Punjab Budget 2024: ਸਿੱਖਿਆ ਖੇਤਰ ਲ਼ਈ ਖ਼ਜ਼ਾਨਾ ਮੰਤਰੀ ਨੇ ਕੀਤੇ ਅਹਿਮ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਨੇ ਸਿੱਖਿਆ ਖੇਤਰ ਲਈ ਵਿੱਤੀ ਸਾਲ 2024-25 ਵਿਚ 16,987 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਜਵੀਜ਼ ਰੱਖੀ ਜੋ ਕਿ ਕੁੱਲ ਖਰਚੇ ਦਾ ਲਗਭਗ 11.5 ਫ਼ੀ ਸਦੀ ਹੈ।

Harpal Singh Cheema

Punjab Budget 2024: ਪੰਜਾਬ ਵਿਧਾਨ ਸਭਾ ਵਿਚ ਪੰਜਾਬ ਸਰਕਾਰ ਨੇ ਵਿੱਤੀ ਸਾਲ 2024-25 ਲਈ ਬਜਟ ਪੇਸ਼ ਕਰ ਦਿਤਾ ਹੈ। ਸਾਲ 2024-25 ਲਈ ਇਹ ਬਜਟ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਹੈ। ਪੰਜਾਬ ਵਿਚ ਪਹਿਲੀ ਵਾਰ ਬਜਟ 2 ਲੱਖ ਕਰੋੜ ਤੋਂ ਜ਼ਿਆਦਾ ਹੋਇਆ ਹੈ। ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲ ਸਿੱਖਿਆ ਲਈ 16 ਹਜ਼ਾਰ 967 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੁੱਕਣ ਅਤੇ ਇਸ ਨੂੰ ਮੌਜੂਦਾ ਆਰਥਿਕ ਮਾਹੌਲ ਦੀਆਂ ਮੰਗਾਂ ਦੇ ਅਨੁਕੂਲ ਬਣਾਉਣ ਲਈ ਵਚਨਬੱਧ ਹੈ। ਸਰਕਾਰ ਨੇ ਸਿੱਖਿਆ ਖੇਤਰ ਲਈ ਵਿੱਤੀ ਸਾਲ 2024-25 ਵਿਚ 16,987 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਜਵੀਜ਼ ਰੱਖੀ ਜੋ ਕਿ ਕੁੱਲ ਖਰਚੇ ਦਾ ਲਗਭਗ 11.5 ਫ਼ੀ ਸਦੀ ਹੈ।

ਸਕੂਲ ਆਫ ਐਮੀਨੈਂਸ

ਸਰਕਾਰ ਵਲੋਂ 118 ਸਰਕਾਰੀ ਸਕੂਲਾਂ ਨੂੰ ਅਤਿ ਅਧੁਨਿਕ ਸਕੂਲ ਆਫ ਐਮੀਨੈਂਸ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਸੂਬੇ ਵਿਚ ਹੁਣ ਤਕ 14 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਉਦੇਸ਼ ਲਈ 100 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ।

ਸਕੂਲ ਆਫ ਬ੍ਰਿਲੀਐਂਸ

ਪੰਜਾਬ ਸਰਕਾਰ ਨੇ 100 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਆਫ ਬ੍ਰਿਲੀਐਂਸ ਵਿਚ ਤਬਦੀਲ ਕਰਨ ਦੀ ਤਜਵੀਜ਼ ਰੱਖੀ ਹੈ। ਇਸ ਦੇ ਲਈ 10 ਕਰੋੜ ਰੁਪਏ ਦੀ ਸ਼ੁਰੂਆਤੀ ਤਜਵੀਜ਼ ਰੱਖੀ ਗਈ ਹੈ। ਇਸ ਸਕੀਮ ਦਾ ਉਦੇਸ਼ ਪੇਂਡੂ ਸਰਕਾਰੀ ਸਕੂਲਾਂ ਵਿਚ 6ਵੀਂ ਤੋਂ 12ਵੀਂ ਤਕ ਸਿੱਖਿਆ ਗੁਣਵੱਤਾ ਵਧਾਉਣਾ ਹੈ।

ਸਕੂਲ ਆਫ਼ ਅਪਲਾਈਡ ਲਰਨਿੰਗ

ਇਸ ਤੋਂ ਇਲਾਵਾ ਵਿਦਿਆਰਥੀਆਂ ਵਿਚ ਤਕਨੀਕੀ ਹੁਨਰਾਂ ਸਮੇਤ ਹੋਰ ਹੁਨਰਾਂ ਨੂੰ ਵਿਕਸਤ ਕਰਨ ਦੇ ਦ੍ਰਿਸ਼ਟੀਕੋਣ ਨਾਲ, ਉਹਨਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਉਣ ਲਈ ਸਕੂਲ ਆਫ਼ ਅਪਲਾਈਡ ਲਰਨਿੰਗ ਦੀ ਸਥਾਪਨਾ ਕਰਨ ਲਈ ਵਿੱਤੀ ਸਾਲ 2024-25 ਦੌਰਾਨ ਬਜਟ ਵਿਚ 10 ਕਰੋੜ ਰੁਪਏ ਦਾ ਸ਼ੁਰੂਆਤੀ ਉਪਬੰਧ ਰੱਖਿਆ ਗਿਆ ਹੈ। ਪਹਿਲੇ ਪੜਾਅ ਤਹਿਤ 40 ਸਕੂਲਾਂ ਵਿਚ ਹਾਈਟੈਕ ਵੋਕੇਸ਼ਨਲ ਲੈਬਾਂ ਬਣਾਈਆਂ ਜਾਣਗੀਆਂ।

ਸਕੂਲ ਆਫ਼ ਹੈਪੀਨੈਸ

3 ਤੋਂ 11 ਸਾਲ ਦੇ ਉਮਰ ਦੇ ਵਿਦਿਆਰਥੀਆਂ ਦੀ ਸਿਖਲਾਈ ਵਾਸਤੇ ਅਨੁਕੂਲ ਮਾਹੌਲ ਬਣਾਉਣ ਲਈ ਪੰਜਾਬ ਸਰਕਾਰ ਵਲੋਂ 100 ਪ੍ਰਾਇਮਰੀ ਸਰਕਾਰੀ ਸਕੂਲਾਂ ਨੂੰ “ਸਕੂਲ ਆਫ਼ ਹੈਪੀਨੈਸ ਵਿਚ ਬਦਲਣ ਦੀ ਤਜਵੀਜ਼ ਰੱਖੀ ਗਈ ਹੈ। ਇਸ ਸਕੀਮ ਅਧੀਨ ਚੰਗੇ ਹਵਾਦਾਰ ਕਲਾਸ-ਰੂਮ, ਵਧੀਆ ਖੇਡ ਮੈਦਾਨ ਅਤੇ ਐਕਟੀਵਿਟੀ ਕਾਰਨਰ ਦੀ ਸ਼ੁਰੂਆਤ ਲਈ ਵਿੱਤੀ ਸਾਲ 2024-25 ਵਿਚ 10 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ।

ਮਿਸ਼ਨ ਸਮਰੱਥ

ਪੰਜਾਬ ਸਰਕਾਰ ਨੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਦੀ ਬੁਨਿਆਦ ਨੂੰ ਮਜਬੂਤ ਕਰਨ ਲਈ “ਮਿਸ਼ਨ ਸਮਰੱਥਾ ਸ਼ੁਰੂ ਕਰਨ ਦੀ ਤਜਵੀਜ਼ ਰੱਖੀ ਹੈ। ਇਸ ਦੇ ਲਈ ਵਿੱਤੀ ਸਾਲ 2024-25 ਵਿਚ 10 ਕਰੋੜ ਰੁਪਏ ਦੀ ਅਲਾਟਮੈਂਟ ਦਾ ਪ੍ਰਸਤਾਵ ਹੈ।

ਹੋਰ ਸਿੱਖਿਆ ਸਕੀਮਾਂ ਲਈ ਬਜਟ

- ਸਮੱਗਰਾ ਸਿਕਸ਼ਾ ਅਭਿਆਨ: 1,593 ਕਰੋੜ ਰੁਪਏ-16.35 ਲੱਖ ਵਿਦਿਆਰਥੀਆਂ ਨੂੰ ਮਿਡ-ਡੇਅ-ਮੀਲ ਮੁਹੱਈਆ ਕਰਵਾਉਣ ਲਈ 467 ਕਰੋੜ ਰੁਪਏ
-ਮੁਫ਼ਤ ਕਿਤਾਬਾਂ, ਸਕੂਲਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ: 140 ਕਰੋੜ ਰੁਪਏ
-ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਛੱਤ ਦੇ ਉੱਪਰ ਸੋਲਰ ਪੈਨਲ ਲਗਾਉਣ ਲਈ : 160 ਕਰੋੜ ਰੁਪਏ
-ਸਰਕਾਰੀ ਸਕੂਲਾਂ ਦੀ ਸਾਂਭ-ਸੰਭਾਲ ਲਈ: 82 ਕਰੋੜ ਰੁਪਏ
ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ: 35 ਕਰੋੜ ਰੁਪਏ
ਪੰਜਾਬ ਨੌਜਵਾਨ ਉੱਦਮੀ ਪ੍ਰੋਗਰਾਮ: 15 ਕਰੋੜ ਰੁਪਏ

ਉਚੇਰੀ ਸਿੱਖਿਆ ਲਈ ਬਜਟ

- ਰਾਸ਼ਟਰੀ ਉਚਰਤ ਸਿਕਸ਼ਾ ਅਭਿਆਨ (ਰੂਸਾ) - 80 ਕਰੋੜ
- ਬੁਨਿਆਦੀ ਢਾਂਚੇ ਲਈ - 10 ਕਰੋੜ ਰੁਪਏ
- ਮੁੱਖ ਮੰਤਰੀ ਵਜ਼ੀਫਾ ਸਕੀਮ - 6 ਕਰੋੜ ਰੁਪਏ
- ਸੈਨੇਟਰੀ ਨੈਪਕਿਨ ਲਈ - 5 ਕਰੋੜ ਰੁਪਏ
-ਤਕਨੀਕੀ ਸਿੱਖਿਆ ਲਈ ਕੁੱਲ ਬਜਟ - 525 ਕਰੋੜ ਰੁਪਏ
- ਮੈਡੀਕਲ ਸਿੱਖਿਆ ਅਤੇ ਖੋਜ  - 1,133 ਕਰੋੜ ਰੁਪਏ
- ਯੂਨੀਵਰਸਿਟੀਆਂ, ਕਾਂਸਚਿਊਐਂਟ ਕਾਲਜਾਂ ਲਈ - 1,425 ਕਰੋੜ ਰੁਪਏ
- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ - 40 ਕਰੋੜ ਰੁਪਏ

ਇਸ ਦੌਰਾਨ ਉਨ੍ਹਾਂ ਕਿਹਾ ਕਿ ‘ਆਪ' ਸਰਕਾਰ ਦਾ ਉਦੇਸ਼ ‘ਪੜ੍ਹਿਆ-ਲਿਖਿਆ ਪੰਜਾਬ' ਹੀ ਨਹੀਂ ਸਗੋਂ ਇਕ ‘ਗਿਆਨਵਾਨ ਪੰਜਾਬ’ ਹੈ। ਸਾਡਾ ਮੰਤਵ ਸਿਰਫ਼ ਅਪਣੇ ਬੱਚਿਆਂ ਵਿਚ ਪੜ੍ਹਨ-ਲਿਖਣ ਦੀ ਯੋਗਤਾ ਪੈਦਾ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਵਿਚ ਗਿਆਨ, ਨੈਤਿਕਤਾ ਅਤੇ ਸੰਵੇਦਨਾ ਪੈਦਾ ਕਰਨਾ ਵੀ ਹੈ। ਹੋਰ ਕੰਮਾਂ ਦੇ ਨਾਲ ਨਾਲ 12,316 ਅਧਿਆਪਕਾਂ ਨੂੰ ਰੈਗੂਲਰ ਕਰਨਾ, 9,518 ਅਧਿਆਪਕਾਂ ਦੀ ਭਰਤੀ, ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਦਾ ਹੁਨਰ ਵਿਕਾਸ, ਸਕੂਲਾਂ ਵਿਚ ਸੁਰੱਖਿਆ ਸੁਧਾਰ, 12,000 ਤੋਂ ਵੱਧ ਇੰਟਰਨੈਟ ਕਨੈਕਸ਼ਨ ਲਗਾਉਣਾ, ਸਕੂਲਾਂ ਵਿਚ ਲਗਭਗ 4,3੦੦ ਸ਼ੋਚਾਲਿਆਂ ਦੀ ਮੁਰੰਮਤ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਦੀ ਸਪਲਾਈ ਕਰਨਾ ਸਾਡੀਆਂ ਪ੍ਰਾਪਤੀਆਂ ਰਹੀਆਂ ਹਨ।

 (For more Punjabi news apart from Punjab Budget 2024 for education sector, stay tuned to Rozana Spokesman)