ਧਰਨਾ ਦੇ ਰਹੇ ਕਿਸਾਨਾਂ ਨੂੰ ਚੁਕਣ ਦੀ ਹੋ ਰਹੀ ਹੈ ਤਿਆਰੀ, ਖ਼ਾਲੀ ਬਸਾਂ ਮੰਗਵਾਈਆਂ
ਮੋਤੀ ਮਹਿਲ ਨਜ਼ਦੀਕ ਭਾਰੀ ਪੁਲਿਸ ਫ਼ੋਰਸ ਤਾਇਨਾਤ
ਪਟਿਆਲਾ (ਜਸਪਾਲ ਸਿੰਘ ਢਿੱਲੋਂ) : ਪਟਿਆਲਾ ਵਿਖੇ ਸੂਲਰ ਚੌਕ ਵਿਚ ਕਿਸਾਨਾਂ ਵਲੋਂ ਲਾਏ ਗਏ ਧਰਨੇ ਵਾਲੀ ਜਗ੍ਹਾ ’ਤੇ ਪੁਲਿਸ ਵਲੋਂ ਬੇਮਿਸਾਲ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਮਹਿਲ ਦੀ ਕੰਧ ਦੇ ਨਾਲ-ਨਾਲ ਜਿੱਥੇ ਕਿਸਾਨਾਂ ਦੇ ਟਰੈਕਟਰ ਖੜ੍ਹੇ ਹਨ, ਉਥੇ ਸੈਂਕੜਿਆਂ ਦੀ ਗਿਣਤੀ ਵਿਚ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਪੁਲਿਸ ਮੁਲਾਜ਼ਮਾਂ ਕੋਲ ਅੱਥਰੂ ਗੈਸ ਅਤੇ ਐਕਸਪਲੋਸਿਵ ਡਿਟੈਕਟਰ ਵਗੈਰਾ ਦਾ ਵੀ ਪੁਖਤਾ ਪ੍ਰਬੰਧ ਹੈ।
ਦੂਸਰੇ ਪਾਸੇ ਕਿਸਾਨਾਂ ਦੇ ਵਫ਼ਦ ਦੀ ਉਚ ਪਧਰੀ ਕਮੇਟੀ ਨਾਲ ਮੀਟਿੰਗ ਹੈ ਤੇ ਇਸ ਦੌਰਾਨ ਵੀ ਕੋਈ ਸਿੱਟਾ ਨਾ ਨਿਕਲਣ ’ਤੇ ਹਾਲਾਤ ਖ਼ਰਾਬ ਹੋਣ ਦਾ ਖਦਸ਼ਾ ਹੈ। ਇਸੇ ਮਕਸਦ ਨਾਲ ਪੁਲਿਸ ਦੀ ਕੀਤੀ ਤਿਆਰੀ ਤਹਿਤ ਖਾਲੀ ਬਸਾਂ ਵੀ ਮੌਕੇ ’ਤੇ ਪੁੱਜ ਗਈਆਂ ਹਨ। ਦਸਣਾ ਬਣਦਾ ਹੈ ਕਿ ਰੋਡ ਸੰਘਰਸ਼ ਕਮੇਟੀ ਵਲੋਂ ਜ਼ਮੀਨਾਂ ਐਕਵਾਇਰ ਕੀਤੇ ਜਾਣ ਦੇ ਵਿਰੋਧ ਵਿਚ ਮੋਤੀ ਮਹਿਲ ਦੇ ਅੱਗੇ ਮਹੀਨੇ ਤੋਂ ਵੱਧ ਸਮੇਂ ਤੋਂ ਧਰਨਾ ਲਗਾਇਆ ਹੋਇਆ ਹੈ
ਇਸ ਦੌਰਾਨ 30 ਅਪ੍ਰੈਲ ਨੂੰ ਕਿਸਾਨ ਇਕ ਵਾਰ ਮਹਿਲ ਨੂੰ ਟਰੈਕਟਰਾਂ ਨਾਲ ਘੇਰਾ ਪਾ ਚੁੱਕੇ ਹਨ ਜਿਸ ਤੋਂ ਬਾਅਦ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਚਿੰਤਾ ਵਧ ਚੁੱਕੀ ਹੈ। ਦੁਪਹਿਰ ਤਕ ਮੋਤੀ ਮਹਿਲ ਨੇੜੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਮਹਿਲ ਦੇ ਆਲੇ-ਦੁਆਲੇ ਬੈਠੇ ਕਿਸਾਨ ਜਿਥੇ ਮੀਟਿੰਗ ਦੇ ਸਿੱਟੇ ਦਾ ਇੰਤਜ਼ਾਰ ਕਰ ਰਹੇ ਹਨ, ਉਥੇ ਹੀ ਤਾਇਨਾਤ ਭਾਰੀ ਪੁਲਿਸ ਫ਼ੋਰਸ ਉਚ ਅਧਿਕਾਰੀਆਂ ਦੇ ਇਸ਼ਾਰੇ ਦੀ ਉਡੀਕ ਕਰਦੇ ਨਜ਼ਰ ਆ ਰਹੇ ਹਨ।