Jalandhar News: ਜਲੰਧਰ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ, ਗਲੀ ਵਿਚ ਖੇਡ ਰਹੇ ਬੱਚੇ ਨੂੰ ਵੱਢਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News: ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ

Jalandhar Stray dog ​News in punjabi

ਜਲੰਧਰ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਜਾਰੀ ਹੈ। ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਵਡਾਲਾ ਚੌਕ ਦੇ ਅਧੀਨ ਪੈਂਦੇ ਟਾਵਰ ਇਨਕਲੇਵ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕੁੱਤੇ ਨੇ ਇਕ ਬੱਚੇ 'ਤੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਬੱਚੇ ਦੀ ਪਛਾਣ 6 ਸਾਲਾ ਸਾਰਥਿਕ ਵਜੋਂ ਹੋਈ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਿਤਾ ਦੇਵਨਾਥ ਭਾਟੀਆ ਨੇ ਦੱਸਿਆ ਕਿ ਬੱਚਿਆਂ ਨੂੰ ਗਲੀ 'ਚ ਖੇਡਣ ਤੋਂ ਨਹੀਂ ਰੋਕਿਆ ਜਾ ਸਕਦਾ। ਉਸ ਦੇ ਲੜਕੇ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ। ਕੁੱਤੇ ਨੇ ਬੱਚੇ ਦੀ ਬਾਂਹ ਬੁਰੀ ਤਰ੍ਹਾਂ ਨਾਲ ਵੱਢਿਆ ਹੈ। ਬੱਚੇ ਦੀ ਬਾਂਹ 'ਤੇ ਇਕ ਇੰਚ ਤੋਂ ਜ਼ਿਆਦਾ ਡੂੰਘਾ ਜ਼ਖ਼ਮ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਬੱਚਾ ਇੰਨਾ ਡਰਿਆ ਹੋਇਆ ਸੀ ਕਿ ਉਹ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ।

ਖੁਸ਼ਕਿਸਮਤੀ ਰਹੀ ਕਿ ਕੁੱਤੇ ਨੇ ਜ਼ਿਆਦਾ ਨਹੀਂ ਵੱਢਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੇਟੇ ਦਾ ਟੀਕਾਕਰਨ ਕਰਵਾਉਣ ਲਈ ਸਿਵਲ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਡਾਕਟਰਾਂ ਤੋਂ ਪਤਾ ਲੱਗਾ ਕਿ ਉਨ੍ਹਾਂ ਕੋਲ ਇਕ ਦਿਨ 'ਚ ਕੁੱਤਿਆਂ ਦੇ ਕੱਟਣ ਦੇ 50 ਕੇਸ ਸਾਹਮਣੇ ਆਏ ਹਨ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਕੁੱਤਿਆਂ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ। ਬੱਚੇ ਦੇ ਪਿਤਾ ਨੇ ਕਿਹਾ ਕਿ ਅੱਜ ਮੇਰੇ ਲੜਕੇ ਨੂੰ ਕੁੱਤੇ ਨੇ ਵੱਢ ਲਿਆ ਹੈ, ਕੱਲ੍ਹ ਕਿਸੇ ਹੋਰ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। 

ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਗਲੀ ਵਿੱਚ ਖੜ੍ਹਾ ਸੀ, ਇਸੇ ਦੌਰਾਨ ਸਾਹਮਣੇ ਤੋਂ ਇੱਕ ਕੁੱਤਾ ਦੌੜਦਾ ਆਇਆ ਅਤੇ ਉਸ ਨੂੰ ਵੱਢਣ ਲੱਗਾ। ਆਪਣੀ ਜਾਨ ਬਚਾਉਣ ਲਈ ਬੱਚਾ ਘਰ ਦੇ ਸਾਹਮਣੇ ਵਾਲੇ ਗੇਟ 'ਤੇ ਗਿਆ ਪਰ ਕੁੱਤੇ ਨੇ ਉਸ ਨੂੰ ਬੁਰੀ ਤਰ੍ਹਾਂ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਬੱਚੇ ਦੀ ਚੀਕ ਸੁਣ ਕੇ ਗਲੀ ਦੇ ਲੋਕ ਭੱਜੇ ਆਏ ਅਤੇ ਬੱਚੇ ਨੂੰ ਕੁੱਤੇ ਦੇ ਚੁੰਗਲ ਤੋਂ ਬਚਾਇਆ।