ਮੋਹਾਲੀ ਦੇ 7 ਹੋਰ ਮਰੀਜ਼ ਹੋਏ ਰਾਜ਼ੀ, ਕੁਲ ਗਿਣਤੀ ਹੋਈ 43
ਪੰਜ ਜਣੇ ਪਿੰਡ ਜਵਾਹਰਪੁਰ ਨਾਲ ਸਬੰਧਤ ਤੇ ਦੋ ਨਵਾਂ ਗਾਉਂ ਦੇ
ਐਸ ਏ ਐਸ ਨਗਰ, ਬਨੂੜ, 4 ਮਈ (ਸੁਖਦੀਪ ਸਿੰਘ ਸੋਈਂ, ਅਵਤਾਰ ਸਿੰਘ) : 'ਕੋਰੋਨਾ ਵਾਇਰਸ' ਮਹਾਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜ਼ਿਲ੍ਹਾ ਮੋਹਾਲੀ ਦੇ ਸੱਤ ਹੋਰ ਮਰੀਜ਼ਾਂ ਨੇ ਸੋਮਵਾਰ ਨੂੰ ਇਸ ਮਾਰੂ ਬੀਮਾਰੀ ਨੂੰ ਮਾਤ ਦੇ ਦਿਤੀ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਸੋਮਵਾਰ ਨੂੰ ਠੀਕ ਹੋਣ ਵਾਲੇ ਮਰੀਜ਼ਾਂ ਵਿਚ ਪੰਜ ਜਣੇ ਪਿੰਡ ਜਵਾਹਪੁਰ ਨਾਲ ਸਬੰਧਤ ਹਨ ਜਦਕਿ ਦੋ ਜਣੇ ਪਿੰਡ ਨਵਾਂ ਗਾਉਂ ਦੇ ਹਨ।
ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 43 ਹੋ ਗਈ ਹੈ ਜਦਕਿ ਪਾਜ਼ੇਟਿਵ ਕੇਸਾਂ ਦੀ ਗਿਣਤੀ 95 ਅਤੇ ਐਕਟਿਵ ਕੇਸਾਂ ਦੀ ਗਿਣਤੀ 50 'ਤੇ ਆ ਗਈ ਹੈ। ਸੋਮਵਾਰ ਨੂੰ ਠੀਕ ਹੋਣ ਵਾਲੇ ਮਰੀਜ਼ਾਂ ਵਿਚ ਦਮਨਜੀਤ ਸਿੰਘ (16 ਸਾਲ), ਮਨਜੀਤ ਸਿੰਘ (64), ਅਮਰਿੰਦਰ ਸਿੰਘ (24), ਹਰਿੰਦਰ ਕੌਰ (32), ਹਰਦੇਵ ਕੌਰ (55), ਰਾਜ ਰਾਣੀ (60) ਅਤੇ ਰਿਤੇਸ਼ (19) ਸ਼ਾਮਲ ਹਨ। ਪਹਿਲੇ ਪੰਜ ਮਰੀਜ਼ ਪਿੰਡ ਜਵਾਹਪੁਰ ਨਾਲ ਸਬੰਧਤ ਹਨ ਜਿਨ੍ਹਾਂ ਨੂੰ ਫ਼ਿਲਹਾਲ ਘਰ ਨਹੀਂ ਭੇਜਿਆ ਜਾਵੇਗਾ ਅਤੇ ਡੇਰਾਬੱਸੀ ਦੇ ਨਿਰੰਕਾਰੀ ਭਵਨ ਵਿਚ ਬਣਾਏ ਗਏ ਇਕਾਂਤਵਾਸ ਕੇਂਦਰ ਵਿਚ ਰਖਿਆ ਜਾਵੇਗਾ।
ਬਾਕੀ ਦੋਹਾਂ ਨੂੰ ਘਰ ਭੇਜ ਦਿਤਾ ਜਾਵੇਗਾ। ਜਵਾਹਰਪੁਰ ਵਾਲਿਆਂ ਨੂੰ ਅਹਿਤਿਆਤ ਵਜੋਂ 14 ਦਿਨਾਂ ਦੇ ਇਕਾਂਤਵਾਸ ਮਗਰੋਂ ਘਰ ਭੇਜਿਆ ਜਾਵੇਗਾ ਅਤੇ ਬਾਕੀ ਦੋਹਾਂ ਨੂੰ ਵੀ ਘਰ ਵਿਚ 14 ਦਿਨਾਂ ਲਈ ਅਲੱਗ ਰਹਿਣ ਲਈ ਆਖਿਆ ਗਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਉਨ੍ਹਾਂ ਦੀ ਸਿਹਤ ਦਾ ਲਗਾਤਾਰ ਮੁਆਇਨਾ ਕਰਨਗੀਆਂ। ਇਕੱਲੇ ਜਵਾਹਰਪੁਰ ਨਾਲ ਸਬੰਧਤ ਕੁਲ 27 ਮਰੀਜ਼ ਹੁਣ ਤਕ ਠੀਕ ਹੋ ਚੁਕੇ ਹਨ।
ਡਾ . ਮਨਜੀਤ ਸਿੰਘ ਨੇ ਦਸਿਆ ਕਿ ਇਨ੍ਹਾਂ ਸਾਰਿਆਂ ਦਾ 14 ਦਿਨਾਂ ਤੋਂ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਦੇ 'ਕੋਵਿਡ ਕੇਅਰ ਸੈਂਟਰ' ਵਿਚ ਇਲਾਜ ਚੱਲ ਰਿਹਾ ਸੀ। 14 ਦਿਨਾਂ ਮਗਰੋਂ ਕੀਤੇ ਗਏ ਲਗਾਤਾਰ ਦੋ ਟੈਸਟਾਂ ਦੀਆਂ ਰੀਪੋਰਟਾਂ ਨੈਗੇਟਿਵ ਆਉਣ ਮਗਰੋਂ ਇਨ੍ਹਾਂ ਸਾਰਿਆਂ ਨੂੰ ਛੁੱਟੀ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਬਾਕੀ ਸਾਰੇ ਮਰੀਜ਼ਾਂ ਦਾ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ।
ਠੀਕ ਹੋਏ ਮਰੀਜ਼ਾਂ ਨੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੇ ਹੋਰ ਸਟਾਫ਼ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਉਨ੍ਹਾਂ ਦਾ ਵਧੀਆ ਢੰਗ ਨਾਲ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਦਾ ਪੂਰਾ ਖ਼ਿਆਲ ਰਖਿਆ ਗਿਆ। ਸਿਵਲ ਸਰਜਨ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਅਪਣੇ ਘਰਾਂ ਵਿਚੋਂ ਨਾ ਨਿਕਲਣ ਅਤੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਪੈਣ 'ਤੇ ਹੀ ਬਾਹਰ ਜਾਣ। ਉਨ੍ਹਾਂ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲ ਨਾ ਜਾਇਆ ਜਾਵੇ।
ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 'ਤੇ ਸੰਪਰਕ ਕਰ ਕੇ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ ਲਈ ਵੀ ਆਖਿਆ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ।