ਭਾਜਪਾ ਦਾ ਹਿੰਦੂਤਵ ਏਜੰਡਾ ਕਿਸਾਨੀ ਸੰਘਰਸ਼ ਨੇ ਫ਼ੇਲ ਕਰ ਦਿਤਾ : ਬਲਬੀਰ ਸਿੰਘ ਰਾਜੇਵਾਲ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਦਾ ਹਿੰਦੂਤਵ ਏਜੰਡਾ ਕਿਸਾਨੀ ਸੰਘਰਸ਼ ਨੇ ਫ਼ੇਲ ਕਰ ਦਿਤਾ : ਬਲਬੀਰ ਸਿੰਘ ਰਾਜੇਵਾਲ

image

ਕਿਹਾ, ਮੋਦੀ ਨੂੰ ਪਤਾ ਹੈ ਸੰਘਰਸ਼ ਕਦੋਂ ਖ਼ਤਮ ਹੋਵੇਗਾ, ਕਿਸਾਨ ਤਾਂ ਜਿੱਤ ਕੇ ਮੁੜਨਗੇ

ਅਬੋਹਰ, 4 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ): ਭਾਰਤੀ ਜਨਤਾ ਪਾਰਟੀ ਦਾ ਦੇਸ਼ ਵਿਚ ਹਿੰਦੂਤਵ ਏਜੰਡਾ ਤੁਹਾਡੇ ਕਿਸਾਨੀ ਸੰਘਰਸ਼ ਨੇ ਫ਼ੇਲ੍ਹ ਕਰ ਕੇ ਰੱਖ ਦਿਤਾ ਹੈ। ਸੰਯੁਕਤ ਕਿਸਾਨ ਮੋਰਚੇ ਦਾ ਕਿਸਾਨੀ ਸੰਘਰਸ਼ ਪੂਰੇ ਸੰਸਾਰ ਦਾ ਸੰਘਰਸ਼ ਬਣ ਚੁੱਕਾ ਹੈ, ਜਿਸ ਤੇ ਹਰ ਇਕ ਦੀ ਨਜ਼ਰ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਹੁਣ 21 ਰਾਜ ਰੇਲ ਰੋਕੋ ਜਾਂ ਭਾਰਤ ਬੰਦ ਵਿਚ ਸ਼ਾਮਲ ਹੁੰਦੇ ਹਨ ਜਿਸ ਤਹਿਤ ਹੁਣ 5 ਅਪ੍ਰੈਲ ਨੂੰ ਪੰਜਾਬ ਸਮੂਹ ਐਫ਼.ਸੀ.ਆਈ ਗੋਦਾਮਾਂ ਦਾ ਘਿਰਾਉ ਕੀਤਾ ਜਾਵੇਗਾ। ਉਕਤ ਸ਼ਬਦ ਅੱਜ ਸਥਾਨਕ ਅਨਾਜ ਮੰਡੀ ਵਿਚ ਕਿਸਾਨ ਮਹਾਂਰੈਲੀ ਉਪਰੰਤ ਮਾਰਕੀਟ ਕਮੇਟੀ ਦੇ ਕਿਸਾਨ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਹੇ। 
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 10 ਅਪ੍ਰੈਲ ਨੂੰ ਕੈ.ਐਮ.ਪੀ ਰੋਡ ਸਾਰੇ ਦਿਨ ਲਈ ਜਾਮ ਕੀਤਾ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੋਦੀ ਨੂੰ ਪਤਾ ਹੈ ਕਿ ਦਿੱਲੀ ਸੰਘਰਸ਼ ਕਦੋਂ ਖ਼ਤਮ ਹੋਵੇਗਾ, ਜਦ ਕਿ ਕਿਸਾਨ ਤਾਂ ਜਿੱਤ ਕੇ ਹੀ ਮੁੜਨਗੇ। ਰੂਲਦੂ ਸਿੰਘ ਮਾਨਸਾ ਨੇ ਕਿਹਾ ਕਿ ਭਾਜਪਾ ਲੀਡਰ ਲੋਕਾਂ ਵਿਚ ਜਾ ਕੇ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਤਾਂ ਜੋ ਦੇਸ਼ ਵਿਚ ਹਿੰਦੂ ਸਿੱਖ ਦਾ ਵਿਵਾਦ ਬਣਾਇਆ ਜਾ ਸਕੇ। 
ਰਾਜੇਵਾਲ ਨੇ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਕਹਿੰਦੀਆਂ ਹਨ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਪਰ ਅਸੀਂ ਦਿੱਲੀ ਦੇ 5 ਰਸਤੇ ਰੋਕ ਕੇ ਬੈਠੇ ਹਾਂ, ਬਾਕੀ ਰਸਤੇ ਰਾਜਸੀ ਪਾਰਟੀਆਂ ਰੋਕ ਕੇ ਬੈਠ ਜਾਣ, ਕਿਸ ਨੇ ਰੋਕਿਆ ਹੈ? ਇਸ ਮੋਕੇ ਉਨ੍ਹਾਂ ਨਾਲ ਰੂਲਦੂ ਸਿੰਘ ਮਾਨਸਾ, ਰਾਜਿੰਦਰ ਦੀਪ ਸਿੰਘ ਵਾਲਾ, ਇੰਦਰਜੀਤ ਬਜਾਜ, ਜਸਮਿੰਦਰ ਜਾਖੜ, ਸੁਖਜਿੰਦਰ ਰਾਜਨ, ਤੇਜਿੰਦਰ ਤੇਜੀ ਆਦਿ ਆਗੂ ਹਾਜ਼ਰ ਸਨ।