ਜਗਤਾਰ ਸਿੰਘ ਹਵਾਰਾ ਵਲੋਂ ਪੈਰੋਲ ਲੈਣ ਦੀ ਤਿਆਰੀ ਪਰ ਹਾਈ ਕੋਰਟ ਵਲੋਂ ਜ਼ਮਾਨਤ ਤੋਂ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੈਗੂਲਰ ਜ਼ਮਾਨਤ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੀਤੀ ਪਹੁੰਚ

Jagtar Singh Hawara

ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਜਗਤਾਰ ਸਿੰਘ ਹਵਾਰਾ ਵਲੋਂ ਜੇਲ ’ਚੋਂ ਪੈਰੋਲ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਕਾਰਨ ਹਵਾਰਾ ਨੇ ਸੈਕਟਰ-17 ਵਿਖੇ 15 ਸਾਲ ਪਹਿਲਾਂ ਹੋਏ ਇਕ ਬੰਬ ਧਮਾਕੇ ਦੇ ਕੇਸ ਵਿਚ ਰੈਗੂਲਰ ਜ਼ਮਾਨਤ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਕੀਤੀ ਪਰ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਇਸ ਲਈ ਇਨਕਾਰ ਕਰ ਦਿਤਾ ਕਿ ਹਵਾਰਾ ਵਿਰੁਧ ਗੰਭੀਰ ਮਾਮਲੇ ਵਿਚਾਰ ਅਧੀਨ ਹਨ ਤੇ ਬੇਅੰਤ ਸਿੰਘ ਕਤਲ ਕੇਸ ਵਿਚ ਉਸ ਨੂੰ ਰਹਿੰਦੀ ਜ਼ਿੰਦਗੀ ਤਕ ਜੇਲ ਤੋਂ ਬਾਹਰ ਨਾ ਆਉਣ ਦਾ ਅਦਾਲਤੀ ਹੁਕਮ ਦਿਤਾ ਹੋਇਆ ਹੈ। 

ਹਵਾਰਾ ਨੇ ਜ਼ਮਾਨਤ ਅਰਜ਼ੀ ਵਿਚ ਕਿਹਾ ਸੀ ਕਿ ਬੰਬ ਧਮਾਕੇ ਦੇ 15 ਸਾਲ ਪੁਰਾਣੇ ਕੇਸ ਵਿਚ ਅਜੇ ਟਰਾਇਲ ਸ਼ੁਰੂ ਹੀ ਨਹੀਂ ਹੋ ਸਕਿਆ ਤੇ 2010 ਵਿਚ ਹੋਰ ਸਹਿ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ, ਲਿਹਾਜਾ ਉਸ ਨੂੰ ਵੀ ਜ਼ਮਾਨਤ ਦਿਤੀ ਜਾਣੀ ਚਾਹੀਦੀ ਹੈ।

ਉਸ ਨੇ ਕਿਹਾ ਕਿ ਉਂਜ ਇਸ ਮਾਮਲੇ ਵਿਚ ਜ਼ਮਾਨਤ ਮਿਲਣ ਨਾਲ ਉਹ ਰਿਹਾਅ ਨਹੀਂ ਹੋ ਸਕੇਗਾ, ਕਿਉਂਕਿ ਬੇਅੰਤ ਸਿੰਘ ਕਤਲ ਕੇਸ ਵਿਚ ਉਹ ਉਮਰ ਕੈਦ ਭੋਗ ਰਿਹਾ ਹੈ ਤੇ ਅਦਾਲਤ ਨੇ ਰਹਿੰਦੀ ਜ਼ਿੰਦਗੀ ਤਕ ਜੇਲ ’ਚ ਹੀ ਰੱਖਣ ਦਾ ਹੁਕਮ ਦਿਤਾ ਹੋਇਆ ਹੈ ਪਰ ਬੰਬ ਧਮਾਕੇ ਦੇ ਕੇਸ ਵਿਚ ਸਿਰਫ਼ ਇਸ ਗੱਲੋਂ ਜ਼ਮਾਨਤ ਦੀ ਮੰਗ ਕੀਤੀ ਜਾ ਰਹੀ ਹੈ ਕਿ ਜ਼ਮਾਨਤ ਮਿਲਣ ਉਪਰੰਤ ਉਹ ਬੇਅੰਤ ਸਿੰਘ ਕਤਲ ਕੇਸ ਵਿਚ ਪੈਰੋਲ ਹਾਸਲ ਕਰ ਸਕੇ।

ਜਸਟਿਸ ਅਲਕਾ ਸਰੀਨ ਦੀ ਬੈਂਚ ਨੇ ਬੰਬ ਧਮਾਕੇ ਦੇ ਕੇਸ ਵਿਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਹੈ ਤੇ ਕਿਹਾ ਹੈ ਕਿ ਬੇਅੰਤ ਸਿੰਘ ਕਤਲ ਕੇਸ ਵਿਚ ਉਸ ਨੂੰ ਰਹਿੰਦੀ ਜ਼ਿੰਦਗੀ ਬਾਹਰ ਨਾ ਆਉਣ ਦਾ ਹੁਕਮ ਦਿਤਾ ਹੋਇਆ ਹੈ।