ਰਿਜ਼ਰਵ ਬੈਂਕ ਨੇ ਰੈਪੋ ਦਰ 0.4 ਫ਼ੀ ਸਦੀ ਵਧਾਈ, ਕਰਜ਼ ਹੋਵੇਗਾ ਮਹਿੰਗਾ

ਏਜੰਸੀ

ਖ਼ਬਰਾਂ, ਪੰਜਾਬ

ਰਿਜ਼ਰਵ ਬੈਂਕ ਨੇ ਰੈਪੋ ਦਰ 0.4 ਫ਼ੀ ਸਦੀ ਵਧਾਈ, ਕਰਜ਼ ਹੋਵੇਗਾ ਮਹਿੰਗਾ

image

 

ਮੁੰਬਈ, 4 ਮਈ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁਧਵਾਰ ਨੂੰ  ਅਚਾਨਕ ਮੁੱਖ ਨੀਤੀਗਤ ਦਰ ਰੈਪੋ ਵਿਚ 0.4 ਫ਼ੀ ਸਦੀ ਦੇ ਵਾਧੇ ਦਾ ਐਲਾਨ ਕੀਤਾ | ਕੇਂਦਰੀ ਬੈਂਕ ਨੇ ਇਹ ਕਦਮ ਮੁੱਖ ਤੌਰ 'ਤੇ ਵਧਦੀ ਮਹਿੰਗਾਈ ਨੂੰ  ਕੰਟਰੋਲ ਕਰਨ ਲਈ ਚੁਕਿਆ ਹੈ |
ਕੇਂਦਰੀ ਬੈਂਕ ਦੇ ਇਸ ਕਦਮ ਨਾਲ ਹਾਊਸਿੰਗ, ਵਾਹਨ ਅਤੇ ਹੋਰ ਕਰਜ਼ਿਆਂ ਨਾਲ ਜੁੜੀ ਮਹੀਨਾਵਾਰ ਕਿਸ਼ਤ (ਈਐਮਆਈ) ਵਧੇਗੀ | ਇਸ ਵਾਧੇ ਨਾਲ ਰੈਪੋ ਦਰ ਰਿਕਾਰਡ ਹੇਠਲੇ ਪੱਧਰ 4 ਫ਼ੀ ਸਦੀ ਤੋਂ ਵਧ ਕੇ 4.40 ਫ਼ੀ ਸਦੀ ਹੋ ਗਈ ਹੈ | ਅਗੱਸਤ 2018 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪਾਲਿਸੀ ਦਰ ਵਧਾਈ ਗਈ ਹੈ | ਨਾਲ ਹੀ, ਇਹ ਪਹਿਲੀ ਵਾਰ ਹੈ ਜਦੋਂ  ਗਵਰਨਰ ਦੀ ਅਗਵਾਈ ਵਾਲੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਨੇ ਮੁੱਖ ਵਿਆਜ ਦਰਾਂ ਨੂੰ  ਵਧਾਉਣ
ਲਈ ਬਿਨਾਂ ਸਮਾਂ-ਸਾਰਣੀ ਦੇ ਮੀਟਿੰਗ ਕੀਤੀ |
ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿਚ ਨਕਦ ਰਿਜ਼ਰਵ ਅਨੁਪਾਤ (ਸੀਆਰਆਰ) ਨੂੰ  0.50 ਫ਼ੀ ਸਦੀ ਤੋਂ ਵਧਾ ਕੇ 4.5 ਫ਼ੀ ਸਦੀ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ | ਇਸ ਕਾਰਨ ਬੈਂਕਾਂ ਨੂੰ  ਕੇਂਦਰੀ ਬੈਂਕ ਕੋਲ ਵਾਧੂ ਰਕਮ ਰਖਣੀ ਪਵੇਗੀ, ਜਿਸ ਕਾਰਨ ਉਨ੍ਹਾਂ ਕੋਲ ਗਾਹਕਾਂ ਨੂੰ  ਕਰਜ਼ਾ ਦੇਣ ਲਈ ਘੱਟ ਪੈਸੇ ਹੋਣਗੇ |
ਨੀਤੀਗਤ ਦਰ ਵਿਚ ਵਾਧੇ ਬਾਰੇ 'ਆਨਲਾਈਨ' ਜਾਣਕਾਰੀ ਦਿੰਦਿਆਂ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਸੀਆਰਆਰ ਵਿਚ ਵਾਧੇ ਨਾਲ ਬੈਂਕਾਂ 'ਚ ਨਕਦੀ ਵਿਚ 87,000 ਕਰੋੜ ਰੁਪਏ ਦੀ ਕਮੀ ਆਵੇਗੀ |
ਹਾਲਾਂਕਿ ਉਨ੍ਹਾਂ ਨੇ ਰਿਵਰਸ ਰੈਪੋ ਰੇਟ ਦਾ ਜ਼ਿਕਰ ਨਹੀਂ ਕੀਤਾ | ਇਸ ਨਾਲ ਇਹ 3.35 ਫ਼ੀ ਸਦੀ 'ਤੇ ਬਣਿਆ ਹੋਇਆ ਹੈ | ਫਿਕਸਡ ਡਿਪਾਜ਼ਿਟ ਸਹੂਲਤ ਦਰ ਹੁਣ 4.15 ਫ਼ੀ ਸਦੀ ਹੋਵੇਗੀ ਜਦੋਂ ਕਿ ਸੀਮਾਂਤ ਸਥਾਈ ਸੁਵਿਧਾ ਦਰ ਅਤੇ ਬੈਂਕ ਦਰ 4.65 ਫ਼ੀ ਸਦੀ ਹੋਵੇਗੀ | ਹਾਲਾਂਕਿ, ਐਮਪੀਸੀ ਨੇ ਇਕ ਉਦਾਰ ਰੁਖ ਵੀ ਕਾਇਮ ਰਖਿਆ ਹੈ |
ਦਾਸ ਨੇ ਕਿਹਾ ਕਿ ਮਹਿੰਗਾਈ, ਖਾਸ ਕਰ ਕੇ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਨੂੰ  ਲੈ ਕੇ ਦਬਾਅ ਬਣਿਆ ਹੋਇਆ ਹੈ | ਉੱਚੀਆਂ ਕੀਮਤਾਂ ਨੂੰ  ਲੰਮੇੇ ਤਕ ਬਣੇ ਰਹਿਣ ਦਾ ਜੋਖਿਮ ਹੈ | ਉਨ੍ਹਾਂ ਕਿਹਾ, Tਭਾਰਤੀ ਅਰਥਵਿਵਸਥਾ ਦੇ ਟਿਕਾਊ ਅਤੇ ਸਮਾਵੇਸੀ ਵਿਕਾਸ ਲਈ ਮਹਿੰਗਾਈ ਨੂੰ  ਕੰਟਰੋਲ ਹੇਠ ਕਰਨਾ ਜ਼ਰੂਰੀ ਹੈ |'' ਰੂਸ-ਯੂਕਰੇਨ ਯੁੱਧ ਅਤੇ ਮਹਾਂਮਾਰੀ ਨਾਲ ਜੁੜੀਆਂ ਸਪਲਾਈ ਦੀਆਂ ਰੁਕਾਵਟਾਂ ਕਾਰਨ ਈਾਧਨ ਅਤੇ ਭੋਜਨ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਮਹਿੰਗਾਈ ਲਗਾਤਾਰ ਤੀਜੇ ਮਹੀਨੇ ਆਰਬੀਆਈ ਦੇ ਤਸੱਲੀਬਖਸ਼ ਪੱਧਰ ਤੋਂ ਉੱਪਰ ਰਹੀ ਹੈ | ਕੁਲ ਮਹਿੰਗਾਈ ਮਾਰਚ ਵਿਚ 6.95 ਫ਼ੀ ਸਦੀ ਦੇ 17 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਅਤੇ ਅਪ੍ਰੈਲ ਵਿਚ ਵੀ ਟੀਚੇ ਤੋਂ ਉਪਰ ਰਹਿਣ ਦੀ ਉਮੀਦ ਹੈ | ਐਮਪੀਸੀ ਦੀ ਅਗਲੀ ਮੀਟਿੰਗ 8 ਜੂਨ ਨੂੰ  ਪ੍ਰਸਤਾਵਿਤ ਹੈ ਅਤੇ ਵਿਸ਼ਲੇਸ਼ਕ ਰੈਪੋ ਦਰ ਵਿਚ 0.25 ਫ਼ੀ ਸਦੀ ਹੋਰ ਵਾਧੇ ਦੀ ਉਮੀਦ ਕਰ ਰਹੇ ਹਨ |     (ਏਜੰਸੀ)

ਡੱਬੀ
ਰੈਪੋ ਦਰ ਵਧਾਉਣ ਦੇ ਫ਼ੈਸਲੇ ਕਾਰਨ ਨਿਵੇਸ਼ਕਾਂ ਦੇ 6.27 ਲੱਖ ਕਰੋੜ ਰੁਪਏ ਡੁੱਬੇ
ਨਵੀਂ ਦਿੱਲੀ, 4 ਮਈ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਰੈਪੋ ਦਰ ਵਿਚ ਅਚਾਨਕ ਵਾਧੇ ਕਾਰਨ ਸਟਾਕ ਮਾਰਕੀਟ ਦੇ ਨਿਵੇਸ਼ਕਾਂ ਨੂੰ  ਬੁਧਵਾਰ ਨੂੰ  6.27 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ | ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਦੋ ਮਹੀਨਿਆਂ ਦੇ ਹੇਠਲੇ ਪੱਧਰ 'ਤੇ 1,306.96 ਜਾਂ 2.29 ਫ਼ੀ ਸਦੀ ਡਿੱਗ ਕੇ 55,669.03 ਅੰਕ 'ਤੇ ਬੰਦ ਹੋਇਆ | ਕਾਰੋਬਾਰ ਦੌਰਾਨ ਇਹ ਇਕ ਸਮੇਂ 'ਤੇ 1,474.39 ਅੰਕ ਹੇਠਾਂ ਚਲਾ ਗਿਆ ਸੀ |
ਬਾਜ਼ਾਰਾਂ 'ਚ ਗਿਰਾਵਟ ਦੌਰਾਨ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 6,27,359.72 ਕਰੋੜ ਰੁਪਏ ਘੱਟ ਕੇ 2,59,60,852.44 ਕਰੋੜ ਰੁਪਏ ਰਹਿ ਗਿਆ |        (ਏਜੰਸੀ)