ਅੰਮ੍ਰਿਤਪਾਲ 'ਤੇ ਫਿਰ ਭੜਕੇ MP ਰਵਨੀਤ ਸਿੰਘ ਬਿੱਟੂ, ਕਿਹਾ - 'ਜੇ ਐਕਸ਼ਨ ਨਾ ਲਿਆ ਤਾਂ ਤਾਲਿਬਾਨ ਬਣ ਜਾਵੇਗਾ ਪੰਜਾਬ'
ਜੇ ਵਿਧਾਨ ਸਭਾ ਇਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਸੜਕਾਂ ਉੱਤੇ ਉੱਤਰਾਂਗੇ। ਸਾਡੇ ਤੋਂ ਉੱਜੜ ਰਿਹਾ ਪੰਜਾਬ ਨਹੀਂ ਦੇਖ ਹੁੰਦਾ
ਮੁਹਾਲੀ : 23 ਫਰਵਰੀ ਨੂੰ ਅੰਮ੍ਰਿਤਪਾਲ ਨੇ ਜੋ ਅਜਨਾਲਾ ਵਿਚ ਕੀਤਾ ਸੀ ਤੇ ਅੱਜ ਜੋ ਗੋਇੰਦਵਾਲ ਦੀ ਜੇਲ੍ਹ ’ਚ ਗੁੰਡਿਆਂ ਨੇ ਜੋ ਗੁੰਡਾਗਰਦੀ ਕੀਤੀ ਹੈ, ਉਹ ਸਾਰਿਆਂ ਦੇ ਸਾਹਮਣੇ ਹੈ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਇਹ ਪੰਜਾਬ ਹੈ। ਇਹ ਘੋੜੇ ਦੀ ਸਵਾਰੀ ਹੈ ਕਿਸੇ ਟੱਟੂ ਦੀ ਸਵਾਰੀ ਨਹੀਂ। ਸਰਕਾਰ ਨੂੰ ਜੇ ਕਾਠੀ ਉੱਤੇ ਬਹਿਣਾ ਹੈ ਤਾਂ ਚੰਗੀ ਤਰ੍ਹਾਂ ਬਹਿਣ। ਵਾਰ-ਵਾਰ ਕਿਹਾ ਗਿਆ ਕਿ ਅੰਮ੍ਰਿਤਪਾਲ ਉੱਤੇ ਪਰਚਾ ਦਿਓ। ਇਕ ਜ਼ਖ਼ਮੀ ਐੱਸਐੱਸਪੀ ਹਸਪਤਾਲ ਵਿਚ ਪਿਆ ਉਹ ਦੇਖ ਰਿਹਾ ਹੈ ਕਦੋਂ ਮੇਰੀ ਸੁਣਵਾਈ ਹੋਵੇਗੀ। 8 ਪੁਲਿਸ ਮੁਲਾਜ਼ਮ ਹਸਪਤਾਲ ਵਿਚ ਜ਼ਖ਼ਮੀ ਬੈਠੇ ਹਨ ਉਹ ਕਹਿ ਰਹੇ ਹਨ ਕਿ ਸਾਡੀ ਸੁਣਵਾਈ ਤਾਂ ਕਰੋ।
ਉਹ ਆਪਣਾ ਇਕ ਬੰਦਾ ਐੱਸਐੱਸਪੀ ਦੇ ਅੱਗਿਓਂ ਛੁਡਵਾ ਕੇ ਲੈ ਗਿਆ ਤੇ ਤੁਸੀਂ ਪੁਲਿਸ ਵਾਲਿਆਂ ਉੱਤੇ ਇਕ ਪਰਚਾ ਦਰਜ ਨਹੀਂ ਕੀਤਾ। ਪੁਲਿਸ ਵਾਲਿਆਂ ਨੂੰ ਪਤਾ ਹੈ ਕਿ ਸਾਡੀ ਪਿੱਠ ਉਤੇ ਸਰਕਾਰ ਨਹੀਂ ਹੈ। ਗੋਇੰਦਵਾਲ ਜੇਲ੍ਹ ’ਚ ਪੁਲਿਸ ਦੇ ਸਾਹਮਣੇ ਮਾਰੇ ਪਏ ਗੈਂਗਸਟਰਾਂ ਦੀ ਗੁੰਡੇ ਸ਼ਰੇਆਮ ਵੀਡੀਓ ਬਣਾ ਰਹੇ ਹਨ। ਜੇ ਸਰਕਾਰ ਨੇ ਹੁਣ ਸਖ਼ਤੀ ਨਾ ਕੀਤੀ ਤਾਂ ਅੰਮ੍ਰਿਤਪਾਲ ਦੇ ਜੋ ਮਨਸੂਬੇ ਹਨ ਉਹ ਸੱਚ ਹੋ ਜਾਣਗੇ।
