ਅਕਾਲੀ-ਭਾਜਪਾ ਤਾਲਮੇਲ ਕਮੇਟੀ ਨੇ ਕਿਸਾਨਾਂ ਲਈ ਕੇਂਦਰ ਤੋਂ ਬੋਨਸ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਕੀਤੀ ਆਗੂਆਂ ਨਾਲ ਵੀਡੀਓ ਕਾਨਫ਼ਰੰਸ

File Photo

ਚੰਡੀਗੜ੍ਹ, 4 ਮਈ (ਗੁਰਉਪਦੇਸ਼ ਭੁੱਲਰ) : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਪੰਜਾਬ ਦੇ ਆਗੂ ਕੋਰੋਨਾ ਸੰਕਟ ਦੇ ਚਲਦੇ ਸਰਕਾਰ ਨੂੰ ਸਹਿਯੋਗ ਦੀ ਨੀਤੀ ਤੋਂ ਪਿਛੇ ਹਟਦਿਆਂ ਖੁੱਲ੍ਹ ਕੇ ਵਿਰੋਧ ਲਈ ਸਾਹਮਣੇ ਆ ਗਏ ਹਨ। ਅੱਜ ਇਥੇ ਅਕਾਲੀ-ਭਾਜਪਾ ਤਾਲਮੇਲ ਕਮੇਟੀ ਦੀ ਸਾਂਝੀ ਮੀਟਿੰਗ ਵੀਡੀਓ ਕਾਨਫ਼ਰੰਸ ਰਾਹੀਂ ਹੋਈ। ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੀ ਗਈ। 

ਇਸ ਮੀਟਿੰਗ ਦੇ ਪ੍ਰਧਾਨਗੀ ਮੰਡਲ ਵਿਚ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਸੀ। ਮੀਟਿੰਗ ਵਿਚ ਜਿਥੇ ਕੇਂਦਰ ਸਰਕਾਰ ਤੋਂ ਕਿਸਾਨਾਂ ਲਈ ਕਣਕ ’ਤੇ ਬੋਨਸ ਦੀ ਮੰਗ ਕੀਤੀ ਗਈ ਉਥੇ ਦੂਜੇ ਪਾਸੇ ਕੋਰੋਨਾ ਸੰਕਟ ਨਾਲ ਨਜਿੱਠਣ ਵਿਚ ਕੈਪਟਨ ਸਰਕਾਰ ’ਤੇ ਫ਼ੇਲ੍ਹ ਹੋਣ ਦੇ ਦੋਸ਼ ਲਾਏ ਗਏ। ਮੀਟਿੰਗ ਤੋਂ ਬਾਅਦ ਪਾਰਟੀ ਦੇ ਮੁੱਖ ਬੁਲਾਰੇ ਹਰਚਰਨ ਸਿੰਘ ਬੈਂਸ ਨੇ ਦਸਿਆ ਕਿ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਦੇ ਮਾਮਲੇ ਵਿਚ ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਦੇ ਬਿਆਨ ਦੀ ਨਿੰਦਾ ਕੀਤੀ ਗਈ

ਅਤੇ ਕੈਪਟਨ ਸਰਕਾਰ ਉਪਰ ਸਾਵਧਾਨੀਆਂ ਨਾ ਵਰਤੇ ਜਾਣ ਅਤੇ ਸਹੀ ਪ੍ਰਬੰਧ ਨਾ ਕਰਨ ਦੀ ਸਮੂਹ ਆਗੂਆਂ ਨੇ ਨਿੰਦਾ ਕਰਦਿਆਂ ਮਤਾ ਪਾਸ ਕੀਤਾ ਹੈ। ਕੋਰੋਨਾ ਪ੍ਰਬੰਧਾਂ ’ਚ ਅਸਫ਼ਲਤਾ ਦੇ ਮਾਮਲੇ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ। ਕਾਂਗਰਸੀ ਆਗੂ ਦਿਗਵਿਜੇ ਸਿੰਘ ਵਲੋਂ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਦੇ ਮਾਮਲੇ ਨੂੰ ਫ਼ਿਰਕੂ ਰੰਗਤ ਦੇਣ ਵਾਲਾ ਬਿਆਨ ਦੇ ਕੇ ਸਿੱਖਾਂ ਨੂੰ ਬਦਨਾਮ ਕਰਨ ਵਿਰੁਧ ਸਖ਼ਤ ਰੋਸ ਪ੍ਰਗਟ ਕੀਤਾ ਗਿਆ। ਕੋਰੋਨਾ ਸੰਕਟ ਨਾਲ ਲੜ ਰਹੇ ਸਾਰੇ ਮੁਲਾਜ਼ਮਾਂ ਨੂੰ ਸੁਰੱਖਿਆ ਕਿੱਟਾਂ ਅਤੇ ਹੋਰ ਸਮਾਨ ਮੁਹਈਆ ਕਰਵਾਉਣ ਦੀ ਮੰਗ ਕੀਤੀ।

ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਭਾਜਪਾ ਆਗੂ ਜੀਵਨ ਗੁਪਤਾ ਤੇ ਆਧਾਰਤ ਮੌਜੂਦਾ ਹਾਲਾਤ ਬਾਰੇ ਪਾਰਟੀ ਵਿਚ ਤਾਲਮੇਲ ਲਈ ਸੂਬਾ ਪੱਧਰੀ ਕਮੇਟੀ ਬਣਾਉਣ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀਆਂ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਦੇ ਦੇਹਾਂਤ ਬਾਰੇ ਸ਼ੋਕ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿਚ ਮੁੱਖ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਬਿਕਰਮ ਸਿੰਘ ਮਜੀਠੀਆ, ਚਰਨਜੀਤ ਸਿੰਘ ਅਟਵਾਲ, ਭਾਜਪਾ ਦੇ ਮਦਨ ਮੋਹਨ ਮਿੱਤਲ, ਤੀਕਸ਼ਣ ਸੂਦ, ਮਨੋਰੰਜਨ ਕਾਲੀਆ ਆਦਿ ਮੌਜੂਦ ਸਨ