ਪਟਿਆਲਾ ਘਟਨਾ: ਮਨਜਿੰਦਰ ਸਿਰਸਾ ਤੋਂ ਹੋ ਸਕਦੀ ਹੈ ਪੁੱਛਗਿੱਛ, ਪਰਵਾਨਾ ਨਾਲ ਸਿਰਸਾ ਦੀ ਤਸਵੀਰ ਵਾਇਰਲ 

ਏਜੰਸੀ

ਖ਼ਬਰਾਂ, ਪੰਜਾਬ

ਦੀਪ ਸਿੱਧੂ ਦੇ ਭੋਗ 'ਤੇ ਹੋਈ ਸੀ ਪਰਵਾਨਾ ਨਾਲ ਮੁਲਾਕਾਤ- ਸਿਰਸਾ

Barjinder Singh Parwana, Manjinder Sirsa

 

ਪਟਿਆਲਾ : ਬੀਤੇ ਦਿਨੀਂ ਪਟਿਆਲਾ ਦੇ ਕਾਲੀ ਮਾਤਾ ਮੰਦਰ ’ਤੇ ਕਥਿਤ ਤੌਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਪੰਜਾਬ ਪੁਲਿਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੋਂ ਪੁੱਛਗਿਛ ਕਰ ਸਕਦੀ ਹੈ। ਪੁਲਿਸ ਨੂੰ ਬਰਜਿੰਦਰ ਸਿੰਘ ਪਰਵਾਨਾ ਅਤੇ ਮਨਜਿੰਦਰ ਸਿੰਘ ਸਿਰਸਾ ਦੀਆਂ ਨਜ਼ਦੀਕੀਆਂ ਦਾ ਸ਼ੱਕ ਹੈ ਜਿਸ ਕਰ ਕੇ ਸਿਰਸਾ ਤੋਂ ਪੁੱਛਗਿੱਛ ਹੋ ਸਕਦੀ ਹੈ। ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ’ਚ ਮਨਜਿੰਦਰ ਸਿੰਘ ਸਿਰਸਾ ਅਤੇ ਬਰਜਿੰਦਰ ਸਿੰਘ ਪਰਵਾਨਾ ਕਥਿਤ ਤੌਰ ’ਤੇ ਇਕੱਠੇ ਵਿਖਾਈ ਦੇ ਰਹੇ ਹਨ। 

ਦੱਸ ਦਈਏ ਕਿ ਜੋ ਤਸਵੀਰ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਸਿਰਸਾ ਦਾ ਕਹਿਣ ਹੈ ਕਿ ਉਹ ਦੀਪ ਸਿੱਧੂ ਦੇ ਬੋਗ ਵੇਲੇ ਦੀ ਤਸਵੀਰ ਹੈ ਪਰ ਜੇ ਕਿਸੇ ਨੇ ਪੁੱਛਗਿੱਛ ਕਰਨੀ ਹੈ ਤਾਂ ਉਹ ਬੇਸ਼ੱਕ ਕਰ ਲੈਣ ਤੇ ਮੈਂ ਵੀ ਹਾਜ਼ਰ ਹੋਣ ਲਈ ਤਿਆਰ ਹਾਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਨਜਿੰਦਰ ਸਿੰਘ ਸਿਰਸਾ ਨੇ ਪਰਵਾਨਾ ਦੇ ਹੱਕ ’ਚ ਆਵਾਜ਼ ਵੀ ਚੁੱਕੀ ਸੀ। ਪੁਲਿਸ ਦੋਵਾਂ ਦਾ ਪੁਰਾਣਾ ਰਿਕਾਰਡ ਖੰਘਾਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਪੁਲਿਸ ਸਿਰਸਾ ਤੋਂ ਇਸ ਮਾਮਲੇ ’ਚ ਪੁੱਛਗਿਛ ਵੀ ਕਰ ਸਕਦੀ ਹੈ। ਉਧਰ ਵਾਇਰਲ ਵੀਡੀਓ 'ਤੇ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਵੀ ਸਾਹਮਣੇ ਆਇਆ ਹੈ।

ਸਿਰਸਾ ਨੇ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ 2020 ਦਾ ਟਵੀਟ ਅਤੇ ਵੀਡੀਓ ਵਾਇਰਲ ਕਰਕੇ ਮੇਰੇ 'ਤੇ ਸਵਾਲ ਚੁੱਕੇ ਜਾ ਰਹੇ ਹਨ। ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਚੰਗੀ ਗੱਲ ਹੁੰਦੀ ਜੇ ਤੁਹਾਡੀ ਪਾਰਟੀ ਦੇ ਲੋਕ ਹੋਰਾਂ ਨੂੰ ਦੱਸਦੇ ਕਿ ਵੇਖੋ ਮਨਜਿੰਦਰ ਸਿਰਸਾ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਖ਼ਿਲਾਫ਼ ਖੜ੍ਹਦਾ ਹੈ। 'ਆਪ' 'ਤੇ ਇਲਜ਼ਾਮ ਲਗਾਉਂਦਿਆਂ ਸਿਰਸਾ ਨੇ ਕਿਹਾ ਕਿ ਪਟਿਆਲਾ ਹਿੰਸਾ ਤੁਹਾਡੀ ਨਾਕਾਮੀ ਹੈ, ਤੁਹਾਨੂੰ ਇਸ ਸਬੰਧੀ ਤਿੰਨ ਦਿਨ ਪਹਿਲਾਂ ਹੀ ਪਤਾ ਸੀ। ਤੁਸੀਂ ਇਸ ਮਾਮਲੇ ਦੀ ਜਿੰਨੀ ਘੋਖ ਕਰਨੀ ਹੈ ਕਰੋ, ਮੈਂ ਹਮੇਸ਼ਾ ਸਿੱਖਾਂ ਲਈ ਲੜਦਾ ਰਹਾਂਗਾ ਤੇ ਪੁੱਛਗਿੱਛ ਲਈ ਵੀ ਤਿਆਰ ਹਾਂ।