ਇਹ ਛੋਟੇ-ਛੋਟੇ ਗੁੰਡੇ ਗਲੀਆਂ ਸੜਕਾਂ ਉੱਤੇ ਘੁੰਮ ਰਹੇ ਹਨ ਇਹ ਸਾਡੀਆਂ ਧੀਆਂ-ਭੈਣਾਂ ਨੂੰ ਕੱਢਣਗੇ। ਇਹ ਹਰ ਜਗ੍ਹਾਂ ਕਬਜ਼ੇ ਤੇ ਕੁੱਟਮਾਰ ਕਰਨਗੇ। ਪੁਲਿਸ ਤਾਂ ਭੱਜ ਗਈ ਕਿਉਂਕਿ ਉਨ੍ਹਾਂ ਨੇ ਦੇਖ ਲਿਆ ਹੈ ਕਿ ਸਾਡੀ ਸੁਣਵਾਈ ਤਾਂ ਨਹੀਂ ਹੋ ਰਹੀ। ਉਨ੍ਹਾਂ ਨੇ ਸੋਚਿਆ ਸੀ ਕਿ ਜੇ ਉਹ ਉਨ੍ਹਾਂ ਉੱਤੇ ਲਾਠੀਚਾਰਜ ਕਰਦੇ ਜਾਂ ਉਨ੍ਹਾਂ ਨੂੰ ਰੋਕਦੇ ਤਾਂ ਉਲਟਾ ਉਨ੍ਹਾਂ ਉਤੇ ਪਰਚਾ ਦਰਜ ਹੋਣਾ ਸੀ।
6 ਮਾਰਚ ਨੂੰ ਵਿਧਾਨ ਸਭਾ ਦਾ ਸੈਸ਼ਨ ਹੈ। ਸਭ ਤੋਂ ਜ਼ਰੂਰੀ ਪੰਜਾਬ ਵਿਚ ਲਾਅ ਐੱਡ ਆਰਡਰ ਹੈ। ਇਹ ਇਕ ਬਾਰਡਰ ਸਟੇਟ ਹੋਣ ਕਾਰਨ ਇਸ ਦੀ ਚੜ੍ਹਦੀਕਲਾ ਕੋਈ ਨਹੀਂ ਦੇਖਣਾ ਚਾਹੁੰਦਾ। ਅੰਮ੍ਰਿਤਪਾਲ ਨੇ ਇਕ ਅਜਿਹਾ ਬੀ ਬੀਜ਼ ਦਿੱਤਾ ਜਿਸ ਦੀ ਫ਼ਸਲ ਗੋਇੰਦਵਾਲ ’ਚ ਤੇ ਪੰਜਾਬ ਵਿਚ ਹਰ ਜਗ੍ਹਾਂ ਵੱਢੀ ਜਾ ਰਹੀ ਹੈ। ਸਾਰੀਆਂ ਪਾਰਟੀਆਂ ਵਿਧਾਨ ਸਭਾ ਵਿਚ ਇਸ ਦਾ ਜਵਾਬ ਮੰਗੋ। ਰਾਤ ਨੂੰ ਕਿਸੇ ਦਾ ਘਰੇ ਸੌਣ ਤਾਂ ਦੂਰ ਇਹ ਤਾਂ ਦਿਨ ’ਚ ਹੀ ਬੰਦੇ ਵੱਢ ਦੇਣਗੇ।
ਇਹਨਾਂ ਦਾ ਇਕ ਮੰਤਰੀ ਸਟੇਜ਼ ਉੱਤੇ ਕਹਿ ਰਿਹਾ ਕਿ ਸੀਐੱਮ ਤੇ ਸਾਡੀ ਸਾਰੀ ਕੈਬਨਿਟ ਨੇ ਇਹ ਫ਼ੈਸਲਾ ਕੀਤਾ ਕਿ ਇਹਨਾਂ ਨੂੰ ਜਾਣ ਦਿਓ। ਇਹ ਤੁਸੀਂ ਬਹੁਤ ਮਾੜੀ ਗੱਲ ਕਰ ਰਹੇ ਹੋ। ਇਹ ਗਿੱਧੇ-ਭੰਗੜਿਆਂ ਵਾਲੇ ਖੁਸ਼ਹਾਲ ਪੰਜਾਬ ਨੂੰ ਅੰਮ੍ਰਿਤਪਾਲ ਰਾਹੀਂ ਬਰਬਾਦ ਕਰ ਰਹੇ ਹੋ। ਹਾਲੇ ਵੀ ਤੁਹਾਡੇ ਕੋਲ ਮੌਕਾ ਹੈ। ਸਾਰੀਆਂ ਪਾਰਟੀਆਂ ਤੁਹਾਡੇ ਨਾਲ ਹਨ। ਪੰਜਾਬ ਵਿਚ ਰੋਜ਼ ਗੁੰਡਾਗਰਦੀ ਦਾ ਇਹ ਨੰਗਾ ਨਾਚ ਨਹੀਂ ਦੇਖਿਆ ਜਾਂਦਾ। ਦਿਨ ਦਿਹਾੜੇ ਗੁੰਡੇ ਮਾਰ-ਧਾੜ ਕਰਦੇ ਹਨ। ਇਸ ਤੋਂ ਇਲਾਵਾਂ ਪੰਜਾਬ ਵਿਚ ਹੋਰ ਕੁੱਝ ਦੇਖਣ ਤੇ ਸੁਣਨ ਨੂੰ ਨਹੀਂ ਮਿਲਦਾ। ਜੇ ਵਿਧਾਨ ਸਭਾ ਇਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਸੜਕਾਂ ਉੱਤੇ ਉੱਤਰਾਂਗੇ। ਸਾਡੇ ਤੋਂ ਉੱਜੜ ਰਿਹਾ ਪੰਜਾਬ ਨਹੀਂ ਦੇਖ ਹੁੰਦਾ।
ਆਮ ਆਦਮੀ ਪਾਰਟੀ ਦੇ ਵਿਧਾਇਕ, ਐਮਪੀਜ਼ ਆਪਣੇ ਕੰਨਵੀਨਰ ਨੂੰ ਜ਼ੋਰ ਪਾ ਕੇ ਕਹਿਣ ਨਹੀਂ ਤਾਂ ਜਿਹੜੇ ਤੁਸੀਂ ਗੰਨਮੈਨ ਲੈ ਕੇ ਫਿਰਦੇ ਹੋ ਉਹਨਾਂ ਨੇ ਵੀ ਰਾਇਫਲਾਂ ਛੱਡ ਕੇ ਭੱਜ ਜਾਣਾ। ਪੰਜਾਬ ਵਿਚ ਅਨਾਰਕੀ ਫੈਲ ਜਾਣੀ ਹੈ ਇੱਥੇ ਨਾ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਰਹੇਗੀ ਤੇ ਨਾ ਹੀ ਕੋਈ ਸਰਕਾਰ ਰਹੇਗੀ। ਪੰਜਾਬ ਤਾਲੀਬਾਨ ਬਣ ਜਾਣਾ ਹੈ। ਸਾਡੇ ਤੋਂ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਹੁੰਦੀ। ਜੇ ਤੁਸੀਂ ਅੰਮ੍ਰਿਤਪਾਲ ਖ਼ਿਲਾਫ ਪਰਚਾ ਦਰਜ ਕਰ ਕੇ ਉਸ ਨੂੰ ਸਜ਼ਾ ਨਹੀਂ ਦਿਓਗੇ ਤਾਂ ਉਸ ਵਰਗੇ ਪੰਜਾਬ ਵਿਚ ਰੋਜ਼ ਸੈਂਕੜੇ ਗੁੰਡੇ ਇਹ ਗੁੰਡਾਗਰਦੀ ਕਰਿਆ ਕਰਨਗੇ। ਇਹ ਤੁਹਾਨੂੰ ਸੜਕ-ਸੜਕ ਉੱਤੇ ਇਹ ਹਾਲ ਦਿਖੇਗਾ ਜੋ ਅਜਨਾਲਾ ਵਿਚ ਅੰਮ੍ਰਿਤਪਾਲ ਨੇ ਕੀਤਾ।