CM ਤੇ ਕਿਸਾਨਾਂ ਦੀ ਮੀਟਿੰਗ: ਲੰਬੀ ਮਾਮਲੇ 'ਚ ਦਰਜ ਹੋਏ ਪਰਚੇ ਹੋਣਗੇ ਰੱਦ, ਮੁਆਵਜ਼ੇ ਨੂੰ ਲੈ ਕੇ ਵੀ ਬਣੀ ਸਹਿਮਤੀ
ਮੁਕਤਸਰ ਦੇ DC ਤੇ DSP 'ਤੇ ਹੋਵੇਗੀ ਕਾਰਵਾਈ
ਮੁਕਤਸਰ - ਬੀਤੇ ਦਿਨੀਂ ਮੁਕਤਸਰ ਦੇ ਲੰਬੀ 'ਚ ਕਿਸਾਨਾਂ ਅਤੇ ਮਾਲ ਅਧਿਕਾਰੀਆਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਮੰਗਲਵਾਰ ਨੂੰ ਸੀਐੱਮ ਭਗਵੰਤ ਮਾਨ ਨੇ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੁਕਤਸਰ ਦੇ ਡੀਸੀ ਅਤੇ ਡੀਐਸਪੀ 'ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਕਿਸਾਨਾਂ ਵਿਰੁੱਧ ਦਰਜ ਕੇਸ ਵੀ ਰੱਦ ਕੀਤੇ ਜਾਣਗੇ। ਕੁਝ ਦਿਨ ਪਹਿਲਾਂ ਇੱਥੇ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਅਤੇ ਮਾਲ ਅਧਿਕਾਰੀਆਂ ਵਿਚਾਲੇ ਤਕਰਾਰ ਹੋ ਗਈ ਸੀ। ਜਿਸ ਤੋਂ ਬਾਅਦ ਪਟਵਾਰੀ ਅਤੇ ਮਾਲ ਅਧਿਕਾਰੀ ਹੜਤਾਲ 'ਤੇ ਚਲੇ ਗਏ ਸੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਵਿਚ ਫਸਲਾ ਦੇ ਨੁਕਸਾਨ ਦੇ 50 ਫੀਸਦੀ ਮੁਆਵਜ਼ੇ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਇਸ ਵਿਚ ਕਿਸਾਨਾਂ ਨੂੰ 50 ਕਰੋੜ ਰੁਪਏ ਮਿਲਣਗੇ। ਇਸ ਦੇ ਨਾਲ ਹੀ ਇਸ ਦਾ 10 ਫੀਸਦੀ ਯਾਨੀ 5 ਕਰੋੜ ਰੁਪਏ ਖੇਤ ਮਜ਼ਦੂਰਾਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਟਿਆਲਾ, ਫਾਜ਼ਿਲਕਾ, ਅੰਮ੍ਰਿਤਸਰ ਵਿਚ ਗੜੇਮਾਰੀ ਕਾਰਨ ਹੋਏ ਨੁਕਸਾਨ ਦੀ ਵੀ ਜਲਦੀ ਗਿਰਦਾਵਰੀ ਕਰਵਾਈ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਖੇਤ ਮਾਲਕ ਕਿਸਾਨ ਤੋਂ ਠੇਕਾ ਲੈਂਦੇ ਸਨ ਅਤੇ ਮੁਆਵਜ਼ਾ ਵੀ, ਇਸ ਵਾਰ ਇਹ ਫੈਸਲਾ ਕੀਤਾ ਗਿਆ ਕਿ ਇਹ ਮੁਆਵਜ਼ਾ ਕਾਸ਼ਤਕਾਰ ਨੂੰ ਹੀ ਦਿੱਤਾ ਜਾਵੇਗਾ।
ਫਿਲਹਾਲ ਕਿਸਾਨਾਂ ਨੇ ਆਪਣਾ ਧਰਨਾ ਖ਼ਤਮ ਕਰਨ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਡੀਸੀ ਅਤੇ ਡੀਐਸਪੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਸਰਕਾਰ ਨੇ ਕਿਹਾ ਕਿ ਡੀਸੀ ਹਰਪ੍ਰੀਤ ਸੂਦਨ ਨੂੰ ਬਦਲ ਦਿੱਤਾ ਗਿਆ ਹੈ। ਇਸ ’ਤੇ ਕਿਸਾਨਾਂ ਨੇ ਕਿਹਾ ਕਿ ਡੀਸੀ ਨੂੰ ਛੋਟੇ ਤੋਂ ਵੱਡੇ ਜ਼ਿਲ੍ਹੇ ਵਿਚ ਭੇਜ ਕੇ ਇਨਾਮ ਦਿੱਤਾ ਗਿਆ ਹੈ। ਹੁਣ ਸਰਕਾਰ ਤੈਅ ਕਰੇਗੀ ਕਿ ਡੀਸੀ 'ਤੇ ਕੀ ਕਾਰਵਾਈ ਕੀਤੀ ਜਾਵੇਗੀ।