ਰਾਮਪੁਰ ਦੇ ਕਿਸਾਨਾਂ ਨੇ ਹੱਟ 'ਤੇ ਦੁੱਧ ਵੇਚਿਆ, ਕੀਤੀ ਚੋਖੀ ਕਮਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਜੇਕਰ ਕਿਸਾਨ ਖੁਦ ਵੇਚਣ ਦਾ ਤਹੱਈਆ ਕਰ ਲਵੇ ਤਾਂ ਜਿਣਸ ਖੁਦ ਵੇਚਣ ਨਾਲ ਜਿਥੇ ਕਿਸਾਨ ਦੀ ਆਰਥਿਕਤਾ...

Farmers Selling Milk

ਦੋਰਾਹਾ, 4 ਜੂਨ (ਲਾਲ ਸਿੰਘ ਮਾਂਗਟ) : ਕਿਸਾਨ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਜੇਕਰ ਕਿਸਾਨ ਖੁਦ ਵੇਚਣ ਦਾ ਤਹੱਈਆ ਕਰ ਲਵੇ ਤਾਂ ਜਿਣਸ ਖੁਦ ਵੇਚਣ ਨਾਲ ਜਿਥੇ ਕਿਸਾਨ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਖਰੀਦਦਾਰ ਵੀ ਸਹੀ ਤੇ ਮਿਆਰੀ ਦੁੱਧ ਖਰੀਦ ਸਕੇਗਾ। ਇਹ ਸ਼ਬਦ ਹਲਕਾ ਪਾÂਲ ਦੇ ਸਭ ਤੋਂ ਵੱਡੇ ਪਿੰਡ ਰਾਮਪੁਰ ਦੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਗੁਨੀ ਨੇ ਸਪੋਕਸਮੈਨ ਨਾਲ ਗਲਬਾਤ ਕਰਦਿਆਂ ਕਹੇ।

ਉਨ੍ਹਾਂ ਕਿਹਾ ਕਿ ਜਦੋਂ ਫੈਕਟਰੀ ਜਾਂ ਉਦਯੋਗ ਅਪਣੇ ਤਿਆਰ ਸਮਾਨ ਨੂੰ ਅਪਣੇ ਰੇਟ 'ਤੇ ਵੇਚ ਸਕਦੇ ਹਨ ਤਾਂ ਕਿਸਾਨ ਨੂੰ ਅਪਣੀ ਜਿਣਸ ਦਾ ਮੁੱਲ ਲਾਉਣ ਦਾ ਹੱਕ ਮਿਲਣਾ ਚਾਹੀਦਾ ਹੈ। ਸਰਕਾਰਾਂ ਨੂੰ ਕਿਸਾਨੀ ਦੀ ਨਿਘਰਦੀ ਹਾਲਤ ਵੱਲ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਜਿਣਸ ਦੇ ਮੰਡੀਆਂ ਵਿਚ ਆਉਣ ਨਾਲ ਹੀ ਬਾਜ਼ਾਰ ਅੰਦਰ ਖਰੀਦੋ ਫ਼ਰੋਖਤ ਅਤੇ ਅਰਥਚਾਰਾ ਦੀ ਚਾਲ ਤੇਜ ਹੁੰਦੀ ਹੈ। ਕਿਸਾਨ ਜਥੇਬੰਦੀਆਂ ਵਲੋਂ ਦਸ ਦਿਨ ਮੰਡੀਆਂ ਵਿਚ ਜਿਣਸ ਨਾ ਵੇਚਣ ਦੀ ਦਿਤੀ ਕਾਲ ਦਾ ਅਸਰ ਅੱਜ ਚੌਥੇ ਦਿਨ ਵੀ ਦੇਖਣ ਨੂੰ ਮਿਲਿਆ। 

ਕਿਸਾਨਾਂ ਨੇ ਸ਼ਹਿਰਾਂ ਅੰਦਰ ਦੁੱਧ ਜਾਂ ਸਬਜ਼ੀ ਨਹੀ ਭੇਜੀ। ਰਾਮਪੁਰ ਦੇ ਕਿਸਾਨਾਂ ਨੇ ਵੇਰਕਾ ਡੇਅਰੀ ਦੇ ਬਾਹਰ ਹੱਟ ਲਾ ਕੇ ਅਪਣਾ ਦੁੱਧ ਵੇਚਿਆ ਅਤੇ ਚੋਖੀ ਕਮਾਈ ਕੀਤੀ। ਹੱਟ 'ਤੇ ਦੁੱਧ ਵੇਚਣ ਆਏ ਕਿਸਾਨ ਸਰਬਜੀਤ ਸਿੰਘ ਘੋਲਾ, ਛਿੰਦਰ ਸਿੰਘ, ਜੱਸੀ, ਗੁਰਵੀਰ ਸਿੰਘ, ਪਿੰਦਾਂ, ਗੁਰਨਾਮ ਸਿੰਘ ਆਦਿ ਨੇ ਕਿਹਾ ਕਿ ਡੇਅਰੀ ਤੇ 10.0 ਫੈਟ ਦਾ ਰੇਟ 52 ਰੁਪਏ ਪ੍ਰਤੀ ਕਿਲੋ ਮਿਲਦਾ ਹੈ। ਆਮ ਤੌਰ 'ਤੇ ਕਿਸਾਨਾਂ ਦੀ ਫੈਟ 6.0 ਜਾਂ 7.0 ਹੀ ਫੈਟ ਦੇ ਹਿਸਾਬ ਨਾਲ 40 ਰੁਪਏ ਕਿਲੋ ਰੇਟ 'ਤੇ ਵੇਚ ਕੇ ਸਬਰ ਕਰਨਾ ਪੈਂਦਾ ਹੈ।

ਹੱਟ ਤੇ ਕਿਸਾਨਾਂ ਨੇ ਡੇਅਰੀ ਦੀ ਲੋਕਲ ਸੇਲ ਰੇਟ ਦੇ ਹਿਸਾਬ ਨਾਲ 55 ਰੁਪਏ ਕਿਲੋ ਦੁੱਧ ਵੇਚਿਆ, ਖਰੀਦਦਾਰਾਂ ਨੇ ਵੀ ਸੰਤੁਸ਼ਟੀ ਜ਼ਾਹਰ ਕੀਤੀ ਕਿ ਉਨ੍ਹਾਂ ਨੂੰ ਦੁੱਧ ਮਿਆਰੀ ਤੇ ਤਾਜ਼ਾ ਮਿਲਿਆ। ਦੱਸਣਯੋਗ ਹੈ ਕਿ ਇਸ ਹੱਟ ਤੇ ਰੋਜ਼ਾਨਾ 15-20 ਕਿਸਾਨ ਸਵੇਰ, ਸ਼ਾਮ 4 ਕੁਇੰਟਲ ਦੁੱਧ ਵੇਚਣ ਲਈ ਆਉਂਦੇ ਹਨ। ਕਿਸਾਨਾਂ ਅੰਦਰ ਖੁਸ਼ੀ ਸੀ ਕਿ ਇਕ ਤਾਂ ਉਨ੍ਹਾਂ ਦਾ ਦੁੱਧ ਪੂਰੇ ਰੇਟ 'ਤੇ ਵਿਕਿਆ ਦੂਜਾ ਨਕਦ ਰਾਸ਼ੀ ਮਿਲਣ ਨਾਲ ਘਰ ਦੇ ਖਰਚੇ ਸੁਖਾਲੇ ਹੋਏ।