ ਸੀ : ਸਮਾਇਲੀ ਸ਼ਰਮਾ
ਯੂਕਰੇਨ ਤੋਂ ਵਾਪਸ ਪਰਤੀ ਸਮਾਇਲੀ ਸ਼ਰਮਾ ਨੇ ਸੁਣਾਈ ਅਪਣੀ ਹੱਡਬੀਤੀ
ਬਟਾਲਾ, 4 ਮਾਰਚ (ਪਪ): ਯੂਕਰੇਨ ਅਤੇ ਰੂਸ ਦੇ ਯੁੱਧ ਦੌਰਾਨ ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦੀ ਦਾਸਤਾਨ ਰੂਹ ਨੂੰ ਕੰਬਨੀ ਛੇੜਣ ਵਾਲੀ ਹੈ | ਯੂਕਰੇਨ ਦੇ ਖਾਰਕੀਵ ਤੋਂ ਸੁਰੱਖਿਅਤ ਬਟਾਲਾ ਅਪਣੇ ਘਰ ਪਹੁੰਚੀ ਸਮਾਇਲੀ ਸ਼ਰਮਾ ਪੁੱਤਰੀ ਡਾ. ਸੰਜੀਵ ਸ਼ਰਮਾ ਨੇ ਅਪਣੀ ਹੱਡ ਬੀਤੀ ਸੁਣਾਉਦਿਆਂ ਦਸਿਆ ਕਿ ਉਹ ਖਾਰਕੀਵ 'ਚ 4 ਸਾਲ ਤੋਂ ਅੱਮਬੀਬੀਐਸ ਦੀ ਪੜ੍ਹਾਈ ਕਰ ਰਹੀ ਸੀ ਅਤੇ ਰੂਸ ਵਲੋਂ ਯੂਕਰੇਨ 'ਤੇ ਕੀਤੇ ਹਮਲਿਆਂ ਨਾਲ ਉਥੇ ਪੜ੍ਹ ਰਹੇ ਵਿਦਿਆਰਥੀ ਫਸੇ ਹੋਏ ਹਨ |
ਸਮਾਇਲੀ ਸ਼ਰਮਾ ਨੇ ਦਸਿਆ ਕਿ ਉਹ ਵੀ ਅਪਣੇ ਹੋਰ ਦੋਸਤਾਂ ਨਾਲ ਖਾਰਕੀਵ ਯੂਨੀਵਰਸਿਟੀ ਦੇ ਕੈਂਪ 'ਚ ਫਸੀ ਹੋਈ ਸੀ | ਉਸ ਨੇ ਦਸਿਆ ਕਿ 1 ਮਾਰਚ ਨੂੰ ਉਹ ਹੋਰ ਵਿਦਿਆਰਥੀਆਂ ਨਾਲ ਯੂਨੀਵਰਸਿਟੀ ਤੋਂ ਪੈਦਲ ਕਰੀਬ 15 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਖਾਰਕੀਵ ਦੇ ਸਟੇਸ਼ਨ 'ਤੇ ਪਹੁੰਚੇ ਸਨ, ਜਿਥੇ ਉਹ ਰੇਲਗੱਡੀ ਰਾਹੀ ਲਵੀਨ ਸ਼ਹਿਰ ਪਹੁੰਚੀ | ਉਸ ਨੇ ਦਸਿਆ ਕਿ ਉਥੋਂ 80 ਕਿਲੋਮੀਟਰ ਦਾ ਸਫ਼ਰ ਟੈਕਸੀ ਰਾਹੀਂ ਤੈਅ ਕਰ ਕੇ ਪੋਲੈਂਡ ਦੇ ਬਾਰਡਰ 'ਤੇ ਪੁੱਜੀ ਜਿਥੇ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਨੇ ਜ਼ਹਾਜ਼ ਰਾਹੀਂ ਦਿੱਲੀ ਭੇਜਿਆ | ਸਮਾਇਲੀ ਸ਼ਰਮਾ ਨੇ ਦਸਿਆ ਕਿ ਖਾਰਕੀਵ 'ਚ ਵਰ੍ਹਦੇ ਬੰਬਾਂ ਨਾਲ ਉਥੇ ਫਸੇ ਵਿਦਿਆਰਥੀ ਪੂਰੀ ਤਰ੍ਹਾਂ ਭੈਅਭੀਤ ਹਨ | ਉਸ ਨੇ ਦਸਿਆ ਕਿ ਉਨ੍ਹਾਂ ਨੇ ਕਰੀਬ ਇਕ ਹਫ਼ਤਾ ਬਿਸਕੁਟ ਅਤੇ ਪਾਣੀ ਪੀ ਕੇ ਹੀ ਗੁਜ਼ਾਰਾ ਕੀਤਾ ਹੈ | ਉਸ ਨੇ ਦਸਿਆ ਕਿ ਲੜਾਈ ਲੱਗਣ ਦੀ ਖ਼ਬਰ ਤੋਂ ਪਹਿਲਾ ਹੀ ਉਸ ਨੇ ਘਰ ਵਾਪਸੀ ਦੀਆਂ ਟਿਕਟਾਂ ਕਰਵਾ ਲਈਆਂ ਸਨ, ਪਰ ਐਨ ਮੌਕੇ ਰੂਸ ਵਲੋਂ ਯੂਕਰੇਨ ਤੇ ਹਮਲਾ ਕਰ ਦੇਣ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਰੁਕ ਗਈ | ਉਸ ਨੇ ਦਸਿਆ ਕਿ ਉਨ੍ਹਾਂ ਨੂੰ ਘਰ ਵਾਪਸੀ ਦੀ ਕੋਈ ਉਮੀਦ ਨਹੀਂ ਸੀ, ਪਰ ਭਾਰਤ ਸਰਕਾਰ ਦੀ ਮਦਦ ਨਾਲ ਉਹ ਅਪਣੇ ਘਰ ਪਹੁੰਚੀ ਹੈ | ਉਸ ਨੇ ਦਸਿਆ ਕਿ ਦਹਿਸ਼ਤ ਦੇ ਮਾਹੌਲ 'ਚ ਰਾਤਾਂ ਜਾਗ ਕੇ ਕੱਟੀਆਂ ਹਨ | ਸਮਾਇਲੀ ਨੇ ਦਸਿਆ ਕਿ ਖਾਰਕੀਵ 'ਚ ਅਜੇ ਵੀ 1500 ਦੇ ਕਰੀਬ ਵਿਦਿਆਰਥੀ ਫਸੇ ਹੋਏ ਹਨ ਕਿਉਂਕਿ ਰੇਲਗੱਡੀ ਵਿਚ ਸਿਰਫ਼ ਯੂਕਰੇਨੀਆਂ ਨੂੰ ਹੀ ਚੜ੍ਹਨ ਦਿਤਾ ਜਾ ਰਿਹਾ ਹੈ | ਉਸ ਨੇ ਦਸਿਆ ਕਿ ਉਥੇ ਫਸੇ ਵਿਦਿਆਰਥੀ ਪਿੰਡਾਂ 'ਚ ਲੁੱਕ ਕੇ ਦਿਨ ਕੱਟ ਰਹੇ ਹਨ |
ਸਮਾਇਲੀ ਸ਼ਰਮਾ ਦੇ ਪਿਤਾ ਡਾ. ਸੰਜੀਵ ਸ਼ਰਮਾ ਨੇ ਬੇਟੀ ਦੇ ਘਰ ਵਾਪਸ ਪਹੁੰਚਣ 'ਤੇ ਉਸ ਦਾ ਮੂੰਹ ਮਿੱਠਾ ਕਰਵਾਇਆ ਅਤੇ ਪ੍ਰਮਾਤਮਾ ਅੱਗੇ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਘਰ ਵਾਪਸੀ ਲਈ ਅਰਦਾਸ ਕੀਤੀ |
ਫ਼ੋਟੋ : ਬਟਾਲਾ 1