'ਸਰਕਾਰ ਤੋਂ ਗ੍ਰਾਂਟ ਨਾ ਲਵੋ, ਕੇਂਦਰ 'ਚੋਂ ਟਰਾਲੀਆਂ ਭਰ ਕੇ ਨੋਟਾਂ ਦੀਆਂ ਲਿਆਵਾਂਗੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਨੇ ਅਕਾਲੀ ਸਰਪੰਚਾਂ ਨੂੰ ਦਿਤੀ ਅਜੀਬ ਸਲਾਹ

Sukhbir Badal

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਕਲ ਚੋਣ ਪ੍ਰਚਾਰ 'ਚ ਕਾਫ਼ੀ ਮਸਰੂਫ਼ ਹਨ ਤੇ ਧੜਾਧੜ ਰੈਲੀਆਂ ਕਰ ਕੇ ਵੋਟਰਾਂ ਨੂੰ ਅਪਣੇ ਹੱਕ 'ਚ ਕਰਨ ਦੀ ਸਿਰਤੋੜ ਕੋਸ਼ਿਸ਼ ਕਰ ਰਹੇ ਹਨ। ਕਈ ਵਾਰ ਉਹ ਸਾਹਮਣੇ ਇਕੱਠ ਨੂੰ ਦੇਖ ਇੰਨੇ ਜਜ਼ਬਾਤੀ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਵੀ ਪਤਾ ਨਹੀਂ ਲਗਦਾ ਕਿ ਉਹ ਕੀ ਕਹਿ ਰਹੇ ਹਨ ਤੇ ਪਿਛੋਂ ਉਨ੍ਹਾਂ ਦੇ ਅਜਿਹੇ ਬਿਆਨਾਂ ਨੂੰ ਵਿਰੋਧੀ ਪਾਰਟੀਆਂ ਵਾਲੇ ਚੁੱਕ ਲੈਂਦੇ ਹਨ। ਬੀਤੇ ਦਿਨ ਸੁਖਬੀਰ ਬਾਦਲ ਮਾਝਾ ਖੇਤਰ ਵਿਚ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਲਈ ਰੈਲੀਆਂ ਕਰ ਰਹੇ ਸਨ।

ਉਨ੍ਹਾਂ ਇਨ੍ਹਾਂ ਰੈਲੀਆਂ ਵਿਚ ਕੈਪਟਨ ਸਰਕਾਰ ਨੂੰ ਜੰਮ ਕੇ ਕੋਸਿਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਦੀ ਝੋਲੀ ਵਿਚ 13 ਦੀਆਂ 13 ਸੀਟਾਂ ਪਾਈਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚੋਂ ਅਕਾਲੀ-ਭਾਜਪਾ ਗਠਜੋੜ 13 ਸੀਟਾਂ ਜਿੱਤ ਗਿਆ ਤਾਂ ਅਗਲੇ ਹੀ ਦਿਨ ਕੈਪਟਨ ਸਰਕਾਰ ਪੰਜਾਬ ਦੀ ਸੱਤਾ 'ਚੋਂ ਬਾਹਰ ਹੋ ਜਾਵੇਗੀ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਅਕਾਲੀ ਸਰਪੰਚਾਂ ਨੂੰ ਅਜੀਬ ਹੀ ਸਲਾਹ ਦਿਤੀ ਕਿ ਉਹ ਪੰਜਾਬ ਸਰਕਾਰ ਤੋਂ ਗ੍ਰਾਂਟ ਨਾ ਮੰਗਣ ਤੇ ਨਾ ਹੀ ਲੈਣ। ਉਨ੍ਹਾਂ ਕਿਹਾ ਕਿ ਸਰਕਾਰ ਵੱਧ ਤੋਂ ਵੱਧ 2-3 ਲੱਖ ਰੁਪਏ ਗ੍ਰਾਂਟ ਦੇ ਦੇਵੇਗੀ ਪਰ ਕੇਂਦਰ 'ਚ ਐਨ ਡੀ ਏ ਦੀ ਸਰਕਾਰ ਬਣਨ 'ਤੇ ਨੋਟਾਂ ਦੀਆਂ ਟਰਾਲੀਆਂ ਭਰ ਕੇ ਪੰਜਾਬ 'ਚ ਲਿਆਂਦੀਆਂ ਜਾਣਗੀਆਂ।

ਸੁਖਬੀਰ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਪੁਛਿਆ ਕਿ ਪਹਿਲਾਂ ਵਾਲੇ ਟਰੱਕ ਕਿਧਰ ਗਏ ਜਿਹੜੇ ਵੱਡੇ ਬਾਦਲ ਨੇ ਕਹੇ ਸਨ। ਇਸ ਦੇ ਨਾਲ ਹੀ ਡਾ. ਰਾਜ ਕੁਮਾਰ ਵੇਰਕਾ ਨੇ ਵਿਅੰਗ ਕਰਦਿਆਂ ਕਿਹਾ ਕਿ ਪਹਿਲਾਂ ਅਕਾਲੀ ਟਰੱਕ ਕਹਿੰਦੇ ਸਨ, ਹੁਣ ਟਰਾਲੀਆਂ 'ਤੇ ਆ ਗਏ, ਫਿਰ ਰੇਹੜੇ 'ਤੇ ਆ ਜਾਣਗੇ ਤੇ ਉਸ ਤੋਂ ਬਾਅਦ ਸਾਈਕਲ 'ਤੇ ਚੜ੍ਹ ਕੇ ਪੰਜਾਬ 'ਚੋਂ ਬਾਹਰ ਚਲੇ ਜਾਣਗੇ। ਪਿਛੇ ਜਿਹੇ ਸੁਰਖ਼ੀਆਂ 'ਚ ਰਹੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਜ਼ੀਰਾ ਨੇ ਪੁਛਿਆ ਕਿ ਪਹਿਲਾਂ ਵਾਲੇ ਟਰੱਕ ਬਾਦਲ ਪਿੰਡ ਖੜੇ ਹਨ ਜਾਂ ਫਿਰ ਡੱਬਵਾਲੀ। ਉਨ੍ਹਾਂ ਕਿਹਾ ਕਿ ਸੁਖਬੀਰ ਗ਼ਲਤ ਬਿਆਨੀ ਕਰ ਕੇ ਪੰਜਾਬ ਦੇ ਵੋਟਰਾਂ ਨੂੰ ਭਰਮਾ ਨਹੀਂ ਸਕਦੇ।