ਸ਼ਿਵ ਸੈਨਾ ਆਗੂ ਦਾ ਗੋਲੀਆਂ ਮਾਰ ਕੇ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਰ ਸ਼ਾਮ ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਬੱਸ ਅੱਡੇ 'ਚ 3 ਮੋਟਰਸਾਈਕਲ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Ajay Kumar

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਬੱਸ ਅੱਡੇ 'ਤੇ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰਾਂ ਤਿੰਨ ਜਣਿਆਂ ਨੇ ਸ਼ਿਵ ਸੈਨਾ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ। ਹਮਲਾਵਰਾਂ ਨੇ ਇਸ ਮਗਰੋਂ ਸ਼ਿਵ ਸੈਨਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ। ਬੱਸ ਅੱਡੇ 'ਤੇ ਸ਼ੋਰ ਮਚਣ 'ਤੇ ਹੱਤਿਆਰੇ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਏ। 

ਜਾਣਕਾਰੀ ਮੁਤਾਬਕ ਅੱਜ ਦੇਰ ਸ਼ਾਮ ਪੁਰਾਣਾ ਸ਼ਾਲਾ ਬੱਸ ਅੱਡੇ 'ਚ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਉਪ ਪ੍ਰਧਾਨ ਦਾ ਕਤਲ ਕਰ ਦਿੱਤਾ।  ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪ੍ਰਾਪਤ ਜਾਣਕਾਰੀ ਮੁਤਾਬਕ ਅਜੇ ਕੁਮਾਰ ਪੁੱਤਰ ਸੌਦਾਗਰ ਨਿਵਾਸੀ ਪਿੰਡ ਖਾੜੀਆ ਦੇਰ ਸ਼ਾਮ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਮੁੰਨਾ ਦੇ ਨਾਲ ਪੁਰਾਣਾ ਸ਼ਾਲਾ ਬੱਸ ਅੱਡੇ 'ਤੇ ਖੜਾ ਸੀ ਕਿ ਅਚਾਨਕ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਅਜੇ ਕੁਮਾਰ 'ਤੇ ਗੋਲੀ ਚਲਾ ਦਿੱਤੀ।

ਕਾਤਲਾਂ ਨੇ ਉਸ ਦੇ ਬਾਅਦ ਅਜੇ 'ਤੇ ਦਾਤਰ ਆਦਿ ਨਾਲ ਵੀ ਹਮਲਾ ਕੀਤਾ। ਬੱਸ ਅੱਡੇ 'ਤੇ ਸ਼ੋਰ ਮਚੱਣ 'ਤੇ ਹੱਤਿਆਰੇ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਏ। ਅਜੇ ਕੁਮਾਰ ਨੂੰ ਗੰਭੀਰ ਹਾਲਤ 'ਚ ਗੁਰਦਾਸਪੁਰ ਦੇ ਪ੍ਰਾਈਵੇਟ ਹਸਪਤਾਲ ਅਬਰੋਲ ਮੈਡੀਕਲ ਸੈਂਟਰ 'ਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਮੁੱਖ ਹਰਵਿੰਦਰ ਸੋਨੀ ਨੇ ਦੋਸ਼ ਲਗਾਇਆ ਕਿ ਪੁਲਿਸ ਨੂੰ ਪਹਿਲਾਂ ਹੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਸ ਦੇ ਬਾਵਜੂਦ ਸੁਰੱਖਿਆ ਸਬੰਧੀ ਕੋਈ ਪ੍ਰਬੰਧ ਨਹੀਂ ਕੀਤਾ।

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਇਹ ਘਟਨਾ ਅੱਤਵਾਦੀ ਹੈ ਜਾਂ ਨਹੀਂ ਇਸ ਸਬੰਧੀ ਸਾਰੀ ਸੱਚਾਈ ਜਾਂਚ ਦੇ ਬਾਅਦ ਹੀ ਸਾਹਮਣੇ ਆਏਗੀ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ ਟੀਮਾਂ ਬਣਾਈਆਂ ਗਈਆਂ ਹਨ।