Punjab News: ਤਰਨਤਾਰਨ ਵਿਚ 2 ਹੋਮ ਗਾਰਡਾਂ ਤੇ ਪੁਲਿਸ ਮੁਲਾਜ਼ਮ ਦੀ ਮੌਤ, ਵਾਪਰਿਆ ਭਿਆਨਕ ਸੜਕ ਹਾਦਸਾ
ਟੱਕਰ ਇੰਨੀ ਭਿਆਨਕ ਸੀ ਕਿ ਜਿੱਥੇ ਕਾਰ ਦੇ ਪਰਖਚੇ ਉੱਡ ਗਏ ਉਥੇ ਹੀ ਸਕੂਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
Punjab News: ਤਰਨਤਾਰਨ : ਸਥਾਨਕ ਜ਼ਿਲ੍ਹੇ ’ਚ ਤਾਇਨਾਤ ਇਕ ਕਾਂਸਟੇਬਲ ਅਤੇ ਦੋ ਪੰਜਾਬ ਹੋਮ ਗਾਰਡ ਦੇ ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਖ਼ਬਰ ਤੋਂ ਬਾਅਦ ਪੁਲਿਸ ਕਰਮਚਾਰੀਆਂ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਸਥਾਨਕ ਸ਼ਹਿਰ ’ਚ ਕਾਰ ਅਤੇ ਸਕੂਟਰ ਦਰਮਿਆਨ ਹੋਈ ਭਿਆਨਕ ਟੱਕਰ ’ਚ ਪੰਜਾਬ ਪੁਲਸ ਦੇ ਇਕ ਸਿਪਾਹੀ ਅਤੇ ਹੋਰ ਵਿਅਕਤੀ ਦੀ ਮੌਤ ਹੋਈ ਸੀ।
ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਪੁੱਤਰ ਗੁਰਨਾਮ ਸਿੰਘ ਨਿਵਾਸੀ ਭੈਣੀ ਮੱਸਾ ਸਿੰਘ ਜ਼ਿਲ੍ਹਾ ਤਰਨਤਾਰਨ ਜੋ ਥਾਣਾ ਸਿਟੀ ਤਰਨਤਾਰਨ ਵਿਖੇ ਬਤੌਰ ਸਿਪਾਹੀ ਡਿਊਟੀ ’ਤੇ ਤਾਇਨਾਤ ਸੀ ਅਤੇ ਦੇਰ ਰਾਤ ਡਿਊਟੀ ’ਤੇ ਆਪਣੀ ਕਾਰ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਬਾਈਪਾਸ ਚੌਕ ਵਿਖੇ ਜਾ ਰਿਹਾ ਸੀ। ਜਦੋਂ ਉਸ ਦੀ ਕਾਰ ਬਾਈਪਾਸ ਨੇੜੇ ਪਹੁੰਚੀ ਪੁੱਜੀ ਤਾਂ ਅਚਾਨਕ ਬੇਕਾਬੂ ਹੁੰਦੀ ਅਚਾਨਕ ਉਸ ਦਾ ਟਾਇਰ ਫਟ ਗਿਆ, ਜੋ ਬੇਕਾਬੂ ਹੁੰਦੀ ਹੋਈ ਅੱਗੇ ਜਾ ਰਹੇ ਸਕੂਟਰ ਸਵਾਰ ਅਮਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਨਿਵਾਸੀ ਤਰਨਤਾਰਨ ਨਾਲ ਜਾ ਟਕਰਾਈ।
ਟੱਕਰ ਇੰਨੀ ਭਿਆਨਕ ਸੀ ਕਿ ਜਿੱਥੇ ਕਾਰ ਦੇ ਪਰਖਚੇ ਉੱਡ ਗਏ ਉਥੇ ਹੀ ਸਕੂਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ’ਚ ਗੰਭੀਰ ਜ਼ਖਮੀ ਦੋਵਾਂ ਵਿਅਕਤੀਆਂ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਸਿਪਾਹੀ ਜੁਗਰਾਜ ਸਿੰਘ (25) ਅਤੇ ਸਕੂਟਰ ਸਵਾਰ ਅਮਰਜੀਤ ਸਿੰਘ (30) ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜੁਗਰਾਜ ਸਿੰਘ ਕੁਵਾਰਾ ਸੀ ਅਤੇ ਉਸ ਨੂੰ ਕਰੀਬ 5 ਸਾਲ ਪਹਿਲਾਂ ਆਪਣੇ ਪਿਤਾ ਗੁਰਨਾਮ ਸਿੰਘ ਦੀ ਮੌਤ ਤੋਂ ਬਾਅਦ ਨੌਕਰੀ ਪ੍ਰਾਪਤ ਹੋਈ ਸੀ ਜਦਕਿ ਅਮਰਜੀਤ ਸਿੰਘ ਪ੍ਰਾਈਵੇਟ ਨੌਕਰੀ ਕਰਦਾ ਸੀ।
ਇਸ ਤੋਂ ਇਲਾਵਾ ਥਾਣਾ ਸਿਟੀ ਤਰਨਤਾਰਨ ਵਿਖੇ ਤਾਇਨਾਤ ਪੰਜਾਬ ਹੋਮ ਗਾਰਡ ਦੇ ਕਰਮਚਾਰੀ ਵਿਜੇ ਕੁਮਾਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜਦਕਿ ਥਾਣਾ ਵਲਟੋਹਾ ਵਿਖੇ ਤਾਇਨਾਤ ਪੰਜਾਬ ਹੋਮਗਾਰਡ ਦੇ ਕਰਮਚਾਰੀ ਨਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਅਧਿਕਾਰੀ ਸੁਰਿੰਦਰ ਸਿੰਘ ਸਿੰਦਬਾਦ ਨੇ ਦੱਸਿਆ ਕਿ ਸੜਕ ਹਾਦਸੇ ਦੌਰਾਨ ਦੋਵਾਂ ਪਰਿਵਾਰਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕਰਵਾਈ ਗਈ ਹੈ, ਜਿਸ ਦੇ ਚੱਲਦਿਆਂ ਪੁਲਿਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰ ਲਿਆ ਹੈ।