ਬੱਬਰ ਖ਼ਾਲਸਾ ਦੇ ਦੋ ਸ਼ੱਕੀ ਗ੍ਰਿਫ਼ਤਾਰ, ਪਾਕਿਸਤਾਨੀ ਕਰੰਸੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਪੁਲਿਸ ਨੇ ਬੱਬਰ ਖ਼ਾਲਸਾ ਦੇ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋ ਇਕ ਪਿਸਤੌਲ, 6 ਰੌਂਦ ਤੇ 10 ਹਜ਼ਾਰ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ

Two suspected Babbar Khalsa arrested, Pakistani currency recovered

ਬਲਾਚੌਰ, ਕਾਠਗੜ੍ਹ : ਜ਼ਿਲ੍ਹਾ ਪੁਲਿਸ ਨੇ ਬੱਬਰ ਖ਼ਾਲਸਾ ਦੇ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋ ਇਕ ਪਿਸਤੌਲ, 6 ਰੌਂਦ ਤੇ 10 ਹਜ਼ਾਰ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ ਵਜ਼ੀਰ ਸਿੰਘ ਨੇ ਦਸਿਆ ਕਿ ਬਲਾਚੌਰ ਪੁਲਿਸ ਵਲੋਂ ਪਿਛਲੀ 7 ਫ਼ਰਵਰੀ ਨੂੰ ਚਾਰ ਲੋਕਾਂ ਵਿਰੁਧ ਮਾਮਲਾ  ਦਰਜ ਕੀਤਾ ਸੀ। ਇਸ ਮਾਮਲੇ ਵਿਚ ਨਾਮਜ਼ਦ ਜਸਪ੍ਰੀਤ ਸਿੰਘ ਉਰਫ ਜੱਸੀ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਸੀ।

ਜਿਸਨੂੰ ਪੁਲਿਸ ਨੇ ਕੱਲ ਸ਼ੁਕਰਵਾਰ ਨੂੰ ਪਿੰਡ ਕੋਲਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ। ਜਿਸ ਕੋਲੋ ਇਕ ਪਿਸਤੌਲ 32 ਬੋਰ, 6 ਰੌਂਦ  ਬਰਾਮਦ ਕੀਤੇ। ਜੱਸਪ੍ਰੀਤ ਨੇ ਪੁੱਛਗਿਛ ਦੌਰਾਨ ਪੁਲਿਸ ਨੂੰ ਦਸਿਆ ਕਿ ਉਹ ਅਰਵਿੰਦਰ ਸਿੰਘ ਉਰਫ ਮਿੱਠਾ ਸਿੰਘ ਦੇ ਕਹਿਣ 'ਤੇ ਦਿੱਲੀ ਦੇ ਮੁਹੰਮਦ ਸ਼ਰੀਫ ਨਾਮ ਦੇ ਵਿਆਕਤੀ ਕੋਲੋ  ਪੈਸੇ ਲੈ ਕੇ ਆਇਆ ਸੀ ਜਿਸ ਦੇ ਉਸਨੇ ਉਕਤ ਹਥਿਆਰ ਖ਼ਰੀਦੇ ਸਨ। ਪੁਲਿਸ ਨੇ ਤੁਰਤ ਕਾਰਵਾਈ ਕਰਦੇ ਹੋਏ ਦਿੱਲੀ ਵਿਚ ਮੁਹੰਮਦ ਸ਼ਰੀਫ ਨੂੰ ਵੀ ਕਾਬੂ ਕਰ ਲਿਆ।  ਜਿਸ ਕੋਲੋ 15 ਪਾਸਪੋਰਟ, 10 ਹਜ਼ਾਰ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ। ਪੁੱਛਗਿਛ ਦੌਰਾਨ ਉਸ ਨੇ ਦਸਿਆ

ਕਿ ਉਹ ਕਪੜੇ ਤੇ ਹੋਰ ਸਮਾਨ ਦੇ ਵਪਾਰ ਦੇ ਸਬੰਧ ਵਿਚ ਪਾਕਿਸਤਾਨ ਆਉਂਦਾ ਜਾਂਦਾ ਰਹਿੰਦਾ ਹੈ। ਉਸਦੇ ਰਿਸ਼ਤੇਦਾਰ ਵੀ ਪਾਕਿਸਤਾਨ ਵਿਚ ਰਹਿੰਦੇ ਹਨ। ਉਸ ਨੇ ਅਪਣੇ ਲਾਹੌਰ ਵਾਸੀ ਰਿਸ਼ਤੇਦਾਰ ਦੇ ਕਹਿਣ 'ਤੇ ਇਕ ਲੱਖ 65 ਹਜ਼ਾਰ ਰੁਪਏ ਜਸਪ੍ਰੀਤ ਨੂੰ ਦਿਤੇ ਸਨ। ਐਸਪੀ ਵਜ਼ੀਰ ਸਿੰਘ ਨੇ ਦਸਿਆ ਕਿ ਪੁਲਿਸ ਦੀ ਚੌਕਸੀ ਕਾਰਨ ਸਮਾਂ ਰਹਿੰਦੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਾਲ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾ ਬੱਬਰ ਖ਼ਾਲਸਾ ਦੇ ਨੈਟਵਰਕ ਨੂੰ ਤੋੜਨ ਵਿਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕਿਹਾ  ਕਿ ਤਫ਼ਤੀਸ਼ ਜਾਰੀ ਹੈ। ਪੁਛਗਿਛ ਦੌਰਾਨ ਮੁਲਜ਼ਮਾਂ ਕੋਲੋ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।