ਯੂ.ਐਨ ’ਚ ਰੂਸ ਵਿਰੁਧ ਸੁਤੰਤਰ ਜਾਂਚ ਕਮੇਟੀ ਬਣਾਉਣ ’ਤੇ ਹੋਈ ਵੋਟਿੰਗ, ਭਾਰਤ ਨੇ ਵੋਟਿੰਗ ਤੋਂ ਬਣਾਈ ਦੂਰੀ

ਏਜੰਸੀ

ਖ਼ਬਰਾਂ, ਪੰਜਾਬ

ਯੂ.ਐਨ ’ਚ ਰੂਸ ਵਿਰੁਧ ਸੁਤੰਤਰ ਜਾਂਚ ਕਮੇਟੀ ਬਣਾਉਣ ’ਤੇ ਹੋਈ ਵੋਟਿੰਗ, ਭਾਰਤ ਨੇ ਵੋਟਿੰਗ ਤੋਂ ਬਣਾਈ ਦੂਰੀ

image

ਜਿਨੋਵਾ, 4 ਮਾਰਚ : ਭਾਰਤ ਨੇ ਸ਼ੁਕਰਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ.ਐਨ.ਐਚ.ਆਰ.ਸੀ) ਉਸ ਵੋਟਿੰਗ ਵਿਚ ਹਿੱਸਾ ਨਹੀਂ ਲਿਆ, ਜਿਸ ਵਿਚ ਯੂਕਰੇਨ ਵਿਰੁਧ ਰੂਸ ਦੀ ਫ਼ੌਜੀ ਕਾਰਵਾਈ ਦੇ ਨਤੀਜੇ ਵਜੋਂ ਤਤਕਾਲ ਇਕ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ। 
ਸੰਯੁਕਤ ਰਾਸ਼ਟਰ ਦੀ ਇਸ 47 ਮੈਂਬਰੀ ਪ੍ਰੀਸਦ ’ਚ ਯੂਕਰੇਨ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ’ਤੇ ਇਕ ਖਰੜਾ ਮਤਾ ਪਾਸ ਕੀਤਾ ਗਿਆ ਹੈ, ਜਦੋਂਕਿ ਮਤੇ ਦੇ ਹੱਕ ਵਿਚ 32 ਵੋਟਾਂ ਪਈਆਂ, ਦੋ ਵੋਟਾਂ (ਰੂਸ ਅਤੇ ਇਰੀਟਰੀਆ) ਨੇ ਇਸ ਦੇ ਵਿਰੋਧ ਵਿਚ ਪਈਆਂ, ਜਦੋਂ ਕਿ ਭਾਰਤ, ਚੀਨ, ਪਾਕਿਸਤਾਨ, ਸੂਡਾਨ ਅਤੇ ਵੈਨੇਜੁਏਲਾ ਸਮੇਤ 13 ਦੇਸ਼ਾਂ ਨੇ ਇਸ ਵੋਟਿੰਗ ਵਿਚ ਹਿੱਸਾ ਨਹੀਂ ਲਿਆ।
ਮਤੇ ਦੇ ਹੱਕ ਵਿਚ ਵੋਟ ਪਾਉਣ ਵਾਲੇ ਦੇਸ਼ਾਂ ਵਿਚ ਫ਼ਰਾਂਸ, ਜਰਮਨੀ, ਜਾਪਾਨ, ਨੇਪਾਲ, ਸੰਯੁਕਤ ਅਰਬ ਅਮੀਰਾਤ, ਬਿ੍ਰਟੇਨ ਅਤੇ ਅਮਰੀਕਾ ਸ਼ਾਮਲ ਹਨ। ਪ੍ਰੀਸ਼ਦ ਨੇ ਕਿਹਾ, “ਯੂਕਰੇਨ ਦੇ ਖ਼ਿਲਾਫ਼ ਰੂਸ ਦੀ ਫ਼ੌਜੀ ਕਾਰਵਾਈ ਦੇ ਨਤੀਜੇ ਵਜੋਂ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਤੁਰਤ ਇਕ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਮਿਸ਼ਨ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ।’’ ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਇਕ ਹਫ਼ਤੇ ਦੌਰਾਨ 15 ਦੇਸਾਂ ਦੀ ਸੁਰੱਖਿਆ ਪ੍ਰੀਸ਼ਦ ’ਚ ਯੂਕਰੇਨ ’ਤੇ ਦੋ ਮਤੇ ਅਤੇ 193 ਮੈਂਬਰੀ ਮਹਾਸਭਾ ’ਚ ਇਕ ਮਤੇ ’ਤੇ ਵੋਟਿੰਗ ’ਚ ਹਿੱਸਾ ਨਹੀਂ ਲਿਆ। 
193 ਮੈਂਬਰੀ ਜਨਰਲ ਅਸੈਂਬਲੀ ਨੇ ਬੁਧਵਾਰ ਨੂੰ ਯੂਕਰੇਨ ਦੀ ਪ੍ਰਭੂਸੱਤਾ, ਸੁਤੰਤਰਤਾ, ਏਕਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਅਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਲਈ ਵੋਟ ਕੀਤਾ ਅਤੇ “ਯੂਕਰੇਨ ਵਿਰੁਧ ਰੂਸ ਦੇ ਹਮਲੇ’’ ਦੀ ਸਖ਼ਤ ਨਿੰਦਾ ਕੀਤੀ। ਇਸ ਨੇ ਮੰਗ ਕੀਤੀ ਕਿ ਮਾਸਕੋ “ਪੂਰੀ ਤਰ੍ਹਾਂ ਅਤੇ ਬਿਨਾਂ ਸਰਤ’’ ਅਪਣੀਆਂ ਸਾਰੀਆਂ ਫ਼ੌਜੀ ਬਲਾਂ ਨੂੰ ਯੂਕਰੇਨ ਦੇ ਖੇਤਰ ਤੋਂ ਵਾਪਸ ਲੈ ਲਵੇ। ਭਾਰਤ ਨੇ ਮਤੇ ’ਤੇ ਵੋਟਿੰਗ ’ਚ ਹਿੱਸਾ ਨਹੀਂ ਲਿਆ, ਜਿਸ ਦੇ ਪੱਖ ’ਚ 141, ਵਿਰੋਧ ’ਚ ਪੰਜ ਵੋਟਾਂ ਪਈਆਂ ਅਤੇ ਕੁਲ 35 ਮੈਂਬਰਾਂ ਨੇ ਵੋਟ ਨਹੀਂ ਪਾਈ।