ਕਾਂਗਰਸ ਦੀ ਖ਼ਾਲਸਾ ਦੀਵਾਨ ਸਿੰਘ ਸਭਾ ਦੀ ਪ੍ਰਧਾਨਗੀ 'ਤੇ ਅੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨੀਂ ਇੱਕ ਲੜਕੀ ਨਾਲ ਕਥਿਤ ਸਬੰਧਾਂ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਮੌਜੂਦਾ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੇ ਵੀ ਇਸ ...

Chief Khalsa Diwan

ਬਠਿੰਡਾ,ਪਿਛਲੇ ਦਿਨੀਂ ਇੱਕ ਲੜਕੀ ਨਾਲ ਕਥਿਤ ਸਬੰਧਾਂ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਮੌਜੂਦਾ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੇ ਵੀ ਇਸ ਸੰਸਥਾ ਦੀਆਂ ਚੋਣਾਂ ਜਿੱਤਣ ਲਈ ਆਗਾਮੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ।  ਇਸੇ ਕੜੀ ਤਹਿਤ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਖਾਲਸਾ ਦੀਵਾਨ ਸਿੰਘ ਸਭਾ ਦੇ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੀਤਾ ਨੰਬਰਦਾਰ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਗਿਆ।

ਸੂਬੇ ਦੇ ਵਿਤ ਮੰਤਰੀ ਤੇ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਇਸ ਸਬੰਧ ਵਿਚ ਕਰਵਾਏ ਇੱਕ ਵੱਡੇ ਸਮਾਗਮ ਦੌਰਾਨ ਅਕਾਲੀ ਦਲ ਦੇ ਕਈ ਪ੍ਰਵਾਰਾਂ ਨੇ ਪਾਰਟੀ ਨੂੰ ਅਲਵਿਦਾ ਆਖ਼ ਦਿੱਤੀ। ਕਾਂਗਰਸ ਦੇ ਸੂਤਰਾਂ ਮੁਤਾਬਕ ਇਹਨਾ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਾਉਣ ਵਿੱਚ ਉੱਘੇ ਟਰਾਂਸਪੋਰਟਰ ਪਿਰਥੀਪਾਲ ਸਿੰਘ ਜਲਾਲ ਤੇ ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰ ਚਮਕੌਰ ਸਿੰਘ ਮਾਨ ਨੇ ਵਿਸ਼ੇਸ਼ ਭੂਮਿਕਾ ਨਿਭਾਈ। 

ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਕਾਂਗਰਸ ਪਾਰਟੀ ਵਲੋਂ ਆਉਣ ਵਾਲੇ ਕੁੱਝ ਮਹੀਨਿਆਂ 'ਚ ਖ਼ਾਲਸਾ ਦੀਵਾਨ ਸਿੰਘ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਗੁਰਮੀਤ ਸਿੰਘ ਗੀਤਾ ਨੂੰ ਥਾਪੜਾ ਦਿੱਤਾ ਜਾਵੇਗਾ। ਹਾਲਾਂਕਿ ਕਾਂਗਰਸ ਦੇ ਵੱਡੇ ਆਗੂਆਂ ਨੇ ਅੱਜ ਦੀ ਸਮੂਲੀਅਤ 'ਚ ਅਜਿਹੇ ਕਿਸੇ 'ਸੌਦੇ' ਦੇ ਹੋਣ ਤੋਂ ਅਣਜਾਣਤਾ ਜਾਹਰ ਕੀਤੀ ਹੈ। ਉਧਰ ਅੱਜ ਇਸ ਸਬੰਧ ਵਿਚ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਕਤ ਪਰਿਵਾਰਾਂ ਨੂੰ ਸਿਰੋਪਾਓ ਭੇਂਟ ਕਰਕੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦੇਣ ਦਾ ਭਰੋਸਾ ਦਿਵਾਇਆ। 

 ਉਹਨਾਂ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਪ੍ਰਭਾਵਸ਼ਾਲੀ ਪਰਿਵਾਰਾਂ ਦਾ ਕਾਂਗਰਸ ਪਾਰਟੀ ਨਾਲ ਜੁੜਨਾ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਲਈ ਸ਼ੁਭ ਸੰਕੇਤ ਹੈ ਤੇ ਇਹ ਸ਼ਮੂਲੀਅਤ ਪੰਜਾਬ ਵਿੱਚ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ 'ਤੇ ਮੋਹਰ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪਿਛਲੇ 10 ਸਾਲ ਅਕਾਲੀ ਭਾਜਪਾ ਗਠਬੰਧਨ ਨੇ ਸੂਬੇ ਦੇ ਨੁਕਸਾਨ ਕੀਤਾ ਉਸ ਸੂਬੇ ਦੇ ਖਜਾਨੇ ਨੂੰ ਲੀਹ ਤੇ ਲਿਆਉਣ ਲਈ ਕਾਂਗਰਸ ਸਰਕਾਰ ਨੂੰ ਵੱਡੇ ਯਤਨ ਕਰਨੇ ਪੈ ਰਹੇ ਹਨ ਪਰ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਕਾਸਸ਼ੀਲ ਅਤੇ ਤਰੱਕੀ ਵਾਲੇ ਸੂਬਿਆਂ ਵਿੱਚ ਅੱਗੇ ਹੋਵੇਗਾ।

ਸਮਾਗਮ ਨੂੰ ਸ. ਬਾਦਲ ਤੋਂ ਇਲਾਵਾ ਉੱਘੇ ਟਰਾਂਸਪੋਰਟਰ ਪਿਰਥੀਪਾਲ ਸਿੰਘ ਜਲਾਲ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਇਕਬਾਲ ਸਿੰਘ ਚਹਿਲ, ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰ ਚਮਕੌਰ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਜਗਤਾਰ ਸਿੰਘ ਢਿੱਲੋਂ, ਸ.ਜਸਵੀਰ ਸਿੰਘ ਢਿੱਲੋਂ (ਦੋਵੇਂ ਓਐਸਡੀ ਵਿੱਤ ਮੰਤਰੀ) , ਕੇਕੇ ਅਗਰਵਾਲ, ਅਸ਼ੋਕ ਕੁਮਾਰ, ਅਰੁਣਜੀਤ ਮੱਲ, ਭੁਪਿੰਦਰ ਸਿੰਘ ਭੁੱਲਰ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਹਰਜੋਤ ਸਿੰਘ ਸਿੱਧੂ, ਹਰਪਾਲ ਸਿੰਘ ਬਾਜਵਾ, ਕੰਚਨਦੀਪ ਸਿੰਘ ਸਿੱਧੂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਸ਼ਹਿਰੀ ਹਾਜਰ ਸਨ।