ਸੌਦਾ ਸਾਧ ਨੂੰ ਪੰਚਕੂਲਾ ਹਿੰਸਾ ਵਿਚ ਦੋਸ਼ੀਆਂ 'ਚ ਨਾਮਜ਼ਦ ਕੀਤੇ ਜਾਣ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਈ ਕੋਰਟ ਵਲੋਂ ਨੋਟਿਸ ਜਾਰੀ

Ram Rahim

ਚੰਡੀਗੜ੍ਹ, 4 ਅਪ੍ਰੈਲ (ਨੀਲ ਭਲਿੰਦਰ ਸਿੰਘ) : ਸੌਦਾ ਸਾਧ ਨੂੰ ਬਲਾਤਕਾਰ ਕੇਸਾਂ 'ਚ ਦੋਸ਼ੀ ਕਰਾਰ ਦਿਤੇ ਜਾਣ ਮੌਕੇ ਪੰਚਕੂਲਾ ਵਿਚ ਡੇਰਾ ਸਮਰਥਕਾਂ ਵਲੋਂ ਕੀਤੀਆਂ ਗਈ ਅਗਜ਼ਨੀ, ਭੰਨਤੋੜ ਅਤੇ ਹਿੰਸਾ ਡੇਰਾ ਮੁਖੀ ਦੇ ਇਸ਼ਾਰੇ ਉਤੇ ਹੀ ਕੀਤੇ ਜਾਣ ਦੇ ਦੋਸ਼ ਲਾਏ ਗਏ ਹਨ। ਇਸ ਮਾਮਲੇ 'ਚ ਉਸ ਨੂੰ ਵੀ ਨਾਮਜ਼ਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਦਰਜ਼ ਅਰਜ਼ੀ 'ਤੇ ਹਾਈ ਕੋਰਟ ਨੇ  ਸੌਦਾ ਸਾਧ, ਹਰਿਆਣਾ ਦੇ ਗ੍ਰਹਿ ਸਕੱਤਰ , ਡੀ.ਜੀ.ਪੀ. ਅਤੇ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰ ਲਿਆ ਹੈ।ਜਸਟੀਸ ਸੂਰੀਆਕਾਂਤ, ਜਸਟਿਸ ਏ.ਜੀ. ਮਸੀਹ ਅਤੇ ਜਸਟਿਸ ਅਵਨੀਸ਼ ਝਿੰਗਨ 'ਤੇ ਅਧਾਰਤ ਬੈਂਚ ਨੇ ਇਹ ਨੋਟਿਸ ਪਟਿਆਲਾ ਦੇ ਸੁਖਵਿੰਦਰ ਸਿੰਘ ਅਤੇ ਸਿਰਸਾ ਦੇ ਰਾਮ ਕੁਮਾਰ ਬਿਸ਼ਨੋਈ ਦੁਆਰਾ ਐਡਵੋਕੇਟ ਮਹਿੰਦਰ ਸਿੰਘ ਜੋਸ਼ੀ ਰਾਹੀਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਾਰੀ ਕੀਤਾ ਹੈ। ਦਾਇਰ ਪਟੀਸ਼ਨ 'ਚ ਆਈ.ਜੀ. ਕੇ.ਕੇ. ਰਾਵ ਦੇ ਉਸ ਬਿਆਨ ਦਾ ਹਵਾਲਾ ਦਿਤਾ ਗਿਆ ਹੈ

ਜਿਸ 'ਚ ਆਈ.ਜੀ. ਨੇ ਮੀਡੀਆ ਦੇ ਸਾਹਮਣੇ ਕਿਹਾ ਸੀ ਕਿ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਜੋ ਵੀ ਘਟਨਾਕ੍ਰਮ ਹੋਇਆ ਸੀ ਉਸ ਤੋਂ ਇਹੀ ਸਾਹਮਣੇ ਆਇਆ ਸੀ ਕਿ ਡੇਰਾ ਮੁਖੀ ਨੇ ਹੀ ਅਪਣੇ ਸੰਕੇਤਾਂ ਜ਼ਰੀਏ ਅਪਣੇ ਸਮਰਥਕਾਂ ਨੂੰ ਹਿੰਸਾ ਅਤੇ ਭੰਨਤੋੜ ਕਰਨ ਦਾ ਇਸ਼ਾਰਾ ਦਿਤਾ ਸੀ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਦਾਲਤ ਤੋਂ ਬਾਹਰ ਆਉਂਦੇ ਸਮੇਂ ਜਿਸ ਤਰ੍ਹਾਂ ਡੇਰਾ ਮੁਖੀ ਗੱਡੀ 'ਚ ਬੈਠਣ ਲਈ ਜਾਣਬੁੱਝ ਕੇ ਦੇਰੀ ਕਰ ਰਿਹਾ ਸੀ ਅਤੇ ਗੱਡੀ 'ਚੋਂ ਲਾਲ ਬੈਗ ਲਿਆਏ ਜਾਣ ਨੂੰ ਕਿਹਾ ਸੀ, ਉਸ ਤੋਂ ਅਜਿਹਾ ਹੀ ਲੱਗਦਾ ਹੈ ਕਿ ਡੇਰਾ ਮੁਖੀ ਨੇ ਹੀ ਲਾਲ ਬੈਗ ਰਾਹੀਂ ਅਪਣੇ ਸਮਰਥਕਾਂ ਨੂੰ ਨਿਰਦੇਸ਼ ਦਿਤੇ ਹਨ।ਪਟੀਸ਼ਨਕਰਤਾਵਾਂ ਮੁਤਾਬਕ ਹਿੰਸਾ ਤੋਂ ਐਨ ਪਹਿਲਾਂ ਡੇਰਾ ਮੁਖੀ ਨੇ ਸਿਰਸਾ ਡੇਰੇ 'ਚ ਇਕ ਗੁਪਤ ਬੈਠਕ ਵੀ ਕੀਤੀ ਸੀ ਜਿਸ 'ਚ ਇਸ ਸਾਜਿਸ਼ ਨੂੰ ਰਚਿਆ ਗਿਆ ਸੀ। ਲਿਹਾਜਾ ਪੰਚਕੂਲਾ 'ਚ ਦਰਜ ਐਫ਼.ਆਈ.ਆਰ. 'ਚ ਡੇਰਾ ਮੁਖੀ ਅਤੇ ਉਸ ਦੇ ਪਰਵਾਰ ਨੂੰ ਵੀ ਦੋਸ਼ੀ ਬਣਾ ਕੇ ਉਨ੍ਹਾਂ ਤੋਂ ਵੀ ਪੁਛਗਿਛ ਕੀਤੀ ਜਾਣੀ ਚਾਹੀਦੀ ਹੈ।