ਮੋਗਾ 'ਚ ਮਕਾਨ ਦੀ ਛੱਤ ਡਿੱਗਣ ਨਾਲ ਮਾਂ ਧੀ ਦੀ ਹੋਈ ਮੌਤ, ਮੁੱਖ ਮੰਤਰੀ ਨੇ ਜਤਾਇਆ ਦੁੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਕੀਤਾ ਐਲਾਨ

Mother and daughter die after roof collapse in Moga

 ਮੋਗਾ:  ਬੀਤੇ ਦਿਨੀ ਮੋਗਾ ਦੇ ਰਾਮਗੰਜ ਮੰਡੀ ਵਿਚ ਇਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਨਾਲ ਮਾਂ ਧੀ ਦੀ ਮੌਤ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਇਸਦੇ ਨਾਲ ਹੀ, ਉਹਨਾਂ ਨੇ ਪਰਿਵਾਰ ਵਿੱਚ ਬਚੀ ਹੋਈ ਇਕਲੌਤੀ ਧੀ ਨੂੰ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਉਹ ਇਸ ਸੋਗ ਦੀ ਘੜੀ ਵਿੱਚ ਆਪਣਾ ਗੁਜ਼ਾਰਾ ਕਰ ਸਕੇ।

 

 

 ਦੱਸ ਦੇਈਏ ਕਿ ਸਥਾਨਕ ਰਾਮ ਗੰਜ ਮੰਡੀ ਵਿਖੇ ਸ਼ਰਮਾ ਢਾਬੇ ਵਾਲੇ ਦੀ ਗਲੀ ਵਿਚ ਪੁਰਾਣੇ ਘਰ ਦੀ ਛੱਤ ਡਿੱਗਣ ਨਾਲ ਹਫੜਾ-ਦਫੜੀ ਮੱਚ ਗਈ। ਘਰ ਅੰਦਰ ਬੈਠੀ ਮਹਿਲਾ ਚਰਨਜੀਤ ਕੌਰ 45 ਪਤਨੀ ਗੁਰਨਾਮ ਸਿੰਘ ਅਤੇ ਉਸ ਧੀ ਕਿਰਨਦੀਪ ਕੌਰ 18 ਦੀ ਮੌਤ ਹੋ ਗਈ ਹੈ।

ਹਾਦਸੇ ਦੌਰਾਨ ਮ੍ਰਿਤਕ ਔਰਤ ਦੀ ਇਕ ਲੜਕੀ ਘਰ ਤੋਂ ਬਾਹਰ ਅਪਣੇ ਕੰਮ ’ਤੇ ਗਈ ਹੋਈ ਸੀ। ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਅਤੇ ਕੌਸਲਰ ਮਨਜੀਤ ਧੰਮੂ ਅਤੇ ਸਮਾਜ ਸੇਵੀ ਸੌਨੂੰ ਵਾਹਿਦ ਅਤੇ ਮੌਨੂੰ ਵਾਹਿਦ ਨੇ ਬਚਾਅ ਕੰਮ ਸ਼ੁਰੂ ਕੀਤਾ, ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਮਲਬੇ ਹੇਠੋ ਮਾਂ-ਧੀ ਨੂੰ ਬਾਹਰ ਕੱਢ ਕੇ ਐਂਬੂਲੈਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਵਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿਤਾ। 

ਸੂਚਨਾ ਮਿਲਦੇ ਹੀ ਡੀਐਸਪੀ ਬਲਜਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਲੋਕਾਂ ਦੀ ਇਕੱਠੀ ਹੋਈ ਭੀੜ ਨੂੰ ਸਮਝਾਇਆ ਤਾਕਿ ਬਾਕੀ ਦਾ ਰਹਿੰਦਾ ਮਕਾਨ ਵੀ ਕਿਸੇ ਉਪਰ ਨਾ ਡਿੱਗ ਜਾਵੇ। ਮ੍ਰਿਤਕ ਔਰਤ ਦੀ ਦੂਸਰੀ ਲੜਕੀ ਸੁਖਦੀਪ ਕੌਰ ਨੇ ਦੱਸਿਆ ਕਿ ਜਿਸ ਮਕਾਨ ਵਿਚ ਉਹ ਰਹਿੰਦੇ ਸਨ। ਉਹ ਮਕਾਨ ਕਾਫ਼ੀ ਪੁਰਾਣਾ ਸੀ।

ਉਸ ਨੇ ਦਸਿਆ ਕਿ ਉਸ ਦੇ ਪਿਤਾ ਗੁਰਨਾਮ ਸਿੰਘ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਦੋ ਭੂਆ ਜਸਵੀਰ ਕੌਰ ਤੇ  ਭਜਨ ਕੌਰ  ਨੇ ਮੇਰੇ ਪਾਪਾ ਦੀ ਮੌਤ ਤੋਂ ਬਾਅਦ ਮੇਰੀ ਭੂਆ ਅਤੇ ਮੇਰੇ ਫੁੱਫੜ ਅਜਮੇਰ ਸਿੰਘ ਜੋ ਨਿਊੁਜ਼ੀਲੈਂਡ ਵਿਚ ਰਹਿੰਦੇ ਹਨ, ਇਨ੍ਹਾਂ ਨੇ ਸਾਡੇ ਤੋਂ ਮਕਾਨ ਨੂੰ ਧੋਖੇ ਨਾਲ ਅਪਣੇ ਨਾਮ ਕਰਵਾਇਆ ਸੀ।

ਸਾਡਾ ਫੁੱਫੜ ਅਤੇ ਭੂਆ ਜਦੋਂ ਵੀ ਇੰਡੀਆ ਆਉਂਦੇ ਸੀ ਤਾਂ ਅਸੀਂ ਉਸ ਨੂੰ ਇਸ ਮਕਾਨ ਨੂੰ ਦੁਬਾਰਾ ਬਣਾਉਣ ਲਈ ਕਈ ਵਾਰ ਕਿਹਾ, ਪ੍ਰੰਤੂ ਉਹ ਨਹੀਂ ਮੰਨੇ ਜਿਸ ਕਰ ਕੇ ਅੱਜ ਮਕਾਨ ਦੀ ਛੱਤ ਡਿੱਗਣ ਨਾਲ ਉਸ ਦੀ ਮਾਤਾ ਅਤੇ ਭੈਣ ਦੀ ਮੌਤ ਹੋ ਗਈ।