ਸਿੱਧੂ ਮੂਸੇਵਾਲੇ ਮਾਮਲੇ 'ਚ ਹੈੱਡ ਕਾਂਸਟੇਬਲ ਸਮੇਤ ਐਸਐਚਓ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸਐਚਓ ਨੇ ਡੀਐਸਪੀ ਵਿਰਕ ਨੂੰ 3 ਮਹੀਨਿਆਂ ਤੋਂ ਅਣਅਧਿਕਾਰਤ ਤੌਰ 'ਤੇ ਦਿਤਾ ਸੀ ਗੰਨਮੈਨ

2

ਪਟਿਆਲਾ, 5 ਮਈ (ਤੇਜਿੰਦਰ ਫ਼ਤਿਹਪੁਰ) : ਸਿੱਧੂ ਮੂਸੇਵਾਲਾ ਕੇਸ ਵਿਚ ਪਟਿਆਲਾ ਜ਼ਿਲ੍ਹਾ ਦੇ ਜੁਲਕਾ ਥਾਣੇ ਦੇ ਐਸ.ਐਚ.ਓ. ਇੰਸਪੈਕਟਰ ਗੁਰਪ੍ਰੀਤ ਭਿੰਡਰ ਅਤੇ ਹੈਡ ਕਾਂਸਟੇਬਲ ਗਗਨਦੀਪ ਸਿੰਘ ਨੂੰ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਇੰਸਪੈਕਟਰ ਭਿੰਡਰ ਨੂੰ ਐਸਐਸਪੀ ਪਟਿਆਲਾ ਨੇ ਆਦੇਸ ਦਿਤੇ ਹਨ ਕਿ ਜੋ ਹੈਡਕਾਂਸਟੇਬਲ ਤਿੰਨ ਮਹੀਨੇ ਬਿਨਾ ਮਨਜ਼ੂਰੀ ਡੀਐਸਪੀ ਵਿਰਕ ਨਾਲ ਤਾਇਨਾਤ ਕੀਤਾ ਹੋਇਆ ਸੀ, ਉਸ ਸਮੇਂ ਦੀ ਤਨਖ਼ਾਹ ਕਰੀਬ 1 ਲੱਖ 70 ਹਜ਼ਾਰ ਰੁਪਏ ਬਣਦੀ ਹੈ, ਉਹ ਅਪਣੇ ਕੋਲੋਂ ਅਦਾ ਕਰੇ।


ਇਸੇ ਦੌਰਾਨ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਹੈਡ ਕਾਂਸਟੇਬਲ ਗਗਨਦੀਪ ਸਿੰਘ ਜਿਸ ਦੀ ਡਿਊਟੀ ਥਾਣਾ ਜੁਲਕਾਂ ਵਿਚ ਹੈ। ਇਸ ਨੂੰ ਇੰਸਪੈਕਟਰ ਗੁਰਪ੍ਰੀਤ ਭਿੰਡਰ ਜੋ ਐਸਐਚÀ ਥਾਣਾ ਜੁਲਕਾ ਤਾਇਨਾਤ ਹੈ, ਨੇ ਬਿਨਾ ਮਨਜ਼ੂਰੀ ਤੋਂ ਡੀਐਸਪੀ ਹੇਡਕੁਆਟਰ ਸੰਗਰੂਰ  ਦਲਜੀਤ ਸਿੰਘ ਵਿਰਕ ਨਾਲ ਲਾਇਆ ਹੋਇਆ ਸੀ। ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਅਨੁਸਾਰ  ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਪਿਛਲੇ ਸਾਲ ਇਹ ਹੁਕਮ ਜਾਰੀ ਕੀਤੇ ਸਨ ਕਿ ਜੇ ਕੋਈ ਅਣਅਧਿਕਾਰਤ ਤੌਰ 'ਤੇ ਕਿਸੇ ਮੁਲਾਜ਼ਮ ਨੂੰ ਕਿਸੇ ਨਾਲ ਭੇਜੇਗਾ ਤਾਂ ਉਸ ਦੀ ਤਨਖ਼ਾਹ ਸਬੰਧਤ ਅਫ਼ਸਰ ਕੋਲੋਂ ਭਰੀ ਜਾਵੇਗੀ।


ਇਸ ਲਈ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਦੀ ਫ਼ਰਵਰੀ, ਮਾਰਚ ਅਤੇ ਅਪ੍ਰੈਲ ਮਹੀਨੇ ਦੀ ਤਨਖ਼ਾਹ ਜੋ ਕਿ ਕਰੀਬ 1 ਲੱਖ 70 ਹਜ਼ਾਰ ਰਪਏ ਦੇ ਕਰੀਬ ਹੈ, ਉਹ ਇੰਸਪੈਕਟਰ ਗੁਰਪ੍ਰੀਤ ਭਿੰਡਰ ਕੋਲੋਂ ਵਸੂਲੀ ਜਾਵੇਗੀ। ਪੰਜਾਬ ਪੁਲਿਸ ਦੀ ਅਜਿਹੀ ਪਹਿਲੀ ਮਿਸਾਲ ਹੈ ਕਿ ਕਿਸੇ ਅਧਿਕਾਰੀ ਪਾਸੋਂ ਇਹ ਰਿਕਵਰੀ ਕੀਤੀ ਜਾ ਰਹੀ ਹੈ। ਇਸਪੈਕਟਰ ਗੁਰਪ੍ਰੀਤ ਭਿੰਡਰ 'ਤੇ ਦੋਸ਼ ਹੈ ਕਿ ਉਸ ਨੇ ਅਣ ਅਧਿਕਾਰਤ ਤੌਰ 'ਤੇ ਗਗਨਦੀਪ ਸਿੰਘ ਨੂੰ ਡੀ.ਐਸ.ਪੀ. ਦਲਜੀਤ ਵਿਰਕ ਨਾਲ ਭੇਜਿਆ ਸੀ ਅਤੇ ਗਗਨਦੀਪ ਸਿੰਘ ਜੋ ਕਿ ਬੀਤੇ ਦਿਨ ਡੀਐਸਪੀ ਦਲਜੀਤ ਵਿਰਕ ਤੇ ਹੋਰਨਾਂ ਨਾਲ ਮੂਸੇਵਾਲਾ ਦੀ ਵਾਇਰਲ ਹੋਈ ਵੀਡੀਉ ਵਿਚ ਨਜ਼ਰ ਆ ਰਹੇ ਹਨ।