ਦਰੱਖ਼ਤ ਨਾਲ ਟਕਰਾਈ ਕਾਰ, ਦੋ ਹਲਾਕ
ਜਨਮ ਦਿਨ ਮਨਾ ਕੇ ਘਰ ਵਾਪਸ ਜਾ ਰਹੇ ਨੌਜਵਾਨਾਂ ਦੀ ਤੇਜ਼ ਰਫ਼ਤਾਰ ਕਾਰ ਸੈਕਟਰ 19/27/7/26 ਚੌਕ ਨੇੜੇ ਇਕ ਦਰੱਖ਼ਤ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਹਾਦਸੇ ਵਿਚ..
ਚੰਡੀਗੜ੍ਹ, 19 ਜੁਲਾਈ (ਤਰੁਣ ਭਜਨੀ): ਜਨਮ ਦਿਨ ਮਨਾ ਕੇ ਘਰ ਵਾਪਸ ਜਾ ਰਹੇ ਨੌਜਵਾਨਾਂ ਦੀ ਤੇਜ਼ ਰਫ਼ਤਾਰ ਕਾਰ ਸੈਕਟਰ 19/27/7/26 ਚੌਕ ਨੇੜੇ ਇਕ ਦਰੱਖ਼ਤ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਹਾਦਸੇ ਵਿਚ 4 ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿਚ ਪੀ.ਜੀ.ਆਈ. ਅਤੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਹਾਦਸਾ ਮੰਗਲਵਾਰ ਦੇਰ ਰਾਤ 12:15 ਵਜੇ ਦਾ ਹੈ। ਹਾਦਸੇ ਵਿਚ ਸਾਰੇ ਨੌਜਵਾਨ ਸਵਿਫ਼ਟ ਡਿਜ਼ਾਇਰ ਕਾਰ 'ਚ ਸਵਾਰ ਸਨ। ਟੱਕਰ ਲੱਗਣ ਨਾਲ ਦਰੱਖ਼ਤ ਵੀ ਟੁੱਟ ਗਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਨਯਾਗਾਉਂ ਵਾਸੀ 22 ਸਾਲਾ ਸੁਰਿੰਦਰ ਅਤੇ ਸੈਕਟਰ-7 ਦੇ ਰਹਿਣ ਵਾਲੇ 22 ਸਾਲਾ ਰਾਜਨ ਦੇ ਰੂਪ ਵਿਚ ਹੋਈ ਹੈ। ਕਾਰ ਵਿਚ ਸਵਾਰ ਕਿਸ਼ਨਗੜ੍ਹ ਵਾਸੀ ਬ੍ਰਿਜੇਸ, ਸੈਕਟਰ-19 ਵਾਸੀ ਸਤੀਸ਼, ਮੋਹਾਲੀ ਵਾਸੀ ਮੇਜਰ ਅਤੇ ਸੈਕਟਰ-7 ਵਾਸੀ ਅਮਨ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕੀਤਾ ਗਿਆ ਹੈ। ਜ਼ਖ਼ਮੀਆਂ ਵਿਚ ਬ੍ਰਿਜੇਸ਼ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਨੂੰ ਹਾਲੇ ਤਕ ਹੋਸ਼ ਨਹੀਂ ਆਇਆ ਹੈ। ਮ੍ਰਿਤਕ ਰਾਜਨ ਪੰਜਾਬ ਯੂਨੀਵਰਸਟੀ ਵਿਚ ਐਮ. ਕਾਮ ਦਾ ਵਿਦਿਆਰਥੀ ਸੀ ਅਤੇ ਸੁਰਿੰਦਰ ਖ਼ਾਲਸਾ ਕਾਲਜ ਤੋਂ ਬੀ.ਏ. ਦੇ ਪੇਪਰ ਦੇ ਕੇ ਹਟਿਆ ਸੀ।
ਪੁਲਿਸ ਨੇ ਦਸਿਆ ਕਿ ਮੰਗਲਵਾਰ ਰਾਤੀ ਇਹ ਸਾਰੇ ਨੌਜਵਾਨ ਇਕੋ ਗੱਡੀ ਵਿਚ ਸਵਾਰ ਹੋ ਕੇ ਮੇਜਰ ਦਾ ਜਨਮ ਦਿਨ ਮਨਾਉਣ ਲਈ ਸੈਕਟਰ-21 ਸਥਿਤ ਬਾਬਾ ਡੇਅਰੀ ਵਿਚ ਗਏ ਸਨ। ਜਿਥੇ ਜਨਮ ਦਿਨ ਮਨਾਉਣ ਤੋਂ ਬਾਅਦ ਸੈਕਟਰ-7 ਵਿਚ ਖੜੇ ਅਪਣੇ ਵਾਹਨ ਚੁਕਣ ਲਈ ਜਾ ਰਹੇ ਸਨ। ਕਾਰ ਅਮਨ ਚਲਾ ਰਿਹਾ ਸੀ। ਤੇਜ਼ ਰਫ਼ਤਾਰ ਹੋਣ 'ਤੇ ਕਾਰ ਅਚਾਨਕ ਸੈਕਟਰ 27/19 ਦੇ ਚੌਕ ਨੇੜੇ ਇਕ ਦਰੱਖ਼ਤ ਨਾਲ ਟਕਰਾ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਸਾਰਿਆਂ ਦੀ ਸਕੂਲ ਸਮੇਂ ਤੋਂ ਸੀ ਦੋਸਤੀ
ਸੈਕਟਰ-7 ਵਾਸੀ ਮ੍ਰਿਤਕ ਰਾਜਨ ਅਤੇ ਮੋਹਾਲੀ ਵਾਸੀ ਸੁਰਿੰਦਰ ਹੈਂਡਬਾਲ ਦੇ ਚੰਗੇ ਖਿਡਾਰੀ ਸਨ। ਰਾਜਨ ਨੇ ਦੇਸ਼ ਵਿਚ ਕਈ ਟੂਰਨਾਮੈਂਟਾਂ ਵਿਚ ਹਿੱਸਾ ਲਿਆ ਸੀ। ਤਿੰਨ ਸਾਲ ਪਹਿਲਾਂ ਉਸ ਨੇ ਅਸਾਮ ਵਿਰੁਧ ਟੂਰਨਾਮੈਂਟ ਖੇਡਿਆ ਸੀ ਅਤੇ ਜਿੱਤ ਹਾਸਲ ਕੀਤੀ ਸੀ। ਰਾਜਨ ਦੇ ਪਰਵਾਰ ਵਾਲਿਆਂ ਨੇ ਦਸਿਆ ਕਿ ਰਾਜਨ ਨੇ ਹਾਲ ਹੀ ਵਿਚ ਅਪਣੀ ਬੈਚਲਰ ਡਿਗਰੀ ਪੂਰੀ ਕੀਤੀ ਸੀ ਅਤੇ ਹੁਣ ਪੰਜਾਬ ਯੂਨੀਵਰਸਟੀ ਤੋਂ ਐਮ ਕਾਮ ਦੀ ਪੜ੍ਹਾਈ ਕਰ ਰਿਹਾ ਸੀ। ਪਰਵਾਰ ਦੀ ਇਕ ਮੈਂਬਰ ਚਾਂਦ ਨੇ ਦਸਿਆ ਕਿ ਰਾਜਨ ਇਸ ਤੋਂ ਪਹਿਲਾਂ ਕਦੇ ਵੀ ਰਾਤ ਨੂੰ ਘਰ ਤੋਂ ਬਾਹਰ ਨਹੀਂ ਗਿਆ ਸੀ। ਮੰਗਲਵਾਰ ਸ਼ਾਮੀ 7:30 ਵਜੇ ਉਹ ਦੋਸਤ ਦਾ ਜਨਮ ਦਿਨ ਮਨਾਉਣ ਲਈ ਘਰ ਤੋਂ ਨਿਕਲਿਆ ਸੀ। ਰਾਤੀ 10 ਵਜੇ ਰਾਜਨ ਨੇ ਘਰ ਵਿਚ ਫ਼ੋਨ ਕਰ ਕੇ ਕਿਹਾ ਕਿ ਉਹ ਅੱਧੇ ਘੰਟੇ ਵਿਚ ਘਰ ਵਾਪਸ ਆ ਰਿਹਾ ਹੈ। ਪਰ ਉਹ ਨਹੀਂ ਆਇਆ। ਰਾਜਨ ਸੈਕਟਰ-7 ਵਿਚ ਅਪਣੇ ਦਾਦਾ-ਦਾਦੀ ਅਤੇ ਚਾਚੀ ਨਾਲ ਰਹਿੰਦਾ ਸੀ। ਉਸ ਦੀ ਮਾਤਾ ਫੈਜ਼ਾਬਾਦ ਯੂਪੀ ਵਿਚ ਰਹਿੰਦੀ ਹੈ ਅਤੇ ਪਿਤਾ ਦਾ 14 ਸਾਲ ਪਹਿਲਾਂ ਦਿਹਾਂਤ ਹੋ ਚੁਕਾ ਹੈ। ਇਸੇ ਤਰ੍ਹਾਂ ਸੁਰਿੰਦਰ ਨੇ ਹਾਲ ਹੀ ਵਿਚ ਬੀਏ ਦੀ ਪੜ੍ਹਾਈ ਪੂਰੀ ਕੀਤੀ ਸੀ। ਉਸ ਦੇ ਪਿਤਾ ਨੌਕਰੀ ਕਰਦੇ ਹਨ। ਸੁਰਿੰਦਰ ਰਾਤੀ 8:30 ਵਜੇ ਘਰ ਤੋਂ ਬਾਹਰ ਗਿਆ ਸੀ। ਪਰਵਾਰ ਵਾਲਿਆਂ ਨੇ ਦਸਿਆ ਕਿ ਸਾਰੇ ਸਕੂਲ ਸਮੇਂ ਤੋਂ ਦੋਸਤ ਸਨ।