Punjab Vidhan Sabha Special Session News: ਪਾਣੀ ਦੇ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਦੀਆਂ ਸੱਭ ਸਿਆਸੀ ਪਾਰਟੀਆਂ ਲਈ ਵੀ ਸਖ਼ਤ ਪ੍ਰੀਖਿਆ ਦੀ ਘੜੀ

Punjab Vidhan Sabha Special session today on water issue News in punjabi

 Punjab Vidhan Sabha Special session today on water issue News in punjabi : ਭਾਖੜਾ ਬੋਰਡ ਵਲੋਂ ਪੰਜਾਬ ਦੇ ਵਿਰੋਧ ਦੇ ਬਾਵਜੂਦ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦੇ ਕੀਤੇ ਫ਼ੈਸਲੇ ਬਾਅਦ ਦੋਹਾਂ ਸੂਬਿਆਂ ਦਰਮਿਆਨ ਛਿੜੇ ਪਾਣੀ ਦੇ ਯੁੱਧ ਬਾਅਦ ਸਿਆਸੀ ਬਿਆਨਬਾਜ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੋਵੇਂ ਸੂਬਿਆਂ ਦੀਆਂ ਸਰਕਾਰਾਂ ਵਲੋਂ ਸੱਦੀ ਸਰਬ ਪਾਰਟੀ ਮੀਟਿੰਗਾਂ ਵਿਚ ਆਪੋ ਅਪਣੇ ਰਾਜ ਲਈ ਪਾਰਟੀਆਂ ਵਲੋਂ ਸਿਆਸੀ ਵਖਰੇਵਿਆਂ ਤੋਂ ਉਤੇ ਉਠ ਕੇ ਦਿਖਾਈ ਇਕਜੁਟਤਾ ਬਾਅਦ ਟਕਰਾਅ ਦੀ ਸਥਿਤੀ ਬਣ ਚੁੱਕੀ ਹੈ। ਇਸ ਸਮੇਂ ਪੰਜਾਬ ਪੁਲਿਸ ਦੀ ਭਾਖੜਾ ਡੈਮ ਦੁਆਲੇ ਸਖ਼ਤ ਘੇਰਾਬੰਦੀ ਹੈ ਤਾਂ ਜੋ ਭਾਖੜਾ ਬੋਰਡ ਦਾ ਕੋਈ ਅਧਿਕਾਰੀ ਫ਼ੈਸਲੇ ਮੁਤਾਬਕ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਜੁਰਅਤ ਨਾ ਕਰੇ।

ਕੇਂਦਰੀ ਗ੍ਰਹਿ ਮੰਤਰਾਲੇ ਦੀ ਮੀਟਿੰਗ ਵਿਚ ਵੀ ਕੋਈ ਹੱਲ ਨਹੀਂ ਨਿਕਲਿਆ ਅਤੇ ਭਾਖੜਾ ਬੋਰਡ ਦੀ ਹੰਗਾਮੀ ਮੀਟਿੰਗ ਦਾ ਪੰਜਾਬ ਵਲੋਂ ਬਾਈਕਾਟ ਕੀਤੇ ਜਾਣ ਬਾਅਦ ਦੋਵੇਂ ਰਾਜਾਂ ਦਰਮਿਆਨ ਵਾਰ ਪਲਟਵਾਰ ਦਾ ਸਿਲਸਿਲਾ ਹੋਰ ਤੇਜ਼ ਹੋਇਆ ਹੈ। ਹੁਣ ਦੋਵੇਂ ਰਾਜਾਂ ਦੀਆਂ ਸੱਭ ਨਜ਼ਰਾਂ ਪੰਜਾਬ ਸਰਕਾਰ ਵਲੋਂ ਸਰਬ ਪਾਰਟੀ ਮੀਟਿੰਗ ਵਿਚ ਸਹਿਮਤੀ ਦੇ ਆਧਾਰ ਉਪਰ ਸੱਦੇ ਅੱਜ ਇਕ ਦਿਨ ਦੇ ਵਿਸ਼ੇਸ਼ ਸੈਸ਼ਨ ਉਪਰ ਟਿਕੀਆਂ ਹਨ। ਹਰਿਆਣਾ ਸਰਕਾਰ ਭਾਵੇਂ ਮਸਲੇ ਦਾ ਹੱਲ ਨਾ ਨਿਕਲਣ ਬਾਅਦ ਸੁਪਰੀਮ ਕੋਰਟ ਵਿਚ ਜਾਣ ਦੀ ਤਿਆਰੀ ਕਰ ਚੁੱਕੀ ਹੈ ਪਰ ਫ਼ਿਲਹਾਲ ਉਹ ਵੀ ਪੰਜਾਬ ਦੇ ਵਿਸ਼ੇਸ਼ ਸੈਸ਼ਨ ਵਲ ਦੇਖ ਰਹੀ ਹੈ ਕਿ ਉਥੇ ਕੀ ਮਤਾ ਪਾਸ ਹੁੰਦਾ ਹੈ। ਇਹ ਸੈਸ਼ਨ ਪੰਜਾਬ ਦੀਆਂ ਸਿਆਸੀ ਪਾਰਟੀਆਂ ਲਈ ਵੀ ਇਕ ਵੱਡੀ ਪਰਖ ਦੀ ਘੜੀ ਹੈ। 

ਦੇਖਣਾ ਹੋਵੇਗਾ ਕਿ ਸਰਬ ਪਾਰਟੀ ਮੀਟਿੰਗ ਵਿਚ ਬਣੀ ਏਕਤਾ ਬਰਕਰਾਰ ਰਹਿੰਦੀ ਹੈ ਜਾਂ ਕੋਈ ਹੋਰ ਬਖੇੜਾ ਪੈ ਜਾਵੇਗਾ। ਪਾਸ ਕੀਤੇ ਜਾਣ ਵਾਲੇ ਮਤੇ ਦੀ ਸ਼ਬਦਾਵਲੀ ਤੇ ਸ਼ਾਮਲ ਕੀਤੇ ਜਾਣ ਵਾਲੇ ਨੁਕਤਿਆਂ ’ਤੇ ਹੋਣ ਵਾਲੀ ਖੁਲ੍ਹੀ ਬਹਿਸ ਵੀ ਦਿਲਚਸਪ ਰਹੇਗੀ। ਭਾਜਪਾ ਦੇ ਸੂਬਾ ਪ੍ਰਧਾਨ ਜਾਖੜ ਨੇ ਵੀ ਭਾਵੇਂ ਸਰਬ ਪਾਰਟੀ ਮੀਟਿੰਗ ਵਿਚ ਪੰਜਾਬ ਦੇ ਹੱਕ ਵਿਚ ਡਟਵੀਂ ਹਮਾਇਤ ਦਿਤੀ ਹੈ ਪਰ ਹੁਣ ਦੇਖਣ ਵਾਲਾ ਹੋਵੇਗਾ ਕਿ ਵਿਧਾਨ ਸਭਾ ਵਿਚ ਭਾਜਪਾ ਦੇ ਦੋਵੇਂ ਵਿਧਾਇਕਾਂ ਦੀ ਸੁਰ ਕਿਸ ਤਰ੍ਹਾਂ ਦੀ ਰਹਿੰਦੀ ਹੈ। ਇਸ ਸੈਸ਼ਨ ਤੋਂ ਬਾਅਦ ਹਰਿਆਣਾ ਸਰਕਾਰ ਭਾਖੜਾ ਦਾ ਪਾਣੀ ਲੈਣ ਲਈ ਅਪਣਾ ਅਗਲਾ ਕਦਮ ਚੁੱਕੇਗੀ। ਹੋ ਸਕਦਾ ਹੈ ਕਿ ਹਰਿਆਣਾ ਵੀ ਪਹਿਲਾਂ ਵਿਸ਼ੇਸ਼ ਸੈਸ਼ਨ ਬੁਲਾ ਕੇ ਮਤਾ ਪਾਸ ਕਰਨ ਬਾਅਦ ਸੁਪਰੀਮ ਕੋਰਟ ਦਾ ਰੁਖ਼ ਕਰੇ।

ਹਰਿਆਣਾ ਸਰਕਾਰ ਤੇ ਉਥੋਂ ਦੀਆਂ ਪਾਰਟੀਆਂ ਹੁਣ ਭਾਖੜਾ ਡੈਮ ਦੁਆਲੇ ਪੰਜਾਬ ਪੁਲਿਸ ਦੀ ਘੇਰਾਬੰਦੀ ਚੁਕਣ ਤੇ ਡੈਮ ਨੂੰ ਕੇਂਦਰੀ ਫ਼ੋਰਸ ਹਵਾਲੇ ਕਰਨ ਦੀ ਮੰਗ ਕਰ ਰਹੀਆਂ ਹਨ। ਇਸ ਤਰ੍ਹਾਂ ਪੰਜਾਬ ਦਾ ਵਿਸ਼ੇਸ਼ ਸੈਸ਼ਨ ਬਹੁਤ ਅਹਿਮ ਹੈ। ਇਸ ਸੈਸ਼ਨ ਤੋਂ ਪਹਿਲਾਂ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਜਨ ਸੰਗਠਨ ਕੇਂਦਰੀ ਡੈਮ ਸੇਫ਼ਟੀ ਐਕਟ ਰੱਦ ਕਰਨ ਅਤੇ ਭਾਖੜਾ ਬੋਰਡ ਦਾ ਮੁਕੰਮਲ ਪ੍ਰਬੰਧ ਪੰਜਾਬ ਨੂੰ ਸੌਂਪੇ ਜਾਣ ਬਾਰੇ ਮਤਾ ਪਾਸ ਕਰਨ ਉਪਰ ਜ਼ੋਰ ਦੇ ਰਹੇ ਹਨ।

(For more news apart from  ' Punjab Vidhan Sabha Special session today on water issue News ' stay tuned to Rozana Spokesman)