ਕਿਸਾਨਾਂ ਦੀ ਨਾਰਾਜ਼ਗੀ ਦੂਰ ਹੋਣ ਮਗਰੋਂ ਫਿਰ ਸ਼ੁਰੂ ਹੋਇਆ ਕਰਤਾਰਪੁਰ ਲਾਂਘੇ ਦਾ ਕੰਮ
ਨਾਰਾਜ਼ ਹੋਏ ਕਿਸਾਨਾਂ ਨੇ ਸਰਕਾਰ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ
ਬਟਾਲਾ- ਮੁਆਵਜ਼ਾ ਰਾਸ਼ੀ ਵਿਚੋਂ ਟੀਡੀਐਸ ਕੱਟੇ ਜਾਣ ਤੋਂ ਨਾਰਾਜ਼ ਹੋਏ ਕਰਤਾਰਪੁਰ ਸਾਹਿਬ ਲਾਂਘੇ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਨੇ ਅਪਣਾ ਧਰਨਾ ਉਠਾ ਲਿਆ ਹੈ, ਜਿਸ ਤੋਂ ਬਾਅਦ ਕਰਤਾਰਪੁਰ ਲਾਂਘੇ ਦਾ ਰੁਕਿਆ ਹੋਇਆ ਕੰਮ ਫਿਰ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਗੁਰਸਿਮਰਨਜੀਤ ਸਿੰਘ ਅਤੇ ਕੰਮ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਕਿਸਾਨਾਂ ਦੇ ਮੁਆਵਜ਼ੇ ਦੀ ਰਾਸ਼ੀ ਉਨ੍ਹਾਂ ਦੀਆਂ ਮੰਗਾਂ ਮੁਤਾਬਕ ਜਲਦ ਉਨ੍ਹਾਂ ਦੇ ਖ਼ਾਤਿਆਂ ਵਿਚ ਪਾ ਦਿਤੀ ਜਾਵੇਗੀ।
ਉਧਰ ਧਰਨਾ ਉਠਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿਤਾ ਹੈ ਕਿ ਮੁਆਵਜ਼ਾ ਰਾਸ਼ੀ ਵਿਚੋਂ ਟੀਡੀਐਸ ਨਹੀਂ ਕੱਟਿਆ ਜਾਵੇਗਾ ਅਤੇ ਮੁਆਵਜ਼ੇ ਦੀ ਪੂਰੀ ਰਕਮ ਕਿਸਾਨਾਂ ਨੂੰ ਇਕ ਦੋ ਦਿਨ ਵਿਚ ਦੇ ਦਿਤੀ ਜਾਵੇਗੀ ਨਾਲ ਹੀ ਕਿਸਾਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਕ ਦੋ ਦਿਨ ਵਿਚ ਸਾਡਾ ਮੁਆਵਜ਼ਾ ਨਾ ਦਿਤਾ ਗਿਆ ਤਾਂ ਅਸੀਂ ਫਿਰ ਤੋਂ ਧਰਨਾ ਲਗਾ ਕੇ ਕੰਮ ਨੂੰ ਰੋਕਾਂਗੇ।
ਦਸ ਦਈਏ ਕਿ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਦੇ ਮੁਆਵਜ਼ੇ ਵਿਚੋਂ ਟੀਡੀਐਸ ਕੱਟਣ ਦੀ ਗੱਲ ਕਹੀ ਸੀ, ਜਿਸ ਤੋਂ ਕਿਸਾਨਾਂ ਵਿਚ ਭਾਰੀ ਨਾਰਾਜ਼ਗੀ ਪਾਈ ਗਈ ਸੀ ਅਤੇ ਉਨ੍ਹਾਂ ਨੇ ਧਰਨਾ ਲਗਾ ਦਿਤਾ ਸੀ ਜੋ ਹੁਣ ਸਰਕਾਰ ਦੇ ਭਰੋਸੇ ਮਗਰੋਂ ਉਠਾ ਦਿਤਾ ਗਿਆ ਹੈ। ਆਈ.ਟੀ ਦੇ ਅਧਿਕਾਰੀਆਂ ਨੇ ਇਹ ਮੰਨ ਲਿਆ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦੇ ਦਿੱਤੇ ਜਾ ਰਹੇ ਮੁਆਵਜ਼ੇ ਵਿਚੋਂ ਟੀਡੀਐਸ ਨਹੀਂ ਕੱਟਿਆ ਜਾਵੇਗਾ। ਆਸ.ਡੀ.ਆਮ ਦੇ ਨਾਲ ਕੀਤੀ ਬੈਠਕ ਤੋਂ ਬਾਅਦ 23 ਕਿਸਾਨਾਂ ਨੂੰ 7.5 ਕਰੋੜ ਰੁਪਏ ਦੇ ਮੁਆਵਜ਼ੇ ਦੇ ਚੈੱਕ ਦੇ ਦਿੱਤੇ ਗਏ ਹਨ।