ਕੈਂਸਰ ਕਾਰਨ ਇਕ ਲੱਤ ਗੁਆਉਣ ਦੇ ਬਾਵਜੂਦ 104 ਦਿਨ ਦੌੜ ਕੇ ਬਣਾਇਆ ਵਰਲਡ ਰਿਕਾਰਡ

ਏਜੰਸੀ

ਖ਼ਬਰਾਂ, ਪੰਜਾਬ

ਕੈਂਸਰ ਕਾਰਨ ਇਕ ਲੱਤ ਗੁਆਉਣ ਦੇ ਬਾਵਜੂਦ 104 ਦਿਨ ਦੌੜ ਕੇ ਬਣਾਇਆ ਵਰਲਡ ਰਿਕਾਰਡ

image

ਅਰੀਜ਼ੋਨਾ, 5 ਮਈ : 26 ਸਾਲ ਦੀ ਉਮਰ ’ਚ ਕੈਂਸਰ ਕਾਰਨ ਆਪਣੀ ਖੱਬੀ ਲੱਤ ਗੁਆਉਣ ਦੇ ਬਾਵਜੂਦ ਦਖਣੀ ਅਫ਼ਰੀਕਾ ਦੀ ਜੈਕੀ ਹੰਟ-ਬੋਰੇਸਮਾ ਨੇ ਹਿੰਮਤ ਨਹੀਂ ਹਾਰੀ ਅਤੇ 46 ਸਾਲ ਦੀ ਉਮਰ ਤਕ ਪਹੁੰਚ ਕੇ ਉਸ ਨੇ ਇਕ ਰਿਕਾਰਡ ਆਪਣੇ ਨਾਂ ਕਰ ਲਿਆ। ਜੈਕੀ ਨੇ ਮੱਧ ਜਨਵਰੀ ਤੋਂ ਲੈ ਕੇ ਪਿਛਲੇ ਐਤਵਾਰ ਤਕ 104 ਦਿਨਾਂ ’ਚ ਲਗਾਤਾਰ 104 ਮੈਰਾਥਨ ਦੌੜਨ ਦਾ ਅਨੋਖਾ ਕਾਰਨਾਮਾ ਕੀਤਾ ਹੈ। ਜੈਕੀ ਹਰ ਰੋਜ਼ ਪੰਜ ਘੰਟਿਆਂ ਵਿਚ 26 ਮੀਲ ਯਾਨੀ ਕਰੀਬ 42 ਕਿਲੋਮੀਟਰ ਦੌੜਦੀ ਹੈ। ਇਕ ਮੈਰਾਥਨ ਦੌੜ ਵਿਚ ਵੀ ਦੌੜਾਕਾਂ ਨੂੰ 42 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਇਸ ਪ੍ਰਾਪਤੀ ਦੇ ਨਾਲ ਜੈਕੀ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਆਪਣਾ ਦਾਅਵਾ ਦਰਜ ਕਰ ਲਿਆ ਹੈ। ਉਸ ਦੇ ਰਿਕਾਰਡ ਨੂੰ ਤਸਦੀਕ ਹੋਣ ਵਿਚ ਲਗਭਗ ਤਿੰਨ ਮਹੀਨੇ ਲੱਗਣਗੇ।
ਜੈਕੀ ਨੇ 2002 ਵਿਚ ਹੱਡੀਆਂ ਦੇ ਕੈਂਸਰ ਦੀ ਇਕ ਕਿਸਮ ਦੀ ਲਾਇਲਾਜ ਬਿਮਾਰੀ ‘ਈਵਿੰਗ ਸਾਰਕੋਮਾ’ ਕਾਰਨ ਆਪਣੀ ਖੱਬੀ ਲੱਤ ਗੁਆ ਦਿਤੀ ਸੀ। ਇਸ ਤੋਂ ਉਭਰਨ ਵਿਚ ਉਸ ਨੂੰ ਕਈ ਸਾਲ ਲੱਗ ਗਏ ਪਰ 2016 ਵਿਚ ਉਸ ਨੇ ਨਵੀਂ ਸ਼ੁਰੂਆਤ ਕੀਤੀ। ਜੈਕੀ ਸ਼ੁਰੂ ਵਿਚ ਸਿਰਫ 5 ਕਿਲੋਮੀਟਰ ਦੌੜਨ ਦੇ ਯੋਗ ਸੀ ਪਰ ਜਲਦੀ ਹੀ ਉਸਨੇ ਅਲਟਰਾਮੈਰਾਥਨ ਵਿਚ ਦੌੜਨਾ ਸ਼ੁਰੂ ਕਰ ਦਿਤਾ। ਜੈਕੀ ਦਾ ਜਨਮ ਦਖਣੀ ਅਫ਼ਰੀਕਾ ਵਿਚ ਹੋਇਆ ਸੀ ਅਤੇ ਉਸਦਾ ਪਾਲਣ ਪੋਸ਼ਣ ਇੰਗਲੈਂਡ ਅਤੇ ਨੀਦਰਲੈਂਡ ਵਿਚ ਹੋਇਆ ਸੀ। ਉਹ ਵਰਤਮਾਨ ਵਿਚ ਅਮਰੀਕਾ ਦੇ ਅਰੀਜ਼ੋਨਾ ਵਿਚ ਰਹਿੰਦੀ ਹੈ।     (ਏਜੰਸੀ)