'ਵੱਡੀਆਂ ਮੱਛੀਆਂ' ਸਬੰਧੀ ਮੇਰੀ ਟਿਪਣੀ ਦੇ ਗ਼ਲਤ ਅਰਥ ਕੱਢੇ ਗਏ : ਡੀਜੀਪੀ
ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਸੂਬੇ ਵਿਚ ਨਸ਼ਿਆਂ ਦੇ ਕਾਰੋਬਾਰ 'ਚ ਵੱਡੀਆਂ ਮੱਛੀਆਂ ਦੀ ਸ਼ਮੂਲੀਅਤ ਬਾਰੇ ਅਪਣੇ ਬਿਆਨ 'ਤੇ ਸਪੱਸ਼ਟੀਕਰਨ ਦਿਤਾ ਹੈ।
ਚੰਡੀਗੜ੍ਹ, 21 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਸੂਬੇ ਵਿਚ ਨਸ਼ਿਆਂ ਦੇ ਕਾਰੋਬਾਰ 'ਚ ਵੱਡੀਆਂ ਮੱਛੀਆਂ ਦੀ ਸ਼ਮੂਲੀਅਤ ਬਾਰੇ ਅਪਣੇ ਬਿਆਨ 'ਤੇ ਸਪੱਸ਼ਟੀਕਰਨ ਦਿਤਾ ਹੈ।
ਪ੍ਰੈੱਸ ਬਿਆਨ ਵਿਚ ਪੁਲਿਸ ਮੁਖੀ ਨੇ ਆਖਿਆ ਕਿ ਇਸ ਮਾਮਲੇ 'ਤੇ ਉਨ੍ਹਾਂ ਦੀ ਟਿਪਣੀ ਦੇ ਗ਼ਲਤ ਅਰਥ ਕੱਢੇ ਗਏ ਹਨ। ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਇਹ ਗੱਲ ਕਹੀ ਹੈ ਅਤੇ ਨਾ ਹੀ ਰਾਏ ਦਿਤੀ ਹੈ ਕਿ ਪੰਜਾਬ ਵਿਚ ਨਸ਼ਿਆਂ ਦੇ ਕਾਰੋਬਾਰ 'ਚ ਕੋਈ ਵੱਡੀ ਮੱਛੀ ਨਹੀਂ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਵੱਡੀਆਂ ਮੱਛੀਆਂ ਦੀ ਗ਼ੈਰ-ਮੌਜੂਦਗੀ ਦਾ ਹਵਾਲਾ ਇਸ ਸੰਦਰਭ ਵਿਚ ਦਿਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਨਸ਼ਿਆਂ ਦਾ ਨੈਟਵਰਕ ਤੋੜਨ ਲਈ ਕੀਤੀ ਸਖ਼ਤ ਕਾਰਵਾਈ ਕਾਰਨ ਕੁੱਝ ਵੱਡੇ ਨਸ਼ਾ ਤਸਕਰ ਸੂਬੇ ਵਿਚੋਂ ਭੱਜ ਗਏ ਹਨ।
ਉਨ੍ਹਾਂ ਆਖਿਆ ਕਿ ਭਾਵੇਂ ਪੁਲਿਸ ਨੇ ਕੁੱਝ ਵੱਡੇ ਤਸਕਰਾਂ ਨੂੰ ਨਸ਼ਿਆਂ ਦੀ ਵੱਡੀ ਬਰਾਮਦਗੀ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ ਪਰ ਕੁੱਝ ਤਸਕਰ ਭੱਜਣ ਵਿਚ ਸਫਲ ਹੋ ਗਏ ਜਿਨ੍ਹਾਂ ਦੀ ਭਾਲ ਲਈ ਮੁਹਿੰਮ ਵਿੱਢੀ ਹੋਈ ਹੈ।
ਪੁਲਿਸ ਮੁਖੀ ਨੇ ਆਖਿਆ ਕਿ ਮੁੱਖ ਮੰਤਰੀ ਖ਼ੁਦ ਕਈ ਮੌਕਿਆਂ 'ਤੇ ਇਹ ਗੱਲ ਕਹਿ ਚੁੱਕੇ ਹਨ ਕਿ ਨਸ਼ਿਆਂ ਦੇ ਵੱਡੇ ਤਸਕਰ ਤੇ ਕਾਰੋਬਾਰੀ ਅਪਣੇ ਗੁਨਾਹਾਂ ਕਾਰਨ ਗ੍ਰਿਫ਼ਤਾਰੀ ਅਤੇ ਸਜ਼ਾ ਤੋਂ ਬਚਣ ਲਈ ਪੰਜਾਬ ਛੱਡ ਕੇ ਭੱਜ ਗਏ ਹਨ।