ਸਰਕਾਰੀ ਖ਼ਜ਼ਾਨੇ ਦਾ ਮੂੰਹ ਖੁਲ੍ਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿੱਤੀ ਸੰਕਟ ਦੀ ਸ਼ਿਕਾਰ ਪੰਜਾਬ ਸਰਕਾਰ ਨੇ ਨਵੇਂ ਬਣੇ ਕੈਬਨਿਟ ਮੰਤਰੀਆਂ ਦੇ ਦੌਲਤਖ਼ਾਨੇ (ਸੈਕਟਰ 39 ਸਥਿਤ ਸਰਕਾਰੀ ਬੰਗਲੇ) ਅਤੇ ਦਫ਼ਤਰ ਸਜਾਉਣ ਲਈ ...

Government Houses

ਚੰਡੀਗੜ੍ਹ,  ਵਿੱਤੀ ਸੰਕਟ ਦੀ ਸ਼ਿਕਾਰ ਪੰਜਾਬ ਸਰਕਾਰ ਨੇ ਨਵੇਂ ਬਣੇ ਕੈਬਨਿਟ ਮੰਤਰੀਆਂ ਦੇ ਦੌਲਤਖ਼ਾਨੇ (ਸੈਕਟਰ 39 ਸਥਿਤ ਸਰਕਾਰੀ ਬੰਗਲੇ) ਅਤੇ ਦਫ਼ਤਰ ਸਜਾਉਣ ਲਈ ਉਨ੍ਹਾਂ ਦੀ ਮੰਗ ਅੱਗੇ ਸਿਰ ਨਿਵਾ ਦਿਤਾ ਹੈ। ਪੈਸੇ ਦੀ ਘਾਟ ਕਾਰਨ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨ ਰੋਕਣ ਵਾਲੀ ਸਰਕਾਰ ਕੋਲ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਅਤੇ ਦਫ਼ਤਰਾਂ ਨੂੰ ਆਲੀਸ਼ਾਨ ਬਣਾਉਣ ਲਈ ਪੈਸੇ ਦੀ ਘਾਟ ਰਸਤੇ ਦੀ ਰੁਕਾਵਟ ਨਹੀਂ ਬਣਨ ਦਿਤੀ ਜਾ ਰਹੀ। ਆਮ ਰਾਜ ਪ੍ਰਬੰਧਕੀ ਵਿਭਾਗ ਰਾਹੀਂ 31 ਮਈ ਤਕ ਮੰਤਰੀਆਂ ਦੇ ਸ਼ਾਹੀ ਠਾਠ ਬਣਾਉਣ ਲਈ ਦੋ ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।

ਪਿਛਲੇ ਮਹੀਨੇ ਬਣਾਏ ਨਵੇਂ 9 ਕੈਬਨਿਟ ਮੰਤਰੀਆਂ ਨੂੰ ਚੰਡੀਗੜ੍ਹ ਦੇ ਸੈਕਟਰ 39 ਵਿਚ ਸਰਕਾਰੀ ਰਿਹਾਇਸ਼ ਅਤੇ ਸਿਵਲ ਸਕੱਤਰੇਤ ਵਿਚ ਦਫ਼ਤਰ ਅਲਾਟ ਕਰਨ ਤੋਂ ਬਾਅਦ ਬਹੁਤੇ ਮੰਤਰੀਆਂ ਨੇ ਦਫ਼ਤਰਾਂ ਨੂੰ ਸਜਾਉਣ ਅਤੇ ਨਵਾਂ ਫ਼ਰਨੀਚਰ ਰੱਖਣ ਦੀ ਮੰਗ ਕਰ ਦਿਤੀ ਸੀ। ਨਵੇਂ ਮੰਤਰੀਆਂ ਨੂੰ ਪੁਰਾਣੇ ਦਫ਼ਤਰ ਪਸੰਦ ਨਹੀਂ ਆ ਰਹੇ ਸਨ ਇਸ ਕਰ ਕੇ ਜ਼ਿਆਦਾਤਰ ਇਥੇ ਬੈਠ ਕੇ ਕੰਮ ਕਰਨ ਤੋਂ ਵੀ ਟਾਲਾ ਵੱਟਣ ਲੱਗੇ।

ਕੋਠੀਆਂ ਅਤੇ ਸਰਕਾਰੀ ਦਫ਼ਤਰਾਂ ਨੂੰ ਸਜਾਉਣ ਦਾ ਕੰਮ ਪੀਡਬਲਯੂਡੀ ਵਿਭਾਗ ਨੂੰ ਦਿਤਾ ਗਿਆ ਹੈ। ਘਰਾਂ ਅਤੇ ਦਫ਼ਤਰਾਂ ਨੂੰ ਸ਼ਾਹੀ ਰੂਪ ਦੇਣ ਦੀਆਂ ਹਦਾਇਤਾਂ ਆਮ ਰਾਜ ਪ੍ਰਬੰਧ ਵਿਭਾਗ ਜਾਰੀ ਕਰ ਰਿਹਾ ਹੈ। ਇਕ ਮੰਤਰੀ ਨੇ ਤਾਂ ਅਪਣੇ ਦਫ਼ਤਰ ਨੂੰ ਛੋਟਾ ਦਸ ਕੇ ਦਫ਼ਤਰ ਵਿਚਲੀ ਕੰਧ ਵੀ ਤੁੜਵਾ ਦਿਤੀ ਹੈ ਅਤੇ ਇਕ ਨਿਜੀ ਕਮਰਾ ਵੀ ਤਿਆਰ ਕਰਵਾ ਲਿਆ ਹੈ। ਇਹ ਪਤਾ ਲੱਗਾ ਹੈ ਕਿ ਦੂਜੇ ਕੈਬਨਿਟ ਮੰਤਰੀ ਵੀ ਰੀਸੋ ਦਫ਼ਤਰ ਨੂੰ ਛੋਟਾ ਦਸ ਕੇ ਕੰਧਾਂ ਤੁੜਵਾਉਣ ਦੀ ਮੰਗ ਕਰਨ ਲੱਗੇ ਹਨ। ਹੋਰ ਤਾਂ ਹੋਰ ਪੁਰਾਣੀਆਂ ਐਲਸੀਡੀਜ਼ ਅਤੇ ਏਸੀ ਵੀ ਉਤਾਰ ਕੇ ਨਵੇਂ ਲਗਵਾਏ ਜਾ ਰਹੇ ਹਨ।

ਸਾਬਕਾ ਪੀਡਬਲਯੂਡੀ ਮੰਤਰੀ ਰਜ਼ੀਆ ਸੁਲਤਾਨਾ ਦੇ ਦਫ਼ਤਰ ਵਿਚ ਵੀ ਭੰਨਤੋੜ ਕਾਂਗਰਸ ਦੀ ਸਰਕਾਰ ਬਣਨ ਤੋਂ ਇਕਦਮ ਬਾਅਦ ਸ਼ੁਰੂ ਹੋ ਗਈ ਸੀ। ਸਥਾਨਕ ਸਰਕਾਰ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਨਵਾਂ ਦਫ਼ਤਰ ਤਿਆਰ ਕਰਨ ਲਈ ਆਮ ਰਾਜ ਪ੍ਰਬੰਧ ਵਿਭਾਗ ਨੂੰ 35 ਤੋਂ 40 ਲੱਖ ਰੁਪਏ ਖ਼ਰਚ ਕਰਨੇ ਪਏ ਸਨ। ਦਫ਼ਤਰ ਨੂੰ 10 ਮਹੀਨੇ ਪਹਿਲਾਂ ਸਜਾਉਣ ਦੇ ਬਾਵਜੂਦ ਸਿੱਧੂ ਇਥੇ ਇਕ-ਅੱਧ ਗੇੜਾ ਹੀ ਲਾਇਆ ਹੈ। 

ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸਮੇਤ ਮੰਤਰੀਆਂ ਲਈ ਨਵੀਆਂ ਲਗਜ਼ਰੀ ਗੱਡੀਆਂ ਖ਼ਰੀਦਣ ਦਾ ਪ੍ਰਸਤਾਵ ਪਹਿਲਾਂ ਹੀ ਬੁਰੀ ਤਰ੍ਹਾਂ ਚਿਥਿਆ ਜਾ ਰਿਹਾ ਹੈ। 
ਸਬੰਧਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਆਈਏਐਸ ਦਾ ਕਹਿਣਾ ਹੈ ਕਿ ਘਰਾਂ ਅਤੇ ਦਫ਼ਤਰਾਂ ਨੂੰ ਆਲੀਸ਼ਾਨ ਨਹੀਂ ਬਣਾਇਆ ਜਾ ਰਿਹਾ ਸਗੋਂ ਜ਼ਰੂਰੀ ਕੰਮ ਹੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਰਾ ਕੰਮ ਆਮ ਰਾਜ ਪ੍ਰਬੰਧ ਵਲੋਂ ਅਲਾਟ ਕੀਤਾ ਗਿਆ ਹੈ ਅਤੇ ਪੀਡਬਲਯੂਡੀ ਵਿਭਾਗ ਤਾਂ ਸਿਰਫ਼ ਇਸ ਨੂੰ ਅਮਲ ਵਿਚ ਹੀ ਲਿਆ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਕੋਲ ਹਾਲੇ ਤਕ ਸਰਕਾਰੀ ਕੋਠੀ ਨਹੀਂ ਹੈ ਅਤੇ ਉਹ ਪੰਜਾਬ ਭਵਨ ਵਿਚ ਹੀ ਡੰਗ ਟਪਾਈ ਕਰ ਰਹੇ ਹਨ।