ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਲੁਟਿਆ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇੜਲੇ ਪਿੰਡ ਟਹਿਣਾ ਵਿਚ ਸਥਿਤ ਇੰਡਸਲੈਂਡ ਬੈਂਕ ’ਚੋਂ ਕਰੀਬ ਚਾਰ ਲੱਖ ਰੁਪਏ ਦੀ

File Photo

ਕੋਟਕਪੂਰਾ, 4 ਜੂਨ (ਗੁਰਿੰਦਰ ਸਿੰਘ): ਨੇੜਲੇ ਪਿੰਡ ਟਹਿਣਾ ਵਿਚ ਸਥਿਤ ਇੰਡਸਲੈਂਡ ਬੈਂਕ ’ਚੋਂ ਕਰੀਬ ਚਾਰ ਲੱਖ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਪੰਜ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਕਰਮਚਾਰੀਆਂ ਨੂੰ ਅੰਦਰ ਬੰਦ ਕਰ ਕੇ ਵਾਰਦਾਤ ਨੂੰ ਅੰਜ਼ਾਮ ਦਿਤਾ। ਇਸ ਤੋਂ ਇਲਾਵਾ ਲੁਟੇਰਿਆਂ ਨੇ ਬੈਂਕ ਦੀ ਕਰਮਚਾਰੀ ਨੂੰ ਪਿਸਤੌਲ ਦਿਖਾ ਕੇ ਉਸ ਕੋਲੋਂ ਸੋਨੇ ਦੀ ਚੇਨ ਅਤੇ ਮੁੰਦਰੀ ਵੀ ਲੁੱਟ ਲਈ। ਇਸ ਬੈਂਕ ਵਿਚ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ ਸਨ। ਪੁਲਿਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਦਾ ਕੰਮ ਸ਼ੁਰੂ ਕਰ ਦਿਤਾ ਹੈ ਅਤੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਹੈ। ਪੁਲਿਸ ਨੂੰ ਇਕ ਕੈਮਰੇ ਵਿਚ ਲੁਟੇਰਿਆਂ ਦੁਆਰਾ ਵਰਤੀ ਗਈ ਹੌਂਡਾ ਸਿਟੀ ਕਾਰ ਦਿਖਾਈ ਦਿਤੀ ਹੈ ਜਿਸ ਦੀ ਭਾਲ ਵਿਚ ਪੁਲਿਸ ਟੀਮਾਂ ਲੱਗੀਆਂ ਹੋਈਆਂ ਹਨ।

ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਕਰਮਚਾਰੀਆਂ ਨੇ ਦਸਿਆ ਕਿ ਬਾਅਦ ਦੁਪਹਿਰ ਕਰੀਬ ਇਕ ਵਜੇ ਚਾਰ ਪੰਜ ਨਕਾਬਪੋਸ਼ ਲੁਟੇਰਿਆਂ ਕੋਲ ਹਥਿਆਰ ਸਨ ਜੋ ਬੈਂਕ ਦੇ ਅੰਦਰ ਆ ਗਏ ਅਤੇ ਇਕ ਲੁਟੇਰੇ ਨੇ ਬੈਂਕ ਦਾ ਸ਼ਟਰ ਬਾਹਰੋਂ ਬੰਦ ਕਰ ਦਿਤਾ। ਇਸ ਤੋਂ ਬਾਅਦ ਬੈਂਕ ਵਿਚ ਤਾਇਨਾਤ ਤਿੰਨ ਵਿਅਕਤੀਆਂ ਨੂੰ ਪਿਸਤੌਲ ਦਿਖਾ ਕੇ ਬਾਥਰੂਮ ਵਿਚ ਬੰਦ ਕਰ ਦਿਤਾ। ਇਸ ਸਮੇਂ ਉਨ੍ਹਾਂ 3 ਲੱਖ 43 ਹਜ਼ਾਰ ਰੁਪਏ ਦੇ ਕਰੀਬ ਦੀ ਰਾਸ਼ੀ ਲੁੱਟ ਲਈ ਅਤੇ ਜਾਂਦੇ ਹੋਏ ਬਾਥਰੂਮ ਵਿਚ ਬੰਦ ਵਿਅਕਤੀਆਂ ਦੇ ਮੋਬਾਈਲ ਅਤੇ ਕੈਸ਼ੀਅਰ ਔਰਤ ਦੀ ਸੋਨੇ ਦੀ ਚੇਨ ਅਤੇ ਅੰਗੂਠੀ ਵੀ ਲੁੱਟ ਕੇ ਲੈ ਗਏ। ਲੁਟੇਰਿਆਂ ਨੇ ਕਿਰਪਾਨ ਨਾਲ ਦੋ ਕਰਮਚਾਰੀਆਂ ਨੂੰ ਜ਼ਖ਼ਮੀ ਵੀ ਕਰ ਦਿਤਾ। ਮੌਕੇ ’ਤੇ ਪਹੰਚੀ ਪੁਲਿਸ ਟੀਮ ਵਿਚ ਐਸਪੀ ਸੇਵਾ ਸਿੰਘ ਮੱਲੀ ਨੇ ਦਸਿਆ ਕਿ ਚਾਰ ਪੰਜ ਲੁਟੇਰਿਆਂ ਨੇ ਵਾਰਦਾਤ ਨੂੰ ਅੰਜ਼ਾਮ ਦਿਤਾ ਹੈ ਅਤੇ ਪੁਲਿਸ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਵਿਚ ਲੱਗ ਗਈ ਹੈ।