ਚੰਡੀਗੜ੍ਹ ਤਾਂ ਬਹਾਨਾ ਹੈ ਤੇ ਅਗਲੀ ਵੱਡੀ ਲੜਾਈ ਪੰਜਾਬ ਦੇ ਪਾਣੀਆਂ 'ਤੇ ਹੋਣੀ ਹੈ : ਨਵਜੋਤ ਸਿੱਧੂ
ਚੰਡੀਗੜ੍ਹ ਤਾਂ ਬਹਾਨਾ ਹੈ ਤੇ ਅਗਲੀ ਵੱਡੀ ਲੜਾਈ ਪੰਜਾਬ ਦੇ ਪਾਣੀਆਂ 'ਤੇ ਹੋਣੀ ਹੈ : ਨਵਜੋਤ ਸਿੱਧੂ
ਚੰਡੀਗੜ੍ਹ, 4 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ-ਹਰਿਆਣਾ ਰਾਜਧਾਨੀ ਚੰਡੀਗੜ੍ਹ ਦੇ ਮੁੱਦੇ ਉਪਰ ਆਹਮੋ ਸਾਹਮਣੇ ਹਨ ਅਤੇ ਇਸ ਸਮੇਂ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡ ਚੁੱਕੇ ਨਵਜੋਤ ਸਿੱਧੂ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਅਹਿਮ ਟਿਪਣੀਆਂ ਆਈਆਂ ਹਨ | ਸਿੱਧੂ ਨੇ ਟਵੀਟ ਰਾਹੀਂ ਪੰਜਾਬ ਨੂੰ ਅਗਲੀ ਲੜਾਈ ਲਈ ਤਿਆਰ ਰਹਿਣ ਦਾ ਸੱਦਾ ਦਿਤਾ ਹੈ | ਉਨ੍ਹਾਂ ਕਿਹਾ ਕਿ ਇਹ ਲੜਾਈ ਰਾਜਧਾਨੀ ਨਹੀਂ ਪੰਜਾਬ ਦੇ ਪਾਣੀ ਨੂੰ ਲੈ ਕੇ ਹੋਵੇਗੀ |
ਉਨ੍ਹਾਂ ਅਪਣੇ ਟਵੀਟ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕੀਤਾ ਹੈ | ਉਨ੍ਹਾਂ ਟਵੀਟ ਵਿਚ ਲਿਖਿਆ ਹੈ ਕਿ ਚੰਡੀਗੜ੍ਹ ਤਾਂ ਪੰਜਾਬ ਦਾ ਹੈ ਅਤੇ ਹਮੇਸ਼ਾ ਪੰਜਾਬ ਦਾ ਹੀ ਰਹੇਗਾ ਕਿਉਂਕਿ ਇਹ ਪੰਜਾਬ ਦੇ 27 ਪਿੰਡਾਂ ਨੂੰ ਉਜਾੜ ਕੇ ਬਣਿਆ ਹੈ | ਸਿੱਧੂ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਤਾਂ ਇਕ ਬਹਾਨਾ ਹੈ ਪਰ ਸਰਕਾਰਾਂ ਇਸ ਦੇ ਬਹਾਨੇ ਕੱੁਝ ਹੋਰ ਕਰਨ ਦੀ ਤਿਆਰੀ ਵਿਚ ਹਨ | ਪੰਜਾਬ ਦੇ ਪਾਣੀ ਨਿਸ਼ਾਨੇ ਉਪਰ ਹਨ ਅਤੇ ਅਗਲੀ ਵੱਡੀ ਲੜਾਈ ਦਰਿਆਈ ਪਾਣੀਆਂ ਨੂੰ ਲੈ ਕੇ ਹੀ ਹੋਣੀ ਹੈ |
ਉਧਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵਿਅੰਗ ਰੂਪੀ ਟਿਪਣੀ ਕੀਤੀ ਹੈ | ਉਨ੍ਹਾਂ ਕਿਹਾ ਕਿ ਚਲਾਕ ਬਾਂਦਰ ਅਤੇ ਦੋ ਬਿੱਲੀਆਂ ਦੀ ਖੇਡ ਹੈ | ਉਨ੍ਹਾਂ ਦਾ ਅਸਿੱਘੇ ਰੂਪ ਵਿਚ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਲ ਹੀ ਇਸ਼ਾਰਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦਰਮਿਆਨ ਕਿਸਾਨ ਅੰਦੋਲਨ ਵਿਚ ਬਣਿਆ ਭਾਈਚਾਰਾ ਚੰਡੀਗੜ੍ਹ ਦੇ ਮਰੇ ਮੁੱਦੇ ਦੀ ਭੇਂਟ ਚੜ੍ਹੇਗਾ |