ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 'ਆਪ' ਦੇ ਦੋ ਗੁੱਟ ਹੋਏ ਆਹਮੋ ਸਾਹਮਣੇ, ਚਲੇ ਡੰਡੇ

ਏਜੰਸੀ

ਖ਼ਬਰਾਂ, ਪੰਜਾਬ

ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 'ਆਪ' ਦੇ ਦੋ ਗੁੱਟ ਹੋਏ ਆਹਮੋ ਸਾਹਮਣੇ, ਚਲੇ ਡੰਡੇ

image


'ਆਪ' ਦੇ ਦੋ ਸੀਨੀਅਰ ਆਗੂ ਜ਼ਖ਼ਮੀ, ਜਦੋਂ ਕਿ ਯੂਨੀਅਨ ਦੇ ਦੋ ਮੈਂਬਰ ਜ਼ਖ਼ਮੀ, ਪੁਲਿਸ ਨੇ ਲਗਾਇਆ ਟਰੱਕ ਯੂਨੀਅਨ ਨੂੰ  ਤਾਲਾ

ਅਬੋਹਰ, 4 ਅਪ੍ਰੈਲ (ਕੁਲਦੀਪ ਸਿੰਘ ਸੰਧੂ): ਬੇਸ਼ੱਕ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ  ਬਣੇ ਅਜੇ ਤਕ ਇਕ ਮਹੀਨਾ ਵੀ ਨਹੀਂ ਹੋਇਆ ਪ੍ਰੰਤੂ ਅਬੋਹਰ ਵਿਚ ਆਮ ਆਦਮੀ ਪਾਰਟੀ ਕੁੱਝ ਦਿਨ ਪਹਿਲਾਂ ਦੋ ਗੁੱਟਾਂ ਵਿਚ ਵੰਡੀ ਗਈ | ਇਕ ਗੁੱਟ ਪੰਕਜ ਨਰੂਲਾ ਅਤੇ ਰਘੁਬੀਰ ਭਾਖਰ ਦੀ ਅਗਵਾਈ ਵਿਚ ਚਲ ਰਿਹਾ ਸੀ ਤਾਂ ਦੂਜਾ ਗੁੱਟ ਅਬੋਹਰ ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜਨ ਵਾਲੇ ਦੀਪ ਕੰਬੋਜ ਦੀ ਅਗਵਾਈ ਵਿਚ | ਇਸ ਗੁੱਟਬਾਜ਼ੀ ਵਿਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ  ਲੈ ਕੇ ਪਨਪੇ ਵਿਵਾਦ ਵਿਚ ਦੋਵੇਂ ਗੁੱਟ ਆਹਮਣੇ-ਸਾਹਮਣੇ ਹੋ ਗਏ ਅਤੇ ਦੋਵੇਂ ਗੁੱਟਾਂ ਵਿਚ ਜੰਮ ਕੇ ਲਾਠੀਆਂ ਤੇ ਡੰਡੇ ਚਲੇ | ਇਥੋਂ ਤਕ ਉਨ੍ਹਾਂ ਨੇ ਇਕ ਦੂਜੇ ਦੇ ਕਪੜੇ ਵੀ ਪਾੜ ਦਿਤੇ ਅਤੇ ਜ਼ਖ਼ਮੀ ਕਰ ਦਿਤਾ | ਦੋਹਾਂ ਗੁੱਟਾਂ ਦੇ ਚਾਰ ਬੰਦਿਆਂ ਨੂੰ  ਇਥੋਂ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਉਧਰ ਪੁਲਿਸ ਨੇ ਟਰੱਕ ਯੂਨੀਅਨ ਨੂੰ  ਤਾਲਾ ਜੜ ਦਿਤਾ |
ਕੱੁਝ ਦਿਨ ਪਹਿਲਾਂ ਪੰਕਜ ਨਰੂਲਾ ਅਤੇ ਰਘੁਬੀਰ ਭਾਖਰ ਨੇ ਟਰੱਕ ਯੂਨੀਅਨ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਵਾਇਆ ਸੀ ਜੋ ਕੁਲਦੀਪ ਕੰਬੋਜ ਦੇ ਗਰੁਪ ਨੂੰ  ਗਵਾਰਾ ਨਾ ਹੋਇਆ | ਕੁਲਦੀਪ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਜੇ ਕੰਬੋਜ ਵਲੋਂ ਐਤਵਾਰ ਨੂੰ  ਟਰੱਕ ਯੂਨੀਅਨ ਦਾ ਪ੍ਰਧਾਨ ਬਲਕਾਰ ਸਿੰਘ ਨੂੰ  ਬਣਾ ਦਿਤਾ | ਅੱਜ ਦੁਪਹਿਰ 2 ਵਜੇ ਜਿਵੇਂ ਹੀ ਟਰੱਕ ਯੂਨੀਅਨ ਦੀ ਪੁਕਾਰ ਹੋਣ ਲੱਗੀ ਤਾਂ ਦੋਵੇਂ ਗੁੱਟ ਆਪਸ ਵਿਚ ਭਿੜ ਗਏ ਜਿਸ ਨਾਲ ਮੌਕੇ 'ਤੇ ਮੌਜੂਦ ਆਮ ਆਦਮੀ ਪਾਰਟੀ ਦੇ ਆਗੂ ਪੰਕਜ ਨਰੂਲਾ ਨੂੰ  ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿਤਾ ਜਦੋਂ ਕਿ ਰਘੁਬੀਰ ਭਾਖਰ ਦੇ ਕਪੜੇ ਪਾੜ ਦਿਤੇ |
ਇਧਰ ਮੌਕੇ ਪੁੱਜੀ ਪੁਲਿਸ ਨੇ ਪੰਕਜ ਨਰੂਲਾ ਅਤੇ ਰਘੁਬੀਰ ਭਾਖਰ ਨੂੰ  ਇਥੋਂ ਕਢਿਆ ਅਤੇ ਹਸਪਤਾਲ ਪਹੁੰਚਾਇਆ | ਜਦੋਂ ਕਿ ਦੂਜੇ ਪਾਸੇ ਬਲਕਾਰ ਗਰੁਪ ਦੇ ਬਚਿੱਤ ਸਿੰਘ ਅਤੇ ਗੁਰਜੀਤ ਸਿੰਘ ਉਰਫ਼ ਜੀਤਾ ਵੀ ਜ਼ਖ਼ਮੀ ਹੋ ਗਏ | ਹਸਪਤਾਲ ਵਿਚ ਜ਼ੇਰੇ ਇਲਾਜ ਭਾਖਰ ਨੇ ਕਿਹਾ ਕਿ ਉਹ ਟਰੱਕ ਯੂਨੀਅਨ ਵਿਚ ਗਏ ਸਨ ਪਰੰਤੂ ਇਸ ਦੌਰਾਨ ਕੁੱਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ ਅਤੇ ਉਨ੍ਹਾਂ ਦੇ ਸਿਰ 'ਤੇ ਡੰਡੇ ਮਾਰੇ | ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਪੰਕਜ ਨਰੂਲਾ ਨੂੰ  ਵੀ ਕੁੱਟਿਆ ਗਿਆ |

ਉਨ੍ਹਾਂ ਨੂੰ  ਕੁੱਝ ਆਪ੍ਰੇਟਰਾਂ ਨੇ ਬਚਾਇਆ, ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ |
ਉਧਰ ਬਲਕਾਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਪਿਛਲੇ ਪੰਜ ਸਾਲ ਟਰੱਕ ਯੂਨੀਅਨਾਂ ਭੰਗ ਸਨ | ਹੁਣ ਸਰਕਾਰ ਬਦਲਣ ਦੇ ਬਾਅਦ ਟਰੱਕ ਯੂਨੀਅਨਾਂ ਨੂੰ  ਬਹਾਲ ਕੀਤਾ ਸੀ | ਉਨ੍ਹਾਂ ਦਸਿਆ ਕਿ ਐਤਵਾਰ ਨੂੰ  ਵੀ ਉਨ੍ਹਾਂ ਨੂੰ  ਪ੍ਰਧਾਨ ਬਣਾਇਆ ਗਿਆ ਪਰੰਤੂ ਕੁੱਝ ਲੋਕ ਟਰੱਕ ਯੂਨੀਅਨ ਨੂੰ  ਚਲਣ ਨਹੀਂ ਦੇਣਾ ਚਾਹੁੰਦੇ ਕਿਉਂਕਿ ਕਣਕ ਦੇ ਸੀਜ਼ਨ ਵਿਚ ਕਰੋੜਾਂ ਦਾ ਕਮਿਸ਼ਨ ਦਾ ਲੈਣ-ਦੇਣ ਹੁੰਦਾ ਹੈ | ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੇ ਪੁਕਾਰ ਦੇ ਸਮੇਂ ਆ ਕੇ ਖਨਨ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਮਾਮੂਲੀ ਧੱਕਾ-ਮੁੱਕਾ ਹੋਈ | ਇਧਰ ਨਗਰ ਥਾਣਾ ਦੇ ਮੁਖੀ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਟਰੱਕ ਯੂਨੀਅਨ ਵਿਚ ਲੜਾਈ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪੁੱਜੇ ਅਤੇ ਉਥੇ ਸਥਿਤੀ ਨੂੰ  ਸੰਭਾਲਿਆ | ਇਕ-ਦੋ ਆਦਮੀ ਜ਼ਖ਼ਮੀ ਸਨ ਜਿਨ੍ਹਾਂ ਨੂੰ  ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਟਰੱਕ ਯੂਨੀਅਨ ਨੂੰ  ਤਾਲਾ ਲਗਵਾ ਦਿਤਾ ਗਿਆ ਹੈ ਅਤੇ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ  ਦੇ ਦਿਤੀ ਹੈ |

ਐਫ.ਜੇਡ.ਕੇ._04_04-ਅਬੋਹਰ ਦੀ ਟਰੱਕ ਯੂਨੀਅਨ ਵਿਚ ਹੋਏ ਵਿਵਾਦ ਦੌਰਾਨ ਜ਼ਖ਼ਮੀ ਹੋਏ 'ਆਪ' ਆਗੂ ਪੰਕਜ ਨਰੂਲਾ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ |
ਤਸਵੀਰ:ਕੁਲਦੀਪ ਸਿੰਘ ਸੰਧੂ
ਐਫ.ਜੇਡ.ਕੇ._04_04ਏ-ਅਬੋਹਰ ਦੀ ਟਰੱਕ ਯੂਨੀਅਨ ਵਿਚ ਹੋਏ ਵਿਵਾਦ ਦੌਰਾਨ ਪੁਲਿਸ ਪ੍ਰਸ਼ਾਸਨ ਸਥਿਤੀ ਨੂੰ  ਸੰਭਾਲਦੇ ਹੋਏ |
ਤਸਵੀਰ:ਕੁਲਦੀਪ ਸਿੰਘ ਸੰਧੂ
ਐਫ.ਜੇਡ.ਕੇ._04_04ਬੀ-ਅਬੋਹਰ ਦੀ ਟਰੱਕ ਯੂਨੀਅਨ ਵਿਚ ਹੋਏ ਵਿਵਾਦ ਦੌਰਾਨ 'ਆਪ' ਆਗੂ ਰਘੁਬੀਰ ਭਾਖਰ ਪਾੜੇ ਗਏ ਕਪੜਿਆਂ ਬਾਰੇ ਜਾਣਕਾਰੀ ਦਿੰਦੇ ਹੋਏ |
ਤਸਵੀਰ:ਕੁਲਦੀਪ ਸਿੰਘ ਸੰਧੂ