ਸਰਕਾਰੀ ਹਸਪਤਾਲ ’ਚ ਰੋਜ਼ਾਨਾ ਧਨ ਸ੍ਰੀ ਗੁਰੂ ਰਾਮਦਾਸ ਸੰਸਥਾ ਵਲੋਂ ਨਿਭਾਈ ਜਾਂਦੀ ਹੈ ਲੰਗਰ ਦੀ ਸੇਵਾ
ਸਾਨੂੰ ਗੁਰੂ ਸਾਹਿਬ ਨੇ ਸੇਵਾ ਬਖ਼ਸ਼ੀ ਹੈ ਤੇ ਅਸੀਂ ਆਪਣੀ ਸੇਵਾ ਨਿਭਾਅ ਰਹੇ ਹਾਂ : ਸੇਵਾਦਾਰ
ਅਸੀਂ ਅਕਸਰ ਦੇਖਦੇ ਹਾਂ ਕਿ ਸਰਕਾਰੀ ਹਸਪਤਾਲਾਂ ਵਿਚ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ ਤੇ ਜੇ ਸਾਨੂੰ ਦਵਾਈ ਲੈਣ ਹਸਪਤਾਲ ਜਾਣਾ ਪੈ ਜਾਵੇ ਤਾਂ ਘੱਟੋ ਘੱਟ ਅੱਧਾ ਦਿਨ ਉਥੇ ਹੀ ਫੁੱਟ ਜਾਂਦਾ ਹੈ ਤੇ ਕਈ ਵਾਰ ਤਾਂ ਸਾਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ। ਕਈ ਮਰੀਜ਼ਾਂ ਕੋਲ ਤਾਂ ਰੋਟੀ ਖਾਣ ਲਈ ਪੈਸੇ ਵੀ ਨਹੀਂ ਹੁੰਦੇ। ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਹੁਸ਼ਿਆਰਪੁਰ ਤੋਂ ਧੰਨ ਗੁਰੂ ਰਾਮਦਾਸ ਸੁਸਾਇਟੀ ਵਲੋਂ ਲੰਗਰ ਦੀ ਸੇਵਾ ਚਲਾਈ ਜਾਂਦੀ ਹੈ, ਧੰਨ ਗੁਰੂ ਰਾਮਦਾਸ ਸੰਸਥਾ ਵਲੋਂ ਇਹ ਲੰਗਰ ਦੀ ਸੇਵਾ 2019 ਵਿਚ ਸ਼ੁਰੂ ਕੀਤੀ ਗਈ ਸੀ।
ਇਸ ਸੰਸਥਾ ਵਲੋਂ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ, ਗੜ੍ਹਦੀਵਾਲਾ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, ਤਰਨਤਾਰਨ, ਨਕੋਦਰ, ਕਪੂਰਥਲਾ ਤੇ ਪੀਜੀਆਈ ਆਦਿ ਸਰਕਾਰੀ ਹਸਪਤਾਲਾਂ ਵਿਚ ਲੰਗਰ ਦੀ ਸੇਵਾ ਚੱਲ ਰਹੀ ਹੈ। ਸੁਸਾਈਟੀ ਵਲੋਂ ਇਕ ਗੱਡੀ ਹਰ ਰੋਜ਼ ਸਵੇਰੇ ਹਸਪਤਾਲ ਵਿਚ ਭੇਜੀ ਜਾਂਦੀ ਹੈ। ਹਸਪਤਾਲ ਵਿਚ ਦੂਰੋਂ-ਦੂਰੋਂ ਆਏ ਮਰੀਜ਼ ਲੰਗਰ ਛਕਦੇ ਹਨ ਤੇ ਨਾਲ ਹੀ ਉਥੋਂ ਦਾ ਸਟਾਫ਼, ਸਿਖਲਾਈ ਲਈ ਆਈਆਂ ਨਰਸਾਂ ਤੇ ਵਿਦਿਆਰਥੀ ਵੀ ਗੁਰੂ ਕਾ ਲੰਗਰ ਛਕਦੇ ਹਨ। ਤੁਹਾਨੂੰ ਦਸ ਦਈਏ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਧੰਨ ਗੁਰੂ ਰਾਮਦਾਸ ਸੰਸਥਾ ਨੂੰ ਲੰਗਰ ਲਈ ਸਰਕਾਰ ਵਲੋਂ ਜਗ੍ਹਾ ਦਿਤੀ ਗਈ ਹੈ
ਜਿੱਥੇ ਬੈਠ ਕੇ ਮਰੀਜ਼ ਜਾਂ ਉਨ੍ਹਾਂ ਆਏ ਲੋਕ ਲੰਗਰ ਛਕਦੇ ਹਨ। ਧੰਨ ਗੁਰੂ ਰਾਮਦਾਸ ਸੰਸਥਾ ਦੇ ਸੇਵਾਦਾਰ ਨੇ ਦਸਿਆ ਕਿ ਅਸੀਂ ਤਿੰਨ ਸਾਲ ਤੋਂ ਇੱਥੇ ਲੰਗਰ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਹਰ ਰੋਜ਼ 500 ਤੋਂ 600 ਤਕ ਬੰਦਿਆਂ ਦਾ ਲੰਗਰ ਤਿਆਰ ਕਰ ਕੇ ਲਿਆਉਂਦੇ ਹਾਂ। ਉਨ੍ਹਾਂ ਕਿਹਾ ਕਿ ਕਈ ਮਰੀਜ਼ਾਂ ਕੋਲ ਪੈਸੇ ਨਹੀਂ ਹੁੰਦੇ ਤਾਂ ਜੋ ਉਹ ਕੰਟੀਨ ਵਿਚ ਖਾਣਾ ਖਾ ਸਕਣ ਇਸ ਲਈ ਜ਼ਿਆਦਾਤਰ ਮਰੀਜ਼ ਲੰਗਰ ਇੱਥੇ ਹੀ ਛਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਦੇ ਦਾਲ, ਕਾਲੇ ਛੋਲੇ, ਚਿੱਟੇ ਚਣੇ ਆਦਿ ਵੱਖ-ਵੱਖ ਤਰ੍ਹਾਂ ਦੀਆਂ ਦਾਲਾਂ ਸਬਜ਼ੀਆਂ ਤੇ ਪ੍ਰਸ਼ਾਦਾ ਲੈ ਕੇ ਆਉਂਦੇ ਹਾਂ।
ਉਨ੍ਹਾਂ ਕਿਹਾ ਕਿ ਹਰ ਰੋਜ਼ 500 ਤੋਂ 600 ਬੰਦੇ ਇਥੇ ਲੰਗਰ ਛਕਦੇ ਹਨ ਤੇ ਕਈ ਵਾਰ ਤਾਂ ਵਧ ਵੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵਲੋਂ ਵੱਖ-ਵੱਖ ਥਾਵਾਂ ’ਤੇ ਲੰਗਰ ਭੇਜਿਆ ਜਾਂਦਾ ਹੈ ਤੇ 25 ਬੰਦੇ ਹਰ ਰੋਜ਼ ਵੱਖ-ਵੱਖ ਥਾਵਾਂ ’ਤੇ ਸੇਵਾ ਨਿਭਾਉਂਦੇ ਹਨ। ਇਕ ਹੋਰ ਸੇਵਾਦਾਰ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਨੇ ਸੇਵਾ ਬਖ਼ਸ਼ੀ ਹੈ ਤੇ ਅਸੀਂ ਆਪਣੀ ਸੇਵਾ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਵੀ ਸਾਡੇ ਤੋਂ ਇੰਦਾਂ ਹੀ ਸੇਵਾ ਲੈਂਦੇ ਰਹਿਣ। ਉਨ੍ਹਾਂ ਕਿਹਾ ਕਿ ਜਦੋਂ ਸੰਗਤ ਢਿੱਡ ਭਰ ਕੇ ਲੰਗਰ ਛਕ ਕੇ ਜਾਂਦੀ ਹੈ ਤਾਂ ਸਾਨੂੰ ਬਹੁਤ ਖ਼ੁਸ਼ੀ ਮਹਿਸੂਸ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਸੁਸਾਈਟੀ ਇਹ ਹੀ ਚਾਹੁੰਦੀ ਹੈ ਕਿ ਕੋਈ ਵੀ ਮਰੀਜ਼ ਜਾਂ ਉਨ੍ਹਾਂ ਨਾਲ ਆਏ ਲੋਕ ਭੁੱਖੇ ਨਾ ਰਹਿਣ। ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਮੁਕਤਸਰ ਸਾਹਿਬ ਤੋਂ ਜਿਥੇ ਸਾਡੀ ਰਸੋਈ ਬਣੀ ਹੋਈ ਹੈ ਉਥੋਂ ਸਵੇਰੇ 9 ਵਜੇ ਤੁਰਦੇ ਹਾਂ ਤੇ 10 ਵਜੇ ਹਸਪਤਾਲ ਵਿਚ ਪਹੁੰਚ ਜਾਂਦੇ ਹਾਂ। ਲੰਗਰ ਛਕਣ ਆਈ ਇਕ ਔਰਤ ਨੇ ਕਿਹਾ ਕਿ ਧਨ ਗੁਰੂ ਰਾਮਦਾਸ ਸੰਸਥਾ ਵਲੋਂ ਜੋ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਬਹੁਤ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਮਰੀਜ਼ਾਂ ਕੋਲ ਦਵਾਈ ਲਈ ਵੀ ਪੈਸੇ ਨਹੀਂ ਹੁੰਦੇ ਤਾਂ ਉਹ ਖਾਣਾ ਕਿਥੋਂ ਖਾਣਗੇ। ਉਨ੍ਹਾਂ ਕਿਹਾ ਕਿ ਮਰੀਜ਼ ਤੇ ਉਨ੍ਹਾਂ ਨਾਲ ਆਏ ਲੋਕ ਇਥੇ ਲੰਗਰ ਛਕਦੇ ਹਨ।