ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਵਿਲੇਜ ਡਿਫੈਂਸ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਪਾਲ ਪੰਜਾਬ ਨੇ ਪਿੰਡ ਨਵਾਂ ਪਿੰਡ ਤੋਂ ਪੰਧੇਰ ਤੱਕ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਕੀਤੀ ਅਗਵਾਈ

Governor Punjab Gulab Chand Kataria anti drug padyatra

Governor Punjab Gulab Chand Kataria anti drug padyatra: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਲੇਜ ਡਿਫੈਸ ਕਮੇਟੀਆਂ ਦੇ ਨੁਮਾਇੰਦੀਆਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਇੰਨ੍ਹਾਂ ਕਮੇਟੀਆਂ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਤਾਂ ਜੋ ਸਰਹੱਦੀ ਪਿੰਡਾਂ ਵਿਚ ਹੋ ਰਹੀ ਤਸਕਰੀ 'ਤੇ ਕਾਬੂ ਪਾਇਆ ਜਾ ਸਕੇ। ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਵਿਲੇਜ ਡਿਫੈਸ ਕਮੇਟੀਆਂ ਦੀ ਬਦੌਲਤ ਹੀ ਪਿੰਡਾਂ ਵਿਚ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਜਾ ਰਹੀਆਂ ਹਨ ਅਤੇ ਇੰਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਨਸ਼ੇ ਦੀ ਸਮੱਸਿਆਂ ਤੋਂ ਪਿੰਡਾਂ ਨੂੰ ਮੁਕਤ ਕੀਤਾ ਜਾ ਸਕੇ।

ਇਸ ਮੌਕੇ ਉਨਾਂ ਨੇ ਕਮੇਟੀ ਮੈਬਰਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿੰਡ ਪੱਧਰ 'ਤੇ ਔਰਤਾਂ ਨੂੰ ਵੀ ਅੱਗੇ ਆ ਕੇ ਆਪਣੇ ਘਰ ਅਤੇ ਸਮਾਜ ਵਿਚ ਨਸ਼ਿਆਂ ਜਾਂ ਹੋਰ ਸਮੱਸਿਆਵਾਂ ਨੂੰ ਜੜ੍ਹੋ ਖ਼ਤਮ ਕਰਨ ਲਈ ਪ੍ਰਸ਼ਾਸਨ ਨਾਲ ਤਾਲਮੇਲ ਵਧਾਉਣ ਚਾਹੀਦਾ ਹੈ। ਮਾਨਯੋਗ ਰਾਜਪਾਲ ਨੇ ਵਿਲੇਜ ਡਿਫੈਸ ਕਮੇਟੀਆਂ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਪਿੰਡਾਂ ਵਿਚ ਖੇਡ ਸਟੇਡੀਅਮ ਤਿਆਰ ਕਰਵਾਉਣ ਤਾਂ ਜੋ ਪਿੰਡਾਂ ਦੇ ਨੌਜਵਾਨ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿਚ ਵਰਤ ਕੇ ਮਿਹਨਤ ਨਾਲ ਆਪਣਾ ਅਤੇ ਦੇਸ਼ ਦਾ ਭਵਿੱਖ ਬਣਾ ਸਕਣ।

ਉਨਾਂ ਇਸ ਮੌਕੇ ਹਾਕੀ ਦੇ ਦੋ ਅੰਤਰਰਾ਼ਸਟਰੀ ਖਿਡਾਰੀਆਂ  ਰਮਨਦੀਪ ਸਿੰਘ ਓਲੀਪੀਅਨ, ਅਕਾਸ਼ਦੀਪ ਸਿੰਘ ਅਰਜੁਨ ਐਵਾਰਡੀ ਓਲੀਪੀਅਨ ਦਾ ਵਿਸ਼ੇਸ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਇੰਨ੍ਹਾਂ ਦੋਵਾਂ ਖਿਡਾਰੀਆਂ ਨੇ ਆਪਣੇ ਸੂਬੇ ਅਤੇ ਦੇਸ਼ ਦਾ ਵਿਸ਼ਵ ਪੱਧਰ 'ਤੇ ਰ਼ੋਸ਼ਨ ਕੀਤਾ ਹੈ । ਇਹ ਦੋਵੇਂ ਖਿਡਾਰੀ ਵੀ ਮਾਨਯੋਗ ਰਾਜਪਾਲ ਦੀ ਯੁੱਧ ਨਸ਼ਿਆਂ ਵਿਰੁੱਧ ਪਦਯਾਤਰਾ ਜੋ ਕਿ ਅੱਜ ਨਵਾਂ ਪਿੰਡ ਤੋ ਸ਼ੁਰੂ ਹੋ ਕੇ ਪਿੰਡ ਪੰਧੇਰ ਵਿਖੇ ਸਮਾਪਤ ਵਿਚ ਸ਼ਾਮਲ ਸਨ। 

ਇਸ ਮੌਕੇ ਮਾਨਯੋਗ ਰਾਜਪਾਲ ਪੰਜਾਬ ਨੇ ਕਿਹਾ ਕਿ ਵਿਲੇਜ ਡਿਫੈਂਸ ਕਮੇਟੀਆਂ ਵੱਲੋਂ ਮਿਸਾਲੀ ਕੰਮ ਕੀਤਾ ਜਾ ਰਿਹਾ ਹੈ ਅਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਕਮੇਟੀ ਮੈਂਬਰਾਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨਾਂ ਨੇ ਵਿਲੇਜ ਡਿਫੈਸ ਕਮੇਟੀਆਂ ਦੇ ਮੈਬਰਾਂ ਨੂੰ ਖੇਡ ਕਿਟਾਂ ਵੀ ਵੰਡੀਆਂ। ਇਸ ਮੌਕੇ ਵੱਖ-ਵੱਖ ਪਿੰਡਾਂ ਮਰੜੀਕਲਾਂ, ਸੋਹੀਆ ਕਲਾਂ, ਅਨਾਇਤਪੁਰਾ, ਪੰਧੇਰ ਖੁਰਦ, ਮਹਿੰਦੀਪੁਰ, ਜੋਹਲ, ਬੋਗੋਵਾਲ , ਰੱਖ ਭੰਗਵਾਂ, ਭੋਮਾ, ਢੰਡੇ, ਢਰਪਈ ਅਤੇ ਪਿੰਡ ਪੰਧੇਰ ਦੀਆਂ ਵਿਲੇਜ ਡਿਫੈਸ ਕਮੇਟੀਆਂ ਦੇ ਮੈਬਰ ਹਾਜ਼ਰ ਸਨ। 

ਅੱਜ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਸ਼ੁਰੂਆਤ ਕਰਨ ਮੌਕੇ ਹਜ਼ਾਰ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਪੰਜਾਬ ਨੇ ਕਿਹਾ ਕਿ ਹਮੇਸ਼ਾਂ ਹੀ ਬਾਹਰੀ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ ਵਾਲੇ ਬਹਾਦਰ ਪੰਜਾਬੀ ਹੁਣ ਨਸ਼ਿਆਂ ਵਿਰੁੱਧ ਇਸ ਯੁੱਧ ਵਿੱਚ ਵੀ ਫ਼ਤਿਹ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਅਤੇ ਇਸ ਨੂੰ ਖ਼ਤਮ ਕਰਨ ਲਈ ਸਮਾਜ ਦੇ ਹਰੇਕ ਵਰਗ ਦਾ ਸਾਥ ਲਿਆ ਜਾਵੇਗਾ। 

ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਆਖਿਆ ਕਿ ਪੰਜਾਬ ਦੀ ਧਰਤੀ ਧਰਮ ਅਤੇ ਸੰਸਕ੍ਰਿਤੀ ਦੀ ਰੱਖਿਆ ਦੀ ਪ੍ਰਤੀਕ ਹੈ। ਇੱਥੋਂ ਦੀ ਧਰਤੀ ਨੇ ਜ਼ੁਲਮ ਵਿਰੁੱਧ ਬਲੀਦਾਨ ਦਿੱਤੇ ਹਨ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਰਹਿੰਦ ਵਿੱਚ ਧਰਮ ਦੀ ਰੱਖਿਆ ਖ਼ਾਤਰ ਦੀਵਾਰ ’ਚ ਚਿਣ ਕੇ ਸ਼ਹੀਦ ਕੀਤੇ ਗਏ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਵੱਲੋਂ ਕ੍ਰਮਵਾਰ 9 ਅਤੇ 7 ਸਾਲ ਦੀ ਉਮਰ ਵਿੱਚ ਜ਼ੁਲਮ ਦੀ ਇੰਤਹਾ ਵਿਰੁੱਧ ਦਿੱਤੇ ਸੁਨੇਹੇ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਵੀ ਜਦੋਂ ਉਸ ਥਾਂ ’ਤੇ ਜਾਈਏ ਤਾਂ ਅੱਖਾਂ ਨਮ ਹੋ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਧਰਤੀ ’ਤੇ ਪੈਦਾ ਹੋਣ ਵਾਲੇ ਬਹਾਦਰ ਪੰਜਾਬੀਆਂ ਨੂੰ ਅੱਜ ਬਾਹਰੀ ਤਾਕਤਾਂ ਵੱਲੋਂ ਸਰੀਰਕ ਤੌਰ ’ਤੇ ਕਮਜ਼ੋਰ ਕਰਨ ਦੀ ਇਸ ਸਾਜਿਸ਼ ਦਾ ਸਾਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਜੜੋਂ ਪੁੱਟਣ ’ਚ ਸਰਕਾਰ ਵੱਲੋਂ ਆਰੰਭੀ ਲੜਾਈ ’ਚ ਸਾਥ ਦੇਣਾ ਚਾਹੀਦਾ ਹੈ। ਰਾਜਪਾਲ ਪੰਜਾਬ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਰੰਭੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਹੁਣ ਪੰਜਾਬ ਦੇ ਹਰ ਜਾਗਰੂਕ ਨਾਗਰਿਕ ਲਈ ਮੌਕਾ ਹੈ ਕਿ ਉਹ ਇਸ ਲੜਾਈ ’ਚ ਸਰਕਾਰ ਦਾ ਸਾਥ ਦੇਵੇ ਅਤੇ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਬਣਾਵੇ। ਉੁਨ੍ਹਾਂ ਕਿਹਾ ਕਿ ਜਦੋਂ ਕਿਸੇ ਕਾਰਜ ਨੂੰ ਸਮਾਜਿਕ ਰੂਪ ’ਚ ਕੀਤਾ ਜਾਵੇ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ। 

 ਰਾਜਪਾਲ ਪੰਜਾਬ  ਗੁਲਾਬ ਚੰਦ ਕਟਾਰੀਆ ਨੇ ਅੱਗੇ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਤਸਕਰੀ ਦੇ ਕਈ ਢੰਗ ਤਰੀਕੇ ਵਰਤੇ ਜਾਂਦੇ ਹਨ ਜਿਨ੍ਹਾਂ ਵਿਚੋਂ ਇੱਕ ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ਾ ਭੇਜਣਾ ਵੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸੁਰੱਖਿਆ ਫੋਰਸਾਂ ਲੋਕਾਂ ਦੇ ਸਹਿਯੋਗ ਨਾਲ ਡਰੋਨ ਗਤੀਵਿਧੀਆਂ ਉੱਪਰ ਵੀ ਰੋਕ ਲਗਾਉਣ ਵਿੱਚ ਕਾਫ਼ੀ ਹੱਦ ਤੱਕ ਸਫ਼ਲ ਹੋਈਆਂ ਹਨ ਅਤੇ ਇਸ ਨੂੰ ਪੂਰੀ ਤਰ੍ਹਾਂ ਰੋਕਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਵੱਡੇ ਨਸ਼ਾ ਤਸਕਰਾਂ ਖ਼ਿਲਾਫ਼ ਵੀ ਕਾਰਵਾਈ ਜਾਰੀ ਹੈ ਅਤੇ ਨਸ਼ੇ ਦਾ ਨੈਟਵਰਕ ਤੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਦਲ ਯਾਤਰਾ ਰਾਹੀਂ ਉਹ ਸੂਬਾ ਵਾਸੀਆਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਧ ਕਰ ਰਹੇ ਹਨ।

ਪੈਦਲ ਯਾਤਰਾ ਦੌਰਾਨ ਜ਼ਿਲ੍ਹਾ ਵਾਸੀਆਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਗਿਆ । ਇਸ ਪੈਦਲ ਯਾਤਰਾ ਵਿਚ ਵੱਡੀ ਗਿਣਤੀ ਵਿਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਰਾਹੀ ਨਸ਼ਾ ਮੁਕਤ ਪੰਜਾਬ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਜ਼ਿਲ੍ਹਾ ਅੰਮ੍ਰਿਤਸਰ ਵਿਚ ਕੱਲ੍ਹ ਮਿਤੀ 6 ਅਪੈ੍ਰਲ ਨੂੰ ਪੈਦਲ ਯਾਤਰਾ ਪਿੰਡ ਮੱਜੂਪਰਾ ਤੋ ਸ਼ੁਰੂ ਹੋ ਕੇ ਪਿੰਡ ਚੇਤਨਪੁਰਾ ਨਰਸਿੰਗ ਕਾਲਜ ਫ਼ਤਿਹਗੜ੍ਹ ਚੂੜੀਆਂ ਰੋਡ ਵਿਖੇ ਸਮਾਪਤ ਹੋਵੇਗੀ। 

ਇਸ ਮੌਕੇ  ਵਿਵੇਕ ਪ੍ਰਤਾਪ ਸਿੰਘ, ਪ੍ਰਿੰਸੀਪਲ ਸਕੱਤਰ, ਰਾਜਪਾਲ ਪੰਜਾਬ,  ਸ਼ਿਵਦੁਲਾਰ ਸਿੰਘ ਢਿਲੋਂ, ਸਕੱਤਰ, ਭਾਰਤੀ ਰੈੱਡ ਕਰਾਸ ਸੁਸਾਇਟੀ ਪੰਜਾਬ, ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ,  ਸਤਿੰਦਰ ਸਿੰਘ ਡੀ.ਆਈ.ਜੀ.  ਮਨਿੰਦਰ ਸਿੰਘ ਐੱਸ.ਐੱਸ.ਪੀ. ਦਿਹਾਤੀ, ਲਲਿਤ ਜੈਨ ਆਈ.ਏ.ਐਸ, ਡਾਕਟਰ ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪਰਮਜੀਤ ਕੋਰ ਵਧੀਕ ਡਿਪਟੀ ਕਮਿਸ਼ਨਰ, ਗੁਰਸਿਮਰਨਜੀਤ ਕੌਰ ਸਹਾਇਕ ਕਮਿਸ਼ਨਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ  ਅਧਿਕਾਰੀ, ਧਾਰਮਿਕ, ਸਮਾਜਿਕ, ਸਿੱਖਿਆ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।