ਕੋਰੋਨਾ ਵਾਇਰਸ: ਡੀਜੀਪੀ ਦਿਨਕਰ ਗੁਪਤਾ ਦਾ ਸਖ਼ਤ ਆਦੇਸ਼, '80 ਤੋਂ 90% ਲੋਕ ਘਰਾਂ ਅੰਦਰ ਹੀ ਰਹਿਣ'
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਪਾਬੰਧੀਆਂ ਲਗਾਈਆਂ ਜਾ ਰਹੀਆਂ ਹਨ।
ਚੰਡੀਗੜ੍ਹ: ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਪਾਬੰਧੀਆਂ ਲਗਾਈਆਂ ਜਾ ਰਹੀਆਂ ਹਨ। ਇਸ ਦੌਰਾਨ ਪੰਜਾਬ ਵਿਚ ਕਰਫਿਊ ਵਰਗੀ ਸਖ਼ਤੀ ਦੇ ਆਦੇਸ਼ ਹੋ ਚੁੱਕੇ ਹਨ। ਸੂਬੇ ਵਿਚ ਹਾਲਾਤ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਹਦਾਇਤ ਦਿੱਤੀ ਗਈ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ 80 ਤੋਂ 90 ਫੀਸਦ ਲੋਕ ਘਰਾਂ ਦੇ ਅੰਦਰ ਹੀ ਰਹਿਣ। ਲੋਕ ਸਿਰਫ਼ ਐਮਰਜੈਂਸੀ ਦੀ ਸਥਿਤੀ ਵਿਚ ਹੀ ਘਰਾਂ ਤੋਂ ਬਾਹਰ ਨਿਕਲਣ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੈਠਕ ਦਾ ਹਵਾਲਾ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨੂੰ ਆਦੇਸ਼ ਜਾਰੀ ਕੀਤੇ ਹਨ। ਪੁਲਿਸ ਲਈ ਜਾਰੀ ਹਦਾਇਤਾਂ ਮੁਤਾਬਕ ਪੈਦਲ ਅਤੇ ਸਾਈਕਲ 'ਤੇ ਆਵਾਜਾਈ ਬਿਨਾਂ ਰੋਕ-ਟੋਕ ਜਾਰੀ ਰਹੇਗੀ। ਹਾਲਾਂਕਿ ਜੇਕਰ ਕੋਈ ਕਾਰ ਜਾਂ ਗੱਡੀ ਲੈ ਕੇ ਆਉਂਦਾ ਹੈ ਤਾਂ ਉਸ ਲਈ ਈ-ਪੈਸ ਹੋਣਾ ਲਾਜ਼ਮੀ ਹੈ।
ਬਗੈਰ ਈ-ਪਾਸ ਤੋਂ ਕਾਰ ਜ਼ਬਤ ਕਰ ਲਈ ਜਾਵੇਗੀ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਚਲਦਿਆਂ ਸੂਬੇ ਵਿਚ 15 ਮਈ ਤੱਕ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ। ਇਸ ਦੌਰਾਨ ਪ੍ਰਾਈਵੇਟ ਅਦਾਰਿਆਂ ਨੂੰ ਵਰਕ ਫਰਾਮ ਹੋਮ ਕਰਨ ਲਈ ਕਿਹਾ ਗਿਆ ਹੈ। ਇਹਨਾਂ ਵਿਚ ਕਾਰਪੋਰੇਟ ਦਫ਼ਤਰ, ਵਕੀਲ, ਚਾਰਟਡ ਅਕਾਊਂਟੈਂਟ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਬੈਂਕਾਂ ਵਿਚ ਵੀ ਸਿਰਫ਼ ਤੈਅ ਘੰਟਿਆਂ ਵਿਚ ਕੰਮ ਹੋਵੇਗਾ। ਇਸ ਤੋਂ ਇਲਾਵਾ ਸੂਬੇ ਵਿਚ ਸਿਰਫ਼ ਜ਼ਰੂਰੀ ਵਰਤਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।