CM ਅਮਰਿੰਦਰ ਸਿੰਘ ਨੇ ਭਾਈ ਨਿਰਮਲ ਸਿੰਘ ਦੇ ਦੇਹਾਂਤ ਤੇ ਪ੍ਰਗਟਾਇਆ ਦੁੱਖ, ਸਬੰਧਿਆਂ ਨਾਲ ਕੀਤੀ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CM ਨੇ ਕਿਹਾ ਪਰਿਵਾਰ ਦੇ ਜਿਹੜੇ ਮੈਂਬਰ ਕੋਵਿਡ-19 ਤੋਂ ਪੀੜਤ ਹਨ, ਉਨ੍ਹਾਂ ਦੇ ਇਲਾਜ ਵਿੱਚ ਸਰਕਾਰ ਵੱਲੋਂ ਪੂਰੀ ਸਹਾਇਤਾ ਦਿੱਤੀ ਜਾਵੇਗੀ।

coronavirus

ਚੰਡੀਗੜ੍ਹ, 5 ਅਪਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪੁੱਤਰ ਤੇ ਭਤੀਜੇ ਨਾਲ ਗੱਲਬਾਤ ਕੀਤੀ ਅਤੇ ਭਾਈ ਸਾਹਿਬ ਦੇ ਦੇਹਾਂਤ ਉਤੇ ਦੁੱਖ ਪ੍ਰਗਟਾਇਆ। ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰ ਦੇ ਜਿਹੜੇ ਮੈਂਬਰ ਕੋਵਿਡ-19 ਤੋਂ ਪੀੜਤ ਹਨ, ਉਨ੍ਹਾਂ ਦੇ ਇਲਾਜ ਵਿੱਚ ਸਰਕਾਰ ਵੱਲੋਂ ਪੂਰੀ ਸਹਾਇਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਭਾਈ ਨਿਰਮਲ ਸਿੰਘ ਦੇ ਪੁੱਤਰ ਅਮਿਤੇਸ਼ਵਰ ਸਿੰਘ ਤੇ ਭਤੀਜੇ ਜਗਪ੍ਰੀਤ ਸਿੰਘ ਨੂੰ ਯਕੀਨ ਦਿਵਾਇਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਦਾ ਕੋਵਿਡ-19 ਤੋਂ ਬਚਾਅ ਲਈ ਇਲਾਜ ਚੱਲ ਰਿਹਾ ਹੈ ਅਤੇ ਸਰਕਾਰ ਦੇ ਮੈਡੀਕਲ ਪ੍ਰੋਟੋਕੋਲ ਮੁਤਾਬਕ ਇਨ੍ਹਾਂ ਸਾਰੇ ਮਰੀਜ਼ਾਂ ਦੀ ਪੂਰੀ ਦੇਖਭਾਲ ਹੋਵੇਗੀ।ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਕ ਮੈਂਬਰਾਂ ਦੀ ਸਿਹਤ ਉਤੇ ਸਿਹਤ ਵਿਭਾਗ ਨਿਗਰਾਨੀ ਰੱਖ ਰਿਹਾ ਹੈ ਅਤੇ ਸਿਹਤ ਅਮਲੇ ਨੂੰ ਕਿਹਾ ਗਿਆ ਹੈ

ਕਿ ਜੇ ਕਿਸੇ ਹੋਰ ਸਹਾਇਤਾ ਦੀ ਲੋੜ ਹੈ ਤਾਂ ਉਹ ਤੁਰੰਤ ਉਨ੍ਹਾਂ (ਮੁੱਖ ਮੰਤਰੀ) ਨਾਲ ਸੰਪਰਕ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਦੇ ਮੈਂਬਰਾਂ, ਜਿਨ੍ਹਾਂ ਦੀ ਕੋਵਿਡ-19 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ, ਦੀ ਸਿਹਤ ਦਾ ਹਾਲ-ਚਾਲ ਵੀ ਪੁੱਛਿਆ। ਅੰਮ੍ਰਿਤਸਰ ਵਿੱਚ ਕੁੱਲ ਸਥਾਨਕ ਲੋਕਾਂ ਦੇ ਖ਼ਦਸਿ਼ਆਂ ਕਾਰਨ ਭਾਈ ਨਿਰਮਲ ਸਿੰਘ ਦੇ ਸਸਕਾਰ ਵਿੱਚ ਹੋਈ ਦੇਰੀ ਨੂੰ ਮੰਦਭਾਗਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾ ਇਸ ਬਿਮਾਰੀ ਬਾਰੇ ਗਲਤ ਧਾਰਨਾਵਾਂ ਕਾਰਨ ਵਾਪਰੀ ਅਤੇ ਉਨ੍ਹਾਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਭਵਿੱਖ ਵਿੱਚ ਅਜਿਹੀ ਕਿਸੇ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਸੂਬੇ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਕਿਹਾ ਹੈ ਕਿ ਜਿ਼ਲ੍ਹਾ ਪੱਧਰ ਉਤੇ ਸਾਰੇ ਸਿਹਤ ਤੇ ਹੋਰ ਅਧਿਕਾਰੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਵੀ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਜੇ ਕੋਈ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰੇਗਾ, ਉਸ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਮ੍ਰਿਤਕ ਦੇਹ ਢੁਕਵੇਂ ਤਰੀਕੇ ਨਾਲ ਸਸਕਾਰ ਦੀ ਹੱਕਦਾਰ ਹੈ ਅਤੇ ਕੋਵਿਡ-19 ਦੀ ਬਿਮਾਰੀ ਕਾਰਨ ਫੌਤ ਹੋਏ ਹਰੇਕ ਮਰੀਜ਼ ਦੀ ਲਾਸ਼ ਦੀ ਸੰਭਾਲ ਬਾਰੇ ਸਿਹਤ ਵਿਭਾਗ ਦਾ ਤੈਅ ਪ੍ਰੋਟੋਕੋਲ ਹੈ।

ਇਸ ਦਾ ਲਾਜ਼ਮੀ ਪਾਲਣ ਹੋਵੇ ਅਤੇ ਲੋਕਾਂ ਦਾ ਇਹ ਖਦਸ਼ਾ ਗਲਤ ਹੈ ਕਿ ਕੋਵਿਡ ਮਰੀਜ਼ ਦੇ ਸਸਕਾਰ ਨਾਲ ਇਹ ਬਿਮਾਰੀ ਸਬੰਧਤ ਇਲਾਕੇ ਵਿੱਚ ਫੈਲ ਸਕਦੀ ਹੈ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਕੱਲ੍ਹ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੂੰ ਆਖਿਆ ਸੀ ਕਿ ਉਹ ਹਸਪਤਾਲ ਵਿੱਚ ਦਾਖ਼ਲ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਹਾਲ-ਚਾਲ ਪੁੱਛਣ ਜਾਣ ਅਤੇ ਉਨ੍ਹਾਂ ਦਾ ਢੁਕਵਾਂ ਇਲਾਜ ਯਕੀਨੀ ਬਣਾਉਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।