ਗ਼ਰੀਬ ਕਿਸਾਨ ਨੂੰ ਨਿਕਲੀ 1.5 ਕਰੋੜ ਦੀ ਲਾਟਰੀ
ਰੱਬ ਨੇ ਅਰਦਾਸ ਸੁਣੀ ਤਾਂ ਹਰਜੀਤ ਸਿੰਘ ਰਾਤੋ ਰਾਤ ਬਣ ਗਿਆ ਕਰੋੜਪਤੀ
ਅਕਸਰ ਅਸੀਂ ਦੇਖਦੇ ਹਾਂ ਕਿ ਅਸੀਂ ਕਿੰਨੀ ਵੀ ਮਿਹਨਤ ਕਰ ਲਈਏ ਪਰ ਇੰਨੀ ਮਹਿਗਾਈ ਵਿਚ ਖ਼ਰਚੇ ਵੀ ਪੂਰੇ ਨਹੀਂ ਹੁੰਦੇ। ਅੱਜਕੱਲ ਤਾਂ ਮਹਿਗਾਈ ਇੰਨੀ ਜ਼ਿਆਦਾ ਹੋ ਗਈ ਹੈ ਕਿ ਬੰਦਾ ਆਪਣੇ ਘਰ ਦਾ ਗੁਜ਼ਾਰਾ ਬਹੁਤ ਔਖਾ ਚਲਾਉਂਦਾ ਹੈ ਤੇ ਆਪਣੇ ਤੇ ਆਪਣੇ ਪਰਿਵਾਰ ਦੀਆਂ ਕੁੱਝ ਖ਼ੁਆਇਸ਼ਾਂ ਪੂਰੀਆਂ ਕਰਨ ਵਿਚ ਬਹੁਤ ਮਿਹਨਤ ਕਰ ਕੇ ਵੀ ਪੂਰੀਆਂ ਨਹੀਂ ਕਰ ਪਾਉਂਦਾ।
ਅਸੀਂ ਇਹ ਵੀ ਦੇਖਦੇ ਹਾਂ ਕਿ ਅਸੀਂ ਕਿੰਨੀ ਵੀ ਮਿਹਨਤ ਕਰੀ ਜਾਈਏ ਅਸੀਂ ਕਾਮਯਾਬ ਨਹੀਂ ਹੁੰਦੇ ਜਦੋਂ ਤਕ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ। ਇੰਦਾਂ ਹੀ ਇਕ ਵਿਅਕਤੀ ਦੀ ਕਿਸਮਤ ਚਮਕੀ ਹੈ ਜਿਸ ਦਾ ਨਾਂ ਹਰਜੀਤ ਸਿੰਘ ਹੈ ਜੋ ਕਿ ਕਾਫ਼ੀ ਸਮੇਂ ਤੋਂ ਲਾਟਰੀ ਖ਼ਰੀਦਦਾ ਸੀ ਤੇ ਹੁਣ ਉਨ੍ਹਾਂ ਦੀ ਲਾਟਰੀ ਨਿਕਲੀ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਹਰਜੀਤ ਸਿੰਘ ਨੇ ਕਿਹਾ ਕਿ ਮੈਂ ਖੇਤੀ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਮੇਰੇ ਕੋਲ ਤਿੰਨ ਕਿੱਲੇ ਜ਼ਮੀਨ ਹੈ ਤੇ ਝੋਨਾ ਵੇਚ ਕੇ ਵੀ 3 ਲੱਖ ਰੁਪਏ ਮਿਲਦੇ ਹਨ ਤੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ 1.5 ਕਰੋੜ ਦੀ ਲਾਟਰੀ ਨਿਕਲੇਗੀ। ਉਨ੍ਹਾਂ ਕਿਹਾ ਕਿ ਹਰ ਇਕ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਮੇਰੇ ਕੋਲ ਚੰਗਾ ਘਰ, ਗੱਡੀ ਤੇ ਪੈਸਾ ਹੋਵੇ ਪਰ ਮੇਰੀ ਇੱਛਾ ਇਕ ਹੀ ਹੈ ਕਿ ਮੇਰੀ ਬੇਟੀ ਦੇ ਮੂੰਹ ਦੀ ਇਕ ਸਾਈਡ ਛੋਟੀ ਹੈ ਜਿਸ ਦਾ ਮੈਂ ਅਪ੍ਰੇਸ਼ਨ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਮੇਰੇ ਕੋਲ ਇੰਨੇ ਪੈਸੇ ਨਾ ਹੋਣ ਕਾਰਨ ਮੈਂ ਆਪਣੀ ਬੇਟੀ ਦਾ ਅਪ੍ਰੇਸ਼ਨ ਨਹੀਂ ਕਰਵਾ ਪਾ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਮੈਂ ਸਭ ਤੋਂ ਪਹਿਲਾਂ ਆਪਣੀ ਬੇਟੀ ਦਾ ਅਪ੍ਰੇਸ਼ਨ ਕਰਵਾਊਂਗਾ